ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/46

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

4.

―――

ਸਭਿਆਚਾਰ ਦਾ ਵਿਸ਼ਲੇਸ਼ਣ


ਇਥੇ ਅਸੀਂ ਸਭਿਆਚਾਰ ਦੇ ਵਿਸ਼ਲੇਸ਼ਣ ਲਈ ਮੂਲ ਸਾਮਿਗਰੀ ਇਕੱਠੀ ਕਰਨ ਵਿਚ ਆਉਂਦੀਆਂ ਸਮੱਸਿਆਵਾਂ, ਵਰਤੀਆਂ ਜਾਂਦੀਆਂ ਵਿਧੀਆਂ ਅਤੇ ਹੋਰ ਕਠਿਨਾਈਆਂ ਦਾ ਜ਼ਿਕਰ ਨਹੀਂ ਕਰਾਂਗੇ। ਇਹ ਅਮਲੀ ਖੇਤਰ ਹੋਣ ਕਰਕੇ ਵਿਸ਼ੇਸ਼ੱਗਤਾ ਅਤੇ ਮੁਹਾਰਤ ਦੀ ਮੰਗ ਕਰਦਾ ਹੈ, ਜੋ ਕਿ ਮੁੱਢਲੀ ਜਾਣ-ਪਛਾਣ ਤੋਂ ਮਗਰੋਂ ਦੀ ਗੱਲ ਹੋਣ ਕਰਕੇ ਇਸ ਪੁਸਤਕ ਦੇ ਸੀਮਿਤ ਘੇਰੇ ਵਿਚ ਨਹੀਂ ਆਉਂਦਾ।

ਸਭਿਆਚਾਰ ਦੀ ਪਰਿਭਾਸ਼ਾ ਵਿਚ ਆਉਂਦੀਆਂ ਵਿਧੀ-ਮੂਲਕ ਸਮੱਸਿਆਵਾਂ ਸਭਿਆਚਾਰ ਦੇ ਵਿਸ਼ਲੇਸ਼ਣ ਵਿਚ ਵੀ ਪ੍ਰਗਟ ਹੁੰਦੀਆਂ ਹਨ। ਵੱਖੋ ਵੱਖਰੇ ਖੇਤਰਾਂ ਵਿਚਲੇ ਵਿਸ਼ੇਸ਼ੱਗ ਆਪੋ ਆਪਣੇ ਖੇਤਰ ਦੀ ਵਿਧੀ ਅਨੁਸਾਰ ਸਭਿਆਚਾਰ ਵਾ ਵਿਸ਼ਲੇਸ਼ਣ ਕਰਦੇ ਹਨ। ਇਸ ਦੇ ਨਾਲ ਹੀ, ਵਿਸ਼ਲੇਸ਼ਣ ਕਿਉਂਕਿ ਆਪਣੇ ਆਪ ਵਿਚ ਕੋਈ ਨਿਸ਼ਾਨਾ ਨਹੀਂ ਹੁੰਦਾ, ਸਗੋਂ ਕਿਸੇ ਨਿਸ਼ਾਨੇ ਲਈ ਇਕ ਸਾਧਨ ਹੁੰਦਾ ਹੈ, ਇਸ ਲਈ ਇਹ ਨਿਸ਼ਾਨਾ ਵੀ ਵਿਸ਼ਲੇਸ਼ਣ ਦੀ ਪ੍ਰਕਿਰਤੀ ਅਤੇ ਸੀਮਾ ਨਿਰਧਾਰਤ ਕਰਦਾ ਹੈ। ਹੇਠਾਂ ਅਸੀਂ ਉਹਨਾਂ ਮੁੱਖ ਵਿਸ਼ਲੇਸ਼ਣ-ਵਿਧੀਆਂ ਬਾਰੇ ਸੰਖੇਪ ਜਾਣਕਾਰੀ ਦੇਵਾਂਗੇ, ਜਿਹੜੀਆਂ ਹੁਣ ਤੱਕ ਅਪਣਾਈਆਂ ਗਈਆਂ ਹਨ।

ਸਭ ਤੋਂ ਪਹਿਲਾਂ ਅਸੀਂ ਉਸ ਵਿਸ਼ਲੇਸ਼ਣ-ਵਿਧੀ ਦੀ ਗੱਲ ਕਰ ਸਕਦੇ ਹਾਂ, ਜਿਹੜੀ 'ਸਭਿਆਕਾਰਕ ਵਸਤ' ਨੂੰ ਆਪਣੀ ਅਧਿਐਨ-ਇਕਾਈ ਮੰਨ ਕੇ ਤੁਰਦੀ ਹੈ। ਇਹ ਆਮ ਕਰਕੇ ਪੁਰਾਤੱਤਵ-ਵਿਗਿਆਨ ਦਾ ਤਰੀਕਾ ਕਿਹਾ ਜਾ ਸਕਦਾ ਹੈ। ਪੁਰਾਤੱਤਵ-ਵਿਗਿਆਨ ਨੇ, ਲਗਭਗ ਵੀਹ ਲੱਖ ਸਾਲ ਪਹਿਲਾਂ ਦੇ ਮਨੁੱਖ ਦੀ ਅਤੇ ਉਸ ਦੀਆਂ ਸਿਰਜਨਾਵਾਂ ਦੀ ਹੋਂਦ ਦਾ ਪਤਾ ਲਾਇਆ ਹੈ। ਪੂਰਵ-ਇਤਿਹਾਸਕ ਕਾਲ ਦੇ ਇਸ ਮਨੁੱਖ ਦੇ ਸ਼ਰੀਰਕ ਵਿਕਾਸ ਦਾ ਵੀ ਅਤੇ ਉਸ ਦੇ ਸਭਿਆਚਾਰਕ-ਬੌਧਕ ਵਿਕਾਸ ਦਾ ਵੀ ਪਤਾ ਉਹਨਾਂ ਵਸਤਾਂ ਤੋਂ ਲੱਗਦਾ ਹੈ, ਜਿਹੜੀਆਂ ਫ਼ਾਸਲ (ਪਥਰਾਏ) ਰੂਪ ਵਿਚ ਧਰਤੀ ਦੇ ਵੱਖ ਵੱਖ ਖਿੱਤਿਆਂ ਅਤੇ ਵੱਖ ਵੱਖ ਪੱਧਰਾਂ ਤੋਂ ਮਿਲੀਆਂ ਹਨ। ਇਹਨਾਂ ਵਿਚੋਂ ਸ਼ਰੀਰ ਦੇ ਵੱਖ ਵੱਖ ਹਿੱਸਿਆਂ ਦੀਆਂ ਹੱਡੀਆਂ (ਖੋਪਰੀ, ਜਬਾੜੇ, ਆਦਿ) ਤੋਂ ਸ਼ਰੀਰਕ ਵਿਕਾਸ ਦਾ ਪਤਾ

44