ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਧਾਰ ਰਹੇ ਹਨ। ਬੀਤੇ ਵਿਚੋਂ ਆਏ ਅੰਸ਼ ਜ਼ਰੂਰੀ ਨਹੀਂ ਐਸੈ ਹੀ ਹੋਣ ਜਿਨ੍ਹਾਂ ਨੂੰ ਅਸੀਂ ਸਮਾਂ ਵਿਹਾਅ ਚੁੱਕੇ ਕਹਿੰਦੇ ਹਾਂ, ਜਿਹੜੇ ਪ੍ਰਧਾਨ ਅੰਸ਼ਾਂ ਦੇ ਵਿਰੋਧ ਵਿਚ ਖੜੇ ਹੋਣ ਅਤੇ ਵਿਕਾਸ-ਮਾਰਗ ਉਤੇ ਪਿੱਛੇ ਵੱਲ ਨੂੰ ਲਿਜਾਂਦੇ ਹੋਣ ਭਾਵੇਂ ਐਸੇ ਅੰਸ਼ ਵੀ ਹੋ ਸਕਦੇ ਹਨ); ਕਿਉਂਕਿ ਅਜਿਹੀ ਸੂਰਤ ਵਿਚ ਗ਼ਾਲਬ ਸਭਿਆਚਾਰ ਇਹਨਾਂ ਅੰਸ਼ਾਂ ਤੋਂ ਜਲਦੀ ਤੋਂ ਜਲਦੀ ਮੁਕਤੀ ਪਾਉਣ ਦੀ ਕੋਸ਼ਿਸ਼ ਕਰੇਗਾ। ਜੋ ਬੀਤੇ ਦੇ ਕੁਝ ਅੰਸ਼ ਜਾਰੀ ਰਹਿ ਰਹੇ ਹਨ, ਤਾਂ ਇਸ ਦਾ ਮਤਲਬ ਹੈ ਕਿ ਉਹ ਗ਼ਾਲਬ ਕਦਰਾਂ-ਕੀਮਤਾਂ ਦੇ ਅਨੁਕੂਲ ਢਲ ਗਏ ਹਨ, ਜਾਂ ਉਹਨਾਂ ਦੇ ਪੂਰਕ ਹਨ, ਜਾਂ ਵਰਤਮਾਨ ਦੇ ਸੰਬੰਧ ਵਿਚ ਉਹ ਕੋਈ ਨਵੀਂ ਸਾਰਥਕਤਾ ਧਾਰਨ ਕਰ ਗਏ ਹਨ। ਵੈਸੇ ਵੀ, ਹਰ ਪੜਾਅ ਆਪਣੇ ਬੀਤੇ ਵਿਚੋਂ ਚੋਣ ਕਰ ਕੇ ਇਸ ਨੂੰ ਆਪਣੇ ਨਾਲ ਅੱਗੇ ਲਿਜਾਂਦਾ ਹੈ, ਜਿਸ ਨੂੰ ਪਰੰਪਰਾ ਦਾ ਅੰਸ਼ ਵੀ ਕਿਹਾ ਜਾਂਦਾ ਹੈ ਅਤੇ ਜਿਹੜਾ ਕਿਸੇ ਸਭਿਆਚਾਰ ਨੂੰ ਨਿਰੰਤਰਤਾ ਬਖ਼ਸ਼ਦਾ ਹੈ। ਜਿਸ ਤਰ੍ਹਾਂ ਬੀਤੇ ਦਾ ਸਾਰਾ ਕੁਝ ਹੀ ਰੱਦ ਨਹੀਂ ਹੋ ਜਾਂਦਾ, ਇਸੇ ਤਰ੍ਹਾਂ ਪੈਦਾ ਹੋ ਰਹੇ ਸਾਰੇ ਹੀ ਨਵੇਂ ਅੰਸ਼ ਜ਼ਰੂਰੀ ਨਹੀਂ ਸਵਾਗਤ ਕਰਨ ਯੋਗ ਹੋਣ। ਇਹਨਾਂ ਨਵੇਂ ਅੰਸ਼ਾਂ ਦਾ ਵੀ ਅੱਗੇ ਹੋਰ ਨਿਖੇੜ ਕੀਤਾ ਜਾ ਸਕਦਾ ਹੈ। ਇਹ ਅੰਸ਼ ਗ਼ਾਲਬ ਅੰਸ਼ਾਂ ਦੇ ਬਦਲ ਵਜੋਂ ਵੀ ਰੂਪ ਧਾਰ ਸਕਦੇ ਹਨ, ਜਿਸ ਸੂਰਤ ਵਿਚ ਇਹ ਗੁਣਾਤਮਕ ਤੌਰ ਉਤੇ ਵੱਖਰੇ ਹੋਣਗੇ ਅਤੇ ਗ਼ਾਲਬ ਅੰਸ਼ਾਂ ਦੇ ਵਿਰੋਧ ਵਿਚ ਵਿਕਾਸ ਕਰਨਗੇ; ਇਹ ਅੰਸ਼ ਗ਼ਾਲਬ ਕਦਰਾਂ-ਕੀਮਤਾਂ ਜਾਂ ਅੰਸ਼ਾਂ ਦਾ ਹੀ ਕੋਈ ਨਵਾਂ ਪੜਾਅ ਹੋ ਸਕਦੇ ਹਨ, ਜਿਵੇਂ ਖਿੰਡੀ ਹੋਈ ਸਰਮਾਇਦਾਰਾ ਮਾਲਕੀ ਤੋਂ ਅਜਾਰੇਦਾਰਾ ਮਾਲਕੀ ਦਾ ਪੜਾਅ: ਇਹ ਨਵੇਂ ਅੰਸ਼ ਗ਼ਾਲਬ ਅੰਸ਼ਾਂ ਦੇ ਘੇਰੇ ਦੇ ਅੰਦਰ ਹੀ ਵਿਰੋਧ ਨੂੰ ਪ੍ਰਗਟ ਕਰ ਸਕਦੇ ਹਨ, ਜਿਵੇਂ ਕਿ ਹਿੱਪੀ ਸਭਿਆਚਾਰ। ਸੋ ਉਪਰੋਕਤ ਸ਼ਰਤਾਂ ਵਿਚੋਂ ਹਰ ਇਕ ਵਿਚ ਨਵੇਂ ਅੰਸ਼ ਦੀ ਪ੍ਰਕਿਰਤੀ ਅਤੇ ਉਸ ਮੁਤਾਬਕ ਮੁਲੰਕਣ ਵੱਖ ਵੱਖ ਹੋਵੇਗਾ।

ਸਭਿਆਚਾਰ ਦਾ ਉਪਰੋਕਤ ਕਿਸਮ ਦਾ ਇਤਿਹਾਸਕ ਵਿਸ਼ਲੇਸ਼ਣ ਸੰਬੰਧਤ ਪੜਾਅ ਉੱਤੇ ਸਭਿਆਚਾਰ ਵਿਚਲੇ ਗ਼ਾਲਬ ਜਾਂ ਪ੍ਰਧਾਨ ਅੰਸ਼ (ਰਿਸ਼ਤੇ, ਵਿਚਾਰ, ਸੰਸਥਾਵਾਂ, ਕਦਰਾਂ-ਕੀਮਤਾਂ ਆਦਿ) ਨਿਖੇੜਣ ਤੋਂ ਤੁਰਦਾ ਹੈ, ਜਿਨ੍ਹਾਂ ਤੋਂ ਇਹ ਇਤਿਹਾਸਕ ਪੜਾਅ ਨੂੰ ਪਰਿਭਾਸ਼ਤ ਕਰਦਾ ਹੈ। ਇਹਨਾਂ ਗ਼ਾਲਬ ਅੰਸ਼ਾਂ ਨੂੰ ਕੇਂਦਰੀ ਸਥਾਨ ਦੇਂਦਿਆਂ, ਇਹਨਾਂ ਦੇ ਸੰਦਰਭ ਵਿਚ ਦੂਜਿਆਂ ਅੰਸ਼ਾਂ ਨੂੰ ਨਿਖੇੜਦਾ ਹੈ ਅਤੇ ਉਹਨਾਂ ਦਾ ਵਿਸ਼ਲੇਸ਼ਣ ਕਰਦਾ ਹੋਇਆ ਉਹਨਾਂ ਦਾ ਖ਼ਾਸਾ ਮਿਥਦਾ ਹੈ। ਇਸ ਤੋਂ ਪਹਿਲਾਂ ਦੀਆਂ ਸਾਰੀਆਂ ਵਿਸ਼ਲੇਸ਼ਣ-ਵਿਧੀਆਂ ਆਪਣੇ ਆਪ ਨੂੰ ਵਿਸ਼ਲੇਸ਼ਣ, ਵਰਣਨ ਅਤੇ ਵਿਆਖਿਆ ਤੱਕ ਸੀਮਿਤ ਰੱਖਦੀਆਂ ਹਨ, ਮੁਲੰਕਣ ਤੱਕ ਨਹੀਂ ਪੁੱਜਦੀਆਂ। ਪਰ ਇਹ 'ਇਤਿਹਾਸਕ ਪੜਾਅ' ਦੀ ਵਿਸ਼ਲੇਸ਼ਣ-ਵਿਧੀ ਆਪਣੇ ਆਪ ਨੂੰ ਸਿਰਫ਼ ਵਿਸ਼ਲੇਸ਼ਣ ਅਤੇ ਵਿਆਖਿਆ ਤੱਕ ਸੀਮਿਤ ਨਹੀਂ ਰੱਖਦੀ, ਸਗੋਂ ਮੁਲੰਕਣ ਵੀ ਕਰਦੀ ਹੈ। ਇਸ ਦੇ ਮੁਲੰਕਣ ਦਾ ਸੰਦਰਭ ਵੀ ਇਤਿਹਾਸਕ ਹੈ, ਕਿ ਕੋਈ ਅੰਸ਼ ਇਤਿਹਾਸਕ ਵਿਕਾਸ ਦੀ ਦਿਸ਼ਾ ਅਤੇ ਗਤੀ ਨਾਲ ਕੀ

53