ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/65

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਨਿਕਲ ਸਕਦਾ ਹੈ, ਜਿਸ ਨੂੰ ਅੰਗਰੇਜ਼ੀ ਵਿਚ 'ਅਸਿਮੀਲੇਸ਼ਨ' ਦਾ ਨਾਂਅ ਦਿੱਤਾ ਜਾਂਦਾ ਹੈ। ਇਹਨਾਂ ਦੋਹਾਂ ਉਪਰੋਕਤ ਸਿੱਟਿਆਂ ਦੇ ਵਿਚਕਾਰਲਾ ਵੀ ਇਕ ਸਿੱਟਾ ਹੋ ਸਕਦਾ ਹੈ, ਜਦੋਂ ਦੋਵੇਂ ਸਭਿਆਚਾਰ ਮਿਲ ਕੇ ਇਕ ਤੀਜੇ ਸਭਿਆਚਾਰ ਨੂੰ ਜਨਮ ਦੇ ਦੇਂਦੇ ਹਨ, ਜਿਸ ਵਿਚ ਦੋਹਾਂ ਦੇ ਹੀ ਅੰਸ਼ ਪਾਏ ਜਾਂਦੇ ਹਨ ਅਤੇ ਜਿਸ ਦੀ ਆਪਣੀ ਨਿਵੇਕਲੀ ਹਸਤੀ ਵੀ ਹੁੰਦੀ ਹੈ। ਭਾਰਤ ਵਿਚਲੀ ਭਗਤੀ ਲਹਿਰ ਨੂੰ ਇਸ ਤਰ੍ਹਾਂ ਦੇ ਸੰਸਲਿਸ਼ਤ ਸਭਿਆਚਾਰ ਵੱਲ ਨੂੰ ਇਕ ਯਤਨ ਦੱਸਿਆ ਜਾਂਦਾ ਹੈ। ਜੰਤੂ ਸਭਿਆਚਾਰ ਨੂੰ ਕਬੂਲ ਕਰ ਲੈਣਾ ਵੀ ਹਮੇਸ਼ਾ ਆਪਣੇ ਸਭਿਆਚਾਰ ਨੂੰ ਛੱਡ ਦੇਣਾ ਨਹੀਂ ਹੁੰਦਾ, ਸਗੋਂ ਉਸ ਦੇ ਵਿਰੋਧ ਨੂੰ ਖੁੰਡਿਆਂ ਕਰ ਕੇ ਆਪਣੇ ਸਭਿਆਚਾਰ ਨੂੰ ਬਚਾਈ ਰੱਖਣਾ ਹੁੰਦਾ ਹੈ। ਇਕ ਵਾਰੀ ਜੇਤੂ ਸਭਿਆਚਾਰ ਨੂੰ ਕਬੂਲ ਕਰ ਲੈਣਾ ਵੀ ਹਮੇਸ਼ਾ ਲਈ ਹਥਿਆਰ ਸੁੱਟ ਦੇਣਾ ਨਹੀਂ ਹੁੰਦਾ, ਸਗੋਂ ਸਮਾਂ ਪਾ ਕੇ ਇਸ ਦਾ ਵਿਰੋਧ ਹੋਰ ਉੱਗਰ ਰੂਪ ਵਿਚ ਮੁੜ ਕੇ ਜਾਗ ਸਕਦਾ ਹੈ। ਬਸਤੀਵਾਦੀ ਤਾਕਤਾਂ ਦੀ ਸੂਰਤ ਵਿਚ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਦੇਖਣ ਵਿਚ ਆਉਣਗਆਂ।

ਸਭਿਆਚਾਰੀਕਰਨ ਤੋਂ ਪੈਦਾ ਹੋਏ ਪਰਿਵਰਤਨ ਨੂੰ ਠੀਕ ਤਰ੍ਹਾਂ ਜਾਂਚਣ ਲਈ ਪੂਰੇ ਦੇ ਪੂਰੇ ਸੰਬੰਧਤ ਸਭਿਆਚਾਰਾਂ ਵਿਚ ਆਈਆਂ ਤਬਦੀਲੀਆਂ ਦਾ ਨਿਰੀਖਣ ਕਰਨਾ ਜ਼ਰੂਰੀ ਹੈ। ਸੰਕਲਪ ਦੀ ਪੱਧਰ ਉਤੇ ਇਹ ਸੰਭਵ ਹੈ, ਪਰ ਵਿਹਾਰਕ ਰੂਪ ਵਿਚ ਅਜੇ ਇਸ ਤਰ੍ਹਾਂ ਦੇ ਅਧਿਐਨ ਦੇਖਣ ਵਿਚ ਨਹੀਂ ਆਉਂਦੇ। ਆਮ ਤੌਰ ਉਤੇ ਕਿਸੇ ਇਕ ਅੰਸ਼, ਕਿਸੇ ਇਕ ਪੱਖ, ਕਿਸੇ ਇਕ ਸੰਸਥਾ, ਰਸਮ, ਵਿਸ਼ਵਾਸ ਆਦਿ ਨੂੰ ਲੈ ਕੇ ਇਹ ਅਧਿਐਨ ਕੀਤਾ ਜਾਂਦਾ ਹੈ। ਬਸਤੀਆਂ ਬਣੇ ਦੇਸ਼ਾਂ ਵਿਚ ਮੁੜ-ਸੁਰਜੀਤੀ ਦੀਆਂ ਧਾਰਮਿਕ ਜਾਂ ਸਭਿਆਚਾਰਕ ਲਹਿਰਾਂ ਸਭਿਆਚਾਰੀਕਰਨ ਦੇ ਅਮਲ ਦਾ ਹੀ ਸਿੱਟਾ ਹੁੰਦੀਆਂ ਹਨ, ਅਤੇ ਉਹਨਾਂ ਦਾ ਅਧਿਐਨ ਸਭਿਆਚਾਰੀਕਰਨ ਦੇ ਅਮਲ ਦਾ ਹੀ ਅਧਿਐਨ ਹੋ ਨਿੱਬੜਦਾ ਹੈ। ਭਾਰਤ ਦੀ ਉਦਾਹਰਣ ਵਿਚ, ਬ੍ਰਹਮੋ ਸਮਾਜ, ਆਰੀਆ ਸਮਾਜ, ਸਿੰਘ ਸਭਾ, ਅਲੀਗੜ੍ਹ ਲਹਿਰ ਆਦਿ ਦਾ ਅਧਿਐਨ ਆਪਣੇ ਸਮੇਂ ਸਭਿਆਚਾਰੀਕਰਨ ਦੇ ਚਲ ਰਹੇ ਅਮਲ ਦੇ ਵੱਖੋ-ਵੱਖਰੇ ਪੱਖਾਂ (ਕਬੂਲਣ ਜਾਂ ਵਿਰੋਧ ਕਰਨ) ਨੂੰ ਉਘਾੜੇਗਾ। ਸ਼ਖ਼ਸੀਅਤ ਦੇ ਅਧਿਐਨ ਵੀ ਇਸ ਵਿਚ ਆ ਜਾਂਦੇ ਹਨ। ਸਮਾਜ ਦੀ ਇਕਾਈ ਵਿਅੱਕਤੀ ਹੁੰਦਾ ਹੈ ਅਤੇ ਹਰ ਸਮਾਜਕ ਅਤੇ ਸਭਿਆਚਾਰਕ ਤਬਦੀਲੀ ਉਸ ਦੀ ਸ਼ਖ਼ਸੀਅਤ ਨੂੰ ਵੀ ਪ੍ਰਭਾਵਤ ਕਰਦੀ ਹੈ। ਸਭਿਆਚਾਰੀਕਰਨ ਦੇ ਅਮਲ ਦੇ ਅਸਰ ਹੇਠ ਵਿਅਕਤੀ ਦੀ ਸ਼ਖ਼ਸੀਅਤ ਵਿਚ ਹੋ ਰਹੇ ਪਰਿਵਰਤਨ ਦਾ ਅਧਿਐਨ ਕੀਤਾ ਜਾ ਸਕਦਾ ਹੈ। ਅੰਗਰੇਜ਼ਾਂ ਨਾਲ ਸੰਪਰਕ ਤੋਂ ਮਗਰੋਂ ਪੰਜਾਬੀ ਸ਼ਖ਼ਸੀਅਤ ਵਿਚ ਆਈਆਂ ਤਬਦੀਲੀਆਂ ਦਾ ਅਧਿਐਨ ਆਪਣੇ ਆਪ ਵਿਚ ਦਿਲਚਸਪ ਵਿਸ਼ਾ ਹੋ ਸਕਦਾ ਹੈ।

ਸ਼ਹਿਰੀਕਰਨ, ਮਸ਼ੀਨੀਕਰਨ, ਯੂਰਪੀਕਰਨ, ਪੱਛਮੀਕਰਨ, ਅਮਰੀਕੀਕਰਨ ਆਦਿ ਅੱਜ ਦੇ ਸੰਦਰਭ ਵਿਚ ਸਭਿਆਚਾਰੀਕਰਨ ਦੇ ਅਮਲ ਦੇ ਹੀ ਵੱਖੋ ਵੱਖਰੇ ਰੂਪ ਹਨ।

63