ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/82

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਚੱਲਣਾ ਮੁਸ਼ਕਲ ਹੋ ਜਾਂਦਾ ਹੈ।

ਧਰਮ ਦਾ ਪ੍ਰਤਿਮਾਨਕ ਪੱਖ ਕੇਵਲ ਪਰਾ-ਸੰਸਾਰ ਦੀਆਂ ਲੋੜਾਂ, ਪਾਪ-ਪੁੰਨ, ਜੁਰਮ-ਦੰਡ ਦੇ ਦ੍ਰਿਸ਼ਟੀਕੋਨ ਤੋਂ ਹੀ ਅਗਵਾਈ ਨਹੀਂ ਲੈਂਦਾ, ਸਗੋਂ ਇਸ ਦਿਸਦੇ ਸੰਸਾਰ ਵਿਚਲੇ ਜੀਵਨ ਦੀਆਂ ਲੋੜਾਂ ਨੂੰ ਵੀ ਆਪਣੇ ਘੇਰੇ ਵਿਚ ਲੈਂਦਾ ਹੈ ਜਿਵੇਂ ਸਬਰ, ਸੰਤੋਖ, ਸੰਜਮ, ਸੱਚ, ਈਮਾਨਦਾਰੀ, ਹਲੀਮੀ, ਬਰਾਬਰੀ, ਮਾਨਵਤਾ, ਪਿਆਰ ਆਦਿ ਨੂੰ। ਪਰ ਇਹਨਾਂ ਨੈਤਿਕ ਗੁਣਾਂ ਦੀ ਵਿਆਖਿਆ ਬਿਨਾਂ ਕਿਸੇ ਪਰਾ-ਪ੍ਰਕਿਰਤਕ ਹੋਂਦ ਦਾ ਹਵਾਲਾ ਦਿੱਤੇ ਦੇ, ਨਿਰੋਲ ਸਮਾਜਕ ਸੰਦਰਭ ਵਿਚ ਵੀ ਕੀਤੀ ਜਾ ਸਕਦੀ ਹੈ। ਇਸੇ ਕਰਕੇ ਧਰਮ ਅਤੇ ਨੈਤਿਕਤਾ ਨੂੰ ਸਮਾਨਾਰਥੀ ਨਹੀਂ ਸਮਝਿਆ ਜਾ ਸਕਦਾ, ਕਿਉਂਕਿ ਨੈਤਿਕ ਕਦਰਾਂ-ਕੀਮਤਾਂ ਉਹਨਾਂ ਲੋਕਾਂ ਦੀਆਂ ਵੀ ਹੁੰਦੀਆਂ ਹਨ, ਜਿਨ੍ਹਾਂ ਦਾ ਕਿਸੇ ਅਣਦਿਸਦੇ ਸੰਸਾਰ ਜਾਂ ਪਰਾ-ਪ੍ਰਕਿਰਤਕ ਹੋਂਦ ਵਿਚ ਵਿਸ਼ਵਾਸ ਨਹੀਂ ਹੁੰਦਾ।

ਸੰਸਾਰ-ਦ੍ਰਿਸ਼ਟੀਕੋਨ ਭਾਵੇਂ ਧਰਮ ਦਾ ਲਾਜ਼ਮੀ ਅੰਸ਼ ਹੈ, ਪਰ ਉਸ ਦੀ ਸੰਗਠਿਤ ਹੋਂਦ ਨੂੰ ਬਣਾਈ ਰੱਖਣ ਵਾਲੀਆਂ ਇਹ ਨੈਤਿਕ ਕਦਰਾਂ-ਕੀਮਤਾਂ ਹੀ ਹੁੰਦੀਆਂ ਹਨ, ਜਿਨ੍ਹਾਂ ਦੀ ਸਮਾਜਕ ਸਾਪੇਖਤਾ ਹੁੰਦੀ ਹੈ। ਉਸ ਸਮਾਜ ਵਿਚ ਵੀ, ਜਿਥੇ ਧਰਮ ਇੱਕੋ ਇੱਕ ਸੰਸਾਰ-ਦ੍ਰਿਸ਼ਟੀਕੋਨ ਹੁੰਦਾ ਹੈ, ਸਥਾਪਤ ਜਾਂ ਪ੍ਰਚਾਰੀਆਂ ਜਾਂਦੀਆਂ ਨੈਤਿਕ ਕਦਰਾਂ-ਕੀਮਤਾਂ ਅਤੇ ਇਹਨਾਂ ਉਪਰਲੇ ਅਮਲ ਵਿਚ ਆਈ ਤ੍ਰੇੜ ਧਾਰਮਕ ਸੰਗਠਨ ਨੂੰ ਤੋੜ ਕੇ ਰੱਖ ਦੇਂਦੀ ਹੈ। ਫਿਰ ਪੁਰਾਣੇ ਸੰਗਠਨ ਦਾ ਸੁਧਾਰ ਜਾਂ ਨਵੇਂ ਦੀ ਖੋਜ ਲਾਜ਼ਮੀ ਹੋ ਜਾਂਦੀ ਹੈ। ਧਰਮ ਦਾ ਇਤਿਹਾਸ ਇਹੋ ਜਿਹੀਆਂ ਤ੍ਰੇੜਾਂ, ਸੁਧਾਰਾਂ ਜਾਂ ਨਵੇਂ ਬਦਲਾਂ ਦੀਆਂ ਖੋਜਾਂ ਨਾਲੋਂ ਭਰਿਆ ਪਿਆ ਹੈ, ਜਿਵੇਂ ਰਾਜਾਂ ਦੇ ਬਣਨ, ਵਿਗਸਣ, ਵਿਗਠਣ, ਢਹਿਣ ਅਤੇ ਫਿਰ ਨਵੇਂ ਰਾਜ ਬਣਨ ਨਾਲ।

ਧਰਮ ਇਕ ਸਭਿਆਚਾਰਕ ਸੰਸਥਾ ਹੈ, ਜਿਹੜੀ ਹੋਰ ਹਰ ਸੰਸਥਾ ਵਾਂਗ ਜੀਵਨ ਦੇ ਵਿਸ਼ੇਸ਼ ਖੇਤਰ ਵਿਚ ਕਿਰਿਆਸ਼ੀਲ ਹੈ। ਇਹ ਖੇਤਰ ਅਨਿਸਚਿਤ, ਅਣਜਾਤੇ ਅਤੇ ਪਰਾ-ਲੌਕਿਕ ਸੰਸਾਰ ਦਾ ਖੇਤਰ ਹੈ। ਆਪਣੇ ਸੰਚਾਰ ਅਤੇ ਪ੍ਰਚਾਰ ਲਈ ਇਹ ਸੰਸਥਾ ਵੀ ਦੂਜੀਆਂ ਸਭਿਆਚਾਰਕ ਸਿਰਜਨਾਵਾਂ ਦਾ ਆਸਰਾ ਲੈਂਦੀ ਹੈ, ਜਿਵੇਂ ਕਿ ਸੰਗੀਤ, ਕਵਿਤਾ, ਚਿਤ੍ਰਕਾਰੀ, ਭਵਨ-ਨਿਰਮਾਣ ਕਲਾ, ਅਤੇ ਭਾਰਤੀ ਸੰਦਰਭ ਵਿਚ ਨਾਚ ਦਾ ਵੀ। ਆਦਿ-ਮਾਨਵ ਦੇ ਅਨੁਸ਼ਠਾਨਾਂ ਵਿਚ ਵੀ ਨਾਚ ਮਹੱਤਵਪੂਰਨ ਸਥਾਨ ਰੱਖਦਾ ਹੈ। ਇਹ ਸਾਰੀਆਂ ਸਭਿਆਚਾਰਕ ਸਿਰਜਨਾਵਾਂ ਆਪਣੀ ਰਚਨਾ ਅਤੇ ਨਿਰੰਤਰਤਾ ਲਈ ਧਰਮ ਉਤੇ ਓਨਾ ਹੀ ਨਿਰਭਰ ਕਰਦੀਆਂ ਰਹੀਆਂ ਹਨ, ਜਿੰਨਾ ਧਰਮ ਆਪਣੀ ਕਾਇਮੀ, ਸੰਚਾਰ ਅਤੇ ਪ੍ਰਚਾਰ ਲਈ ਇਹਨਾਂ ਉਪਰ ਨਿਰਭਰ ਕਰਦਾ ਰਿਹਾ ਹੈ। ਪਰ ਸਮਾਂ ਬੀਤਣ ਨਾਲ ਧਰਮ-ਨਿਰਪੇਖਤਾ ਇਹਨਾਂ ਸਿਰਜਨਾਵਾਂ ਦਾ ਲਾਜ਼ਮੀ ਅੰਸ਼ ਬਣਦੀ ਜਾ ਰਹੀ ਹੈ, ਜਦ ਕਿ ਧਰਮ ਦੀ ਇਹਨਾਂ ਉਪਰ ਨਿਰਭਰਤਾ ਉਸੇ ਤਰ੍ਹਾਂ ਕਾਇਮ ਹੈ, ਜੇ ਵਧੀ ਨਹੀਂ ਤਾਂ।

80