ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/87

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਹੈ। ਆਪਣਾ ਦੇਸ ਕਿਉਂ ਕਿਸੇ ਭਾਸ਼ਾ ਲਈ ਮਾਤ-ਭੂਮੀ ਹੈ ਅਤੇ ਕਿਸੇ ਲਈ ਪਿਤਾ-ਭੁਮੀ? ਚੰਨ ਅਤੇ ਤਾਰਾ ਕਿਉਂ ਪੰਜਾਬੀ ਵਿਚ ਪੁਲਿੰਗ ਹੈ, ਪਰ ਰੂਸੀ ਵਿਚ ਇਸਤ੍ਰੀ-ਲਿੰਗ? ਇਸੇ ਤਰ੍ਹਾਂ ਸੂਰਜ ਕਿਉਂ ਪੰਜਾਬੀ ਲਈ ਪੁਲਿੰਗ ਹੈ, ਪਰ ਰੂਸੀ ਲਈ ਨਿਪੁੰਸਕ ਲਿੰਗ? ਪੰਜਾਬੀ ਅਤੇ ਹੋਰ ਭਾਰਤੀ ਭਾਸ਼ਾਵਾਂ ਵਿਚ ਕਿਉਂ ਸਿਰਫ਼ ਦੋ ਹੀ ਲਿੰਗ ਹਨ, ਜਦ ਕਿ ਦੂਜੀਆਂ ਕਈ ਭਾਸ਼ਾਵਾਂ ਵਿਚ ਤਿੰਨ? ਪੰਜਾਬੀ ਅਤੇ ਅੰਗਰੇਜ਼ੀ ਵਿਚ ਕਿਉਂ ਸਿਰਫ਼ ਦੋ ਵਚਨ ਹਨ (ਇਕ ਅਤੇ ਬਹੁ) ਜਦ ਕਿ ਕਈ ਭਾਸ਼ਾਵਾਂ ਵਿਚ ਬਹੁਵਚਨ ਨੂੰ ਵੀ ਵੱਖ ਵੱਖ ਹੱਦਾਂ ਵਿਚ ਵੰਡਿਆ ਮਿਲਦਾ ਹੈ?

ਉਪਰੋਕਤ ਤੋਂ ਛੁੱਟ, ਵਾਕ ਵਿਚ ਸ਼ਬਦਾਂ ਦੀ ਚੋਣ, ਤਰਤੀਬ ਜਾਂ ਨਿਕਟਤਾ ਨੂੰ ਸਿਰਫ਼ ਵਿਆਕਰਣ ਹੀ ਨਿਸਚਿਤ ਨਹੀਂ ਕਰਦਾ, ਨਹੀਂ ਤਾਂ ਕਾਲੀ ਭੇਡ ਕਿਉਂ, ਚਿੱਟੀ ਭੇਡ ਕਿਉਂ ਨਹੀਂ? ਪਿਤਾ ਜੀ ਕਿਉਂ, ਪਿਉ ਜੀ ਕਿਉਂ ਨਹੀਂ? ਨਾਮ-ਪਾਤਰ ਕਿਉਂ ਉਪਨਾਮ-ਮਾਤਰ ਜਾਂ ਬੇਨਾਮ-ਮਾਤਰ ਕਿਉਂ ਨਹੀਂ? ਕਿਉਂ 'ਸੁੰਦਰੀ' ਦਾ ਇਕ-ਵਚਨ ਪੁਲਿੰਗ ਨਾਮ ਇਕ ਸ਼ਬਦ ਪੰਜਾਬੀ ਵਿਚ ਨਹੀਂ ਮਿਲਦਾ?

ਇਸ ਸਭ ਕੁਝ ਦੀ ਵਿਆਖਿਆ, ਕੁਦਰਤੀ ਤੌਰ ਉੱਤੇ, ਸਭਿਆਚਾਰਕ ਪ੍ਰਸੰਗ ਵਿਚ ਹੀ ਹੋ ਸਕਦੀ ਹੈ। ਇਸ ਲਈ ਵਿਆਕਰਣਕ ਪ੍ਰਵਰਗਾਂ ਵਿਚ ਵੀ ਅਕਸਰ ਸਭਿਆਚਾਰਕ ਭਾਵ ਲੁਕੇ ਹੋਏ ਹੁੰਦੇ ਹਨ, ਜਿਸ ਕਰਕੇ ਸਾਡਾ ਉਚਾਰ ਅਕਸਰ ਸਿਰਫ਼ ਵਰਨਣ ਹੀ ਨਹੀਂ ਹੁੰਦਾ, ਸਗੋਂ ਸਭਿਆਚਾਰਕ ਟਿੱਪਣੀ ਵੀ ਹੋ ਨਿੱਬੜਦਾ ਹੈ। ਇਹ ਵਿਚਾਰ ਨੂੰ ਸਿਰਫ਼ ਪੇਸ਼ ਹੀ ਨਹੀਂ ਕਰਦਾ, ਸਗੋਂ ਅਕਸਰ ਕਿਸੇ ਵਿਸ਼ੇਸ਼ ਢੰਗ ਨਾਲ ਵਿਚਾਰ ਪੇਸ਼ ਕੀਤੇ ਜਾਣ ਦੀ ਮਜਬੂਰੀ ਨੂੰ ਵੀ ਪੇਸ਼ ਕਰਦਾ ਹੈ, ਕਿਉਂਕਿ ਅਸੀਂ ਸ਼ਬਦਾਂ ਅਤੇ ਵਿਆਕਰਣਕ ਰੂਪਾਂ ਦੇ ਮਿਲਦੇ ਸਾਂਚਿਆਂ ਵਿਚ ਹੀ ਆਪਣੇ ਉਚਾਰ ਨੂੰ ਡੌਲਣਾ ਹੁੰਦਾ ਹੈ।

ਪਰ ਇਸ ਸਥਿਤੀ ਨੂੰ ਉਸ ਨਿਰਪੇਖ ਹੱਦ ਤੱਕ ਲੈ ਜਾਣਾ ਵੀ ਸ਼ਾਇਦ ਉਚਿਤ ਨਹੀਂ, ਜਿਸ ਹੱਦ ਤੱਕ ਦੇ ਅਮਰੀਕੀ ਮਾਨਵ-ਵਿਗਿਆਨੀ ਐਡਵਰਡ ਸਾਪੀਰ ਅਤੇ ਬੈਂਜਾਮਿਨ ਵ੍ਹੋਰਫ਼ ਲੈ ਜਾਂਦੇ ਹਨ। ਉਹਨਾਂ ਦੀ ਸਥਾਪਨਾ ਇਹ ਹੈ ਕਿ ਸ਼ਬਦ ਅਤੇ ਵਿਆਕਰਣ ਮਿਲ ਕੇ ਕਿਸੇ ਭਾਸ਼ਾ ਵਿਚ ਵਿਚਾਰਾਂ ਨੂੰ ਪ੍ਰਗਟ ਕਰਨ ਦਾ ਸਾਧਨ ਹੀ ਨਹੀਂ ਹੁੰਦੇ ਸਗੋਂ ਵਿਚਾਰਾਂ ਨੂੰ ਰੂਪ ਦੇਣ ਵਾਲੀ ਤਾਕਤ ਵੀ ਹੁੰਦੇ ਹਨ। ਇਹ ਕਿਸੇ ਵਿਅਕਤੀ ਦੀ ਮਾਨਸਿਕ ਸਰਗਰਮੀ ਲਈ, ਉਸ ਵੱਲੋਂ ਆਪਣੇ ਪ੍ਰਭਾਵਾਂ ਦੇ ਵਿਸ਼ਲੇਸ਼ਣ ਅਤੇ ਸੰਸਲੇਸ਼ਣ ਕਰਨ ਲਈ ਰਾਹ-ਦਿਖਾਵੇ ਦਾ ਕੰਮ ਵੀ ਕਰਦੇ ਹਨ। "ਅਸੀਂ ਪ੍ਰਕਿਰਤੀ ਦੀ ਪੁਣ-ਛਾਣ ਉਹਨਾਂ ਲੀਹਾਂ ਉਤੇ ਕਰਦੇ ਹਾਂ, ਜਿਹੜੀਆਂ ਲੀਹਾਂ ਸਾਡੀਆਂ ਮਾਤ-ਭਾਸ਼ਾਵਾਂ ਨੇ ਪਾਈਆਂ ਹੁੰਦੀਆਂ ਹਨ।"

ਉਪ੍ਰੋਕਤ ਸਥਾਪਨਾਵਾਂ ਖੜੋਤ ਦਾ ਸ਼ਿਕਾਰ ਹੋਏ ਆਦਿ-ਕਾਲੀਨ ਜਨ-ਸਮੂਹਾਂ ਦੇ ਪ੍ਰਸੰਗ ਵਿਚ ਤਾਂ ਠੀਕ ਹੋ ਸਕਦੀਆਂ ਹਨ, ਪਰ ਜੇ ਇਹਨਾਂ ਨੂੰ ਨਿਰਪੇਖ ਮੰਨ ਲਿਆ ਜਾਏ

85