ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਨੋ ਸੁਆਮੀ2 ਭਰੇ ਹੁੰਗਾਰਾ।
ਮਾਨ ਸਰੋਵਰ ਵਿਚੋਂ ਡਿਗਦੀ,
ਇਸ ਥਾਂ ਤੋ ਗੰਗਾ ਹੈ ਦਿੱਸਦੀ।
ਇਹ ਧਰਤੀ ਟੁਕੜੀ ਵਿਸਮਾਦੀ,
ਏਥੇ ਸੁਣਦੀ ਨਾਦ ਅਨਾਦੀ।
ਇਸ ਧਰਤੀ ਤੇ ਰੂਪ ਰੱਬ ਦਾ,
ਕਸ਼ਪ ਰਿਸ਼ੀ ਵੀ ਸੀ ਇਕ ਵਸਦਾ।
ਆਸ਼ਰਮ ਵੀ ਸੀ ਕਸ਼ਪ ਰਿਸ਼ੀ ਦਾ,
ਅਸਲੀ ਘਰ ਜਿਵੇਂ ਸ਼ਾਂਤੀ ਦਾ।
ਰਾਜੇ ਦੇ ਮਨ ਆਇਆ ਖਿਆਲ,
ਦਰਸ਼ਨ ਕਰ ਹੋਈਏ ਨਿਹਾਲ,
ਖਿੱਚੀਆਂ ਵਾਗਾਂ ਰੁਕ ਗਏ ਘੋੜੇ,
ਵਿਧਿ ਕੋਈ ਵਿਧੀ ਬਨਾਈ ਲੋੜੇ।
ਚੱਲ ਮਾਧਵ ਦਰਸ਼ਨ ਕਰ ਆਈਏ,
ਕੁਝ ਪਲ ਰੱਬ ਦੇ ਲੇਖੇ ਲਾਈਏ।
ਨਾਲ ਸਬੱਬ ਆਏ ਹਾਂ ਚੱਲ,
ਸ਼ਾਇਦ ਕੋਈ ਬਣ ਆਵੇ ਗੱਲ।
ਕੁਝ ਪਲ ਬਾਹਰ ਕਰ ਅਰਾਮ,
ਫੇਰ ਰਿਖੀ ਵੱਲ ਤੁਰੇ ਤਮਾਮ।
ਆਸ਼ਰਮ ਦਾ ਲੰਘੇ ਜਾ ਦੁਆਰ,
ਮਾਨੋ ਮਨ ਵਿਚ ਖਿੜੀ ਬਹਾਰ।
ਤਪਦੇ ਮਨ ਝੱਟ ਹੋਏ ਸ਼ਾਂਤ,
ਚਾਤ੍ਰਿਕ ਡਿੱਗੀ ਬੂੰਦ ਸੁਆਂਤਿ।
ਦੇਖ-ਦੇਖ ਆਭਾ ਆਸ਼ਰਮ ਦੀ,
ਤਪਸ਼ ਬੁਝੀ ਸੜਦੇ ਸੀਨਿਆਂ ਦੀ।
ਜਿਵੇਂ ਜਿਵੇਂ ਅੱਗੇ ਨੂੰ ਜਾਵਣ,
ਮਾਨੋ ਅੰਮ੍ਰਿਤਸਰ ਵਿਚ ਨ੍ਹਾਵਣ।
ਗੁੱਝੀ ਖੁਸ਼ੀ ਕੋਈ ਅਣ-ਆਈ,
ਰਾਜੇ ਦੇ ਮਨ ਵਿਚ ਚੜ੍ਹ ਆਈ।
ਮੈਨੂੰ ਮਾਧਵ ਇਉਂ ਅੱਜ ਭਾਏ,
ਜਿਵੇਂ ਹਾਂ ਸੁਰਗਪੁਰੀ ਚੱਲ ਆਏ।
ਏਥੇ ਮੋਰੀਂ ਲਾਈ ਰੁਣ ਝੁਣ,
ਅਨਹਦ ਨਾਦ ਦੀ ਸੁਣੇ ਸਹਿਜ ਧੁਨ।

ਸ਼ਕੁੰਤਲਾ॥131॥