ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਇਸ ਉਪਵਨ ਦੋ ਚੁਗਰਿਦੇ ਵਿਚ।
ਦੇਖੀਏ ਉਹ ਕਾਰਣ-ਕਰਨ ਕਿਵੇਂ,
ਇਹ ਦੁੱਖਾਂ ਦੇ ਦਿਨ ਕੱਟਦਾ ਹੈ।
ਇਥੇ ਲੀਲਾਧਾਰ ਦੀ ਲੀਲਾ ਦਾ,
ਦੇਖੀਏ ਜੋ ਨਾਇਕ ਨਟਦਾ ਹੈ।

(ਉਸ ਸਮੇਂ ਦਾ ਚੱਕਰਵਰਤੀ ਰਾਜਾ, ਦੁਸ਼ਿਅੰਤ, ਸਬੱਬ ਨਾਲ ਇਸ ਉਪਵਨ ਵਿਚ ਸ਼ਿਕਾਰ ਲਈ ਆਉਂਦਾ ਹੈ, ਕਣਵ ਦੇ ਆਸ਼ਰਮ ਦਾ ਇਕ ਮ੍ਰਿਗ ਦਾ ਬੱਚਾ ਜੋ ਬੇਖੋਫ ਵਣ ਵਿਚ ਫਿਰ ਰਿਹਾ ਹੈ, ਰਾਜੇ ਦੇ ਨਜ਼ਰੀ ਪੈਂਦਾ ਹੈ। ਉਹ ਮ੍ਰਿਗ ਦਾ ਬੱਚਾ ਇੰਨਾ ਨਿਧੜਕ ਸੀ ਕਿ ਰਾਜੇ ਦੇ ਰਥ ਦੇ ਪਹੀਆਂ ਦੇ ਸ਼ੋਰ ਅਤੇ ਘੋੜਿਆਂ ਦੇ ਪੋੜਾਂ ਦੇ ਖੜਕੇ ਆਦਿ ਦਾ ਉਸ ਉਪਰ ਮਾਨੋਂ ਕੋਈ ਅਸਰ ਹੀ ਨਹੀਂ ਸੀ। ਰਾਜਾ ਉਸਦੀ ਨਿਡੱਰਤਾ ਦੇਖ ਕੇ ਹੈਰਾਨ ਹੋ ਗਿਆ ਅਤੇ ਉਸਨੇ ਆਪਣੇ ਰਥਵਾਨ ਨੂੰ ਮ੍ਰਿਗ ਦਾ ਪਿੱਛਾ ਕਰਨ ਲਈ ਹੁਕਮ ਦਿੱਤਾ ਹੈ।)


ਰਾਜਾ


ਰਥ ਮੋੜ ਸਾਰਥੀ ਏਧਰ ਨੂੰ,
ਤੱਕ ਮਨਮੋਹਣਾ ਉਹ ਮ੍ਰਿਗ ਬੜਾ।
ਕਿੰਨਾ ਨਿੱਧੜਕ, ਬੇਝਕ ਹੋ ਕੇ,
ਇਹ ਸਾਥੋਂ ਬੇਡਰ ਹੋ ਖੜਿਆ।
ਸੁੰਦਰ ਹੈ, ਪਰ ਗੁਸਤਾਖੀ ਲਈ,
ਮੈਨੂੰ ਇਸਤੇ ਗੁੱਸਾ ਚੜ੍ਹਿਆ।
ਇਸਨੇ ਮੇਰੇ ਬਾਹੂ-ਬਲ ਦਾ,
ਦਿੱਤਾ ਹੈ ਜਿਵੇਂ ਮਖੌਲ ਉੜਾ।

ਰਥਵਾਨ


ਮਹਾਰਾਜ! ਮ੍ਰਿਗ ਇਹ ਆਸ਼ਰਮ ਦੇ,
ਤੌਹੀਨ ਤੁਹਾਡੀ ਕਰਦੇ ਨਹੀਂ।
ਕੋਈ ਇਧਰ ਸ਼ਿਕਾਰੀ ਨਹੀਂ ਆਉਂਦਾ,
ਇਸ ਲਈ ਇਹ ਸਾਥੋਂ ਡਰਦੇ ਨਹੀਂ।

ਸ਼ਕੁੰਤਲਾ