ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਆਸ਼ਰਮ ਵਿਚ ਸੂਰਾ ਕੁਲਵੰਤ।
ਚਲ ਆਇਆ ਰਾਜਾ ਦੁਸ਼ਿਅੰਤ।
ਤੇਜਸਵੀ ਦੁਸ਼ਿਅੰਤ ਦਾ ਨਾਮ।
ਸੁਣ ਰਾਖ਼ਸ਼ ਭੱਜ ਗਏ ਤਮਾਮ।
ਪੂਰਾ ਹੋਣ' ਚ ਹਾਲੇ ਜੱਗ।
ਕਈ ਦਿਵਸ ਜਾਣੇ ਨੇ ਲੱਗ।
ਆਸ਼ਰਮ ਦੇ ਵਿਚ ਕਰੋ ਮੁਕਾਮ।
ਕੁਝ ਦਿਨ ਏਥੇ ਕਰੋ ਆਰਾਮ।
ਆਖਿਆ ਤਪੀਆਂ ਰਾਜੇ ਤਾਈਂ।
ਰਾਜਾ ਮੰਨਿਆ ਚਾਈਂ-ਚਾਈਂ।

ਨਫਰਾਂ ਤੰਬੂ ਆਣ ਸਜਾਏ।
ਆਸ਼ਰਮ ਦੇ ਵਿਚ ਡੇਰੇ ਲਾਏ।
ਲੱਗਾ ਹੋਣ ਹਵਨ ਦਾ ਜਾਪ।
ਏਧਰ ਵਧਦਾ ਜਾਏ ਮਿਲਾਪ।
ਓਧਰ ਜੰਗ ਦੀ ਚੱਲੇ ਰੀਤੀ।
ਏਧਰ ਵੱਧਦੀ ਜਾਏ ਪ੍ਰੀਤੀ।
ਓਧਰ ਹਵਨ’ਚ ਪਵੇ ਅਹੂਤੀ।
ਏਧਰ ਇਸ਼ਕ ਨੂੰ ਲੱਗੇ ਲੂਤੀ।
ਓਧਰ ਕੇਸਰ ਕੁਸਮ ਸੁਗੰਧੀ।
ਏਧਰ ਮਹਿਕ ਇਸ਼ਕ ਨੇ ਵੰਡੀ।
ਧੂਫ ਸਮੱਗਰੀ ਹੋਏ ਤਿਆਰ।
ਏਧਰ ਗੁੜ੍ਹਾ ਹੋਏ ਪਿਆਰ।
ਓਧਰ ਹਵਨ ਚੋਂ ਨਿਕਲਣ ਲਾਟਾਂ।
ਏਧਰ ਪਿਆਰ ਮੁਕਾਵੇਂ ਵਾਟਾ।
ਓਧਰ ਰਾਖ਼ਸ਼ ਭੱਜ-ਭੱਜ ਜਾਵਣ।
ਏਧਰ ਨੇੜ-ਨੇੜ ਦਿਲ ਆਵਣ।
ਓਧਰ ਓਮ-ਓਮ ਦਾ ਜਾਪ।
ਏਧਰ ਇਸ਼ਕ ਚੜ੍ਹਾਇਆ ਤਾਪ।
ਓਧਰ ਪਰਮ ਪੁਰਖ ਦੀ ਬਾਣੀ।
ਏਧਰ ਚਲੇ ਇਸ਼ਕ ਕਹਾਣੀ।
ਓਧਰ ਰਾਮ ਨਾਮ ਰੰਗ ਚੜ੍ਹਿਆ।
ਏਧਰ ਨਾਗ ਇਸ਼ਕ ਦਾ ਲੜਿਆ।

ਸ਼ਕੁੰਤਲਾ॥70॥