ਸਮੱਗਰੀ 'ਤੇ ਜਾਓ

ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/14

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਨਾ ਇਨ੍ਹਾਂ ਨੂੰ ਕਿਸੇ ਕਾਪੀ ਤੇ ਲਿਖ ਲਵਾਂ...." ਉਸ ਦੀ ਅੰਦਰਲੀ ਆਵਾਜ਼ ਨੇ ਕਾਪੀ ਤੇ ਕਲਮ ਉਹਦੇ ਹੱਥ ਫੜਾ ਦਿੱਤੀ।

ਹੁਣ ਉਹਦੇ ਚੇਤਿਆਂ ਵਿਚ ਬਚਪਨ ਘੁੰਮਣ ਲੱਗਾ। ਆਟਾ ਪੀਂਹਦੀ ਤੇ ਚਰਖਾ ਕੱਤਦੀ ਬੇਬੇ ਤੇ ਨਾਲ਼ ਹੀ ਗੁਣਗੁਣਾਉਂਦੀ ਕਿਸੇ ਲੋਕ-ਗੀਤ ਦੀਆਂ ਸਤਰਾਂ। ਤਾਈ ਪੰਜਾਬ ਕੌਰ ਪੀਹੜੀ ਤੇ ਬੈਠੀ ਅਟੇਰਨ ਟੇਰਦੀ, ਵੇਲਣੇ ਤੇ ਕਪਾਹ ਵੇਲਦੀ ਅਤੇ ਧਾਰਾਂ ਕੱਢਦੀ ਬਿਰਹਾ ਦਾ ਗੀਤ ਗਾਉਂਦੀ ਤੇ ਹਵਾਵਾਂ ਨੂੰ ਦੰਦਲਾਂ ਪੈ ਪੈ ਜਾਂਦੀਆਂ ਕਿਉਂਕਿ ਤਾਇਆ ਰਣ ਸਿੰਘ ਵਿਸ਼ਵ ਯੁੱਧ ਵਿਚ ਪਰਦੇਸਾਂ 'ਚ ਜੂਝ ਰਿਹਾ ਸੀ। ਹਲਟ ਹੱਕਦਿਆਂ, ਨੱਕੇ ਮੋੜਦਿਆਂ ਬਾਪੂ ਦੀਆਂ ਹੇਕਾਂ ਹਿੱਕ ਵਿਚ ਧਸਦੀਆਂ ਰਹੀਆਂ। ਵਿਆਹਾਂ, ਮੰਗਣਿਆਂ 'ਤੇ ਔਰਤਾਂ ਦਾ ਗੀਤ ਗਾਉਣਾ, ਆਪਣੇ ਹੀ ਰੁਦਨ ਨੂੰ ਆਵਾਜ਼ ਦੇਣੀ, ਬੋਲੀਆਂ ਦਾ ਕਬੂਤਰ ਵਾਂਗ ਫੜ-ਫੜਾਕੇ ਉੱਡਣਾ ਉਹਦੇ ਚੇਤਿਆਂ 'ਚ ਮੂਕ ਇਤਿਹਾਸ ਦੇ ਬਾਬ ਬਣਦੇ ਰਹੇ।

ਤੇ ਸੁਖਦੇਵ ਨੇ ਇਕ ਸਾਲ ਵਿਚ ਵੱਡੇ ਅਕਾਰ ਦੀ ਕਾਪੀ ਉੱਤੇ 1231 ਲੋਕ-ਗੀਤ ਉਤਾਰ ਲਏ। ਸਫ਼ਰ ਫਿਰ ਵੀ ਜਾਰੀ, ਅਗਲੀ ਕਾਪੀ ਸ਼ੁਰੂ ਹੋਈ....ਭਰੀ ਗਈ....ਸ਼ਫ਼ਰ ਫਿਰ ਵੀ ਜਾਰੀ।

ਉਹ ਕਹਿੰਦਾ ਇਹ ਗੌਣ ਸਦੀਆਂ ਪੁਰਾਣੇ ਪੰਜਾਬ ਦੇ ਸਮਾਜਿਕ ਇਤਿਹਾਸ ਦੀਆਂ ਬਾਤਾਂ ਪਾਉਂਦੇ ਨੇ। ਜਿਹੜੀ ਦੁੱਖਾਂ ਭਰੀ ਤੇ ਔੜਾਂ ਮਾਰੀ ਜ਼ਿੰਦਗੀ ਪੰਜਾਬ ਦੀ ਔਰਤ ਨੇ ਭੋਗੀ ਹੈ, ਇਹ ਉਸ ਦਾ ਇਤਿਹਾਸਕ ਦਸਤਾਵੇਜ਼ ਹਨ। ਆਪਣੀ ਵੇਦਨਾ ਨੂੰ ਬਿਆਨ ਕਰਦੇ ਇਹਨਾਂ ਗੀਤਾਂ ਨੂੰ ਔਰਤ ਨੇ ਖ਼ੁਦ ਸਿਰਜਿਆ ਹੈ। ਆਪਣਾ ਖੂਨ ਸਿੰਜ ਸਿੰਜ ਕੇ। ਇਹ ਉਸ ਦੀ ਧੁਰ ਅੰਦਰੋਂ ਨਿਕਲ਼ੀ ਵਿਲਕਣੀ ਦੀਆਂ ਹੂਕਾਂ ਹਨ। ਧੂਹ ਪਾਉਂਦੀਆਂ ਦਿਲ਼ ਦੀਆਂ ਆਵਾਜ਼ਾਂ। ਜਦੋਂ ਉਹ ਇਹਨਾਂ ਨੂੰ ਸੁਰ ਵਿਚ ਗਾਉਂਦੀਆਂ ਹਨ ਤਾਂ ਚਾਰੇ ਬੰਨੇ ਸਿਸਕੀਆਂ ਤੇ ਹਉਕੇ ਸੁਣਾਈ ਦਿੰਦੇ ਹਨ।

ਮਾਦਪੁਰੀ ਦਾ ਪਹਿਲਾ ਲੇਖ ਨਵੰਬਰ-ਦਸੰਬਰ 1954 ਦੇ 'ਪੰਜਾਬੀ ਦੁਨੀਆਂ' ਵਿਚ ਛਪਿਆ। ਪਿਆਰਾ ਸਿੰਘ ਪਦਮ ਦਾ ਪਹਿਲਾ ਥਾਪੜਾ ਕੰਧੇ ਤੇ ਆਣ ਟਿਕਿਆ। ਉਦੋਂ ਇਸ ਸਿਰੜੀ ਦੀ ਉਮਰ ਮਸਾਂ 20 ਸਾਲ ਦੀ ਸੀ। ਫਿਰ ਇਕ ਗੀਤ ਬਾਰੇ ਤਬਸਰਾ 'ਜਾਗ੍ਰਤੀ' ਵਿਚ ਛਪਿਆ। ਦੂਜਾ ਥਾਪੜਾ ਕੁਲਵੰਤ ਸਿੰਘ ਵਿਰਕ ਨੇ ਜਨਵਰੀ 1955 ਵਿਚ ਦਿੱਤਾ। ਫਿਰ ਤਾਂ ਸਿਰੜੀ ਦੀ ਤੋਰ ਤੂਫ਼ਾਨ ਬਣ ਗਈ। ਹਿੱਕੜੀ 'ਚ ਉਤਸ਼ਾਹ, ਨੈਣਾਂ 'ਚ ਕਰ ਗੁਜ਼ਰਨ ਦੀ ਰੀਝ, ਕਲਮ ਨੂੰ ਸੇਧ ਮਿਲ਼ ਗਈ, ਫਿਰ ਗੀਤਾਂ ਦੇ ਨਾਲ਼ ਨਾਲ਼ ਲੋਕ ਕਹਾਣੀਆਂ, ਲੋਕ ਬੁਝਾਰਤਾਂ, ਅਖਾਣਾਂ, ਅਲੋਪ ਹੋ ਰਹੀਆਂ ਵਿਰਾਸਤੀ ਖੇਡਾਂ, ਬਾਲ-ਸਾਹਿਤ ਦੀ ਸਿਰਜਣਾ ਕਿੰਨੇ ਹੀ ਫਰੰਟ, ਉਸ ਦੇ ਸਾਹਮਣੇ ਖੁੱਲ੍ਹ ਗਏ। ਉਹ ਹਰ ਫਰੰਟ ਤੇ ਮੱਲਾਂ ਮਾਰਦਾ ਰਿਹਾ। ਜੇ ਹੁਣ ਉਹਦਾ ਸੰਦੂਕ ਫਰੋਲੀਏ ਤਾਂ:-

ਲੋਕ ਗੀਤਾਂ ਦੀਆਂ- 9 ਪੁਸਤਕਾਂ
ਲੋਕ ਕਹਾਣੀਆਂ ਦੀਆਂ- 5

12/ ਸ਼ਗਨਾਂ ਦੇ ਗੀਤ