ਸਾਂਝੀ ਦੇ ਗੀਤ
ਸਾਂਝੀ ਮਾਈ ਜਾਂ ਸਾਂਝੀ ਦੇਵੀ ਕੁੜੀਆਂ ਦਾ ਦੁਸਹਿਰੇ ਦੇ ਦਿਨਾਂ ਦਾ ਤਿਉਹਾਰ ਹੈ। ਇਹ ਅੱਸੂ ਦੇ ਪਹਿਲੇ ਨਰਾਤੇ ਤੋਂ ਸ਼ੁਰੂ ਹੋ ਕੇ ਦੁਸਹਿਰੇ ਵਾਲ਼ੇ ਦਿਨ ਤੱਕ ਮਨਾਇਆ ਜਾਂਦਾ ਹੈ। ਕਹਿੰਦੇ ਹਨ "ਸਾਂਝੀ ਮਾਈ" ਇਕ ਕੁਆਰੀ ਦੇਵੀ ਹੈ। ਇਸ ਨੂੰ ਜੇਕਰ ਕੁਆਰੀਆਂ ਕੁੜੀਆਂ ਪੂਜਣ ਤਾਂ ਉਨ੍ਹਾਂ ਨੂੰ ਸੁਸ਼ੀਲ ਅਤੇ ਸੁਨੱਖੇ ਵਰ ਪ੍ਰਾਪਤ ਹੁੰਦੇ ਹਨ। ਨਿੱਕੀਆਂ ਤੇ ਵੱਡੀਆਂ ਕੁੜੀਆਂ ਸਾਂਝੀ ਮਾਈ ਪਾਸ ਕਈ ਸੁੱਖਾਂ ਸੁਖਦੀਆਂ ਹਨ- ਕੋਈ ਵੀਰ ਮੰਗਦੀ ਹੈ, ਕੋਈ ਭਾਬੋ ਤੇ ਕੋਈ ਭਤੀਜਾ।
ਪਹਿਲੇ ਨਰਾਤੇ ਤੋਂ ਇਕ-ਦੋ ਦਿਨ ਪਹਿਲਾਂ ਗਲ਼ੀ ਗੁਆਂਢ ਦੀਆਂ ਨਿੱਕੀਆਂ ਵੱਡੀਆਂ ਕੁੜੀਆਂ ਇਕੱਠੀਆਂ ਹੋ ਕੇ ਚੀਕਣੀ ਮਿੱਟੀ ਦੇ, ਸੈਂਕੜਿਆਂ ਦੀ ਗਿਣਤੀ ਵਿਚ ਚੰਦਊਏ ਤੇ ਤਾਰੇ ਬਣਾ ਕੇ ਧੁੱਪ ਵਿਚ ਸੁੱਕਾ ਲੈਂਦੀਆਂ ਹਨ। ਫਿਰ ਇਨ੍ਹਾਂ ਨੂੰ ਵੱਖੋ-ਵੱਖਰੇ ਰੰਗਾਂ ਨਾਲ਼ ਰੰਗਿਆ ਜਾਂਦਾ ਹੈ। ਤਾਰੇ ਅਥਵਾ ਟਿੱਕੀਆਂ ਤੋਂ ਬਿਨਾਂ ਕਈ ਸਿਆਣੀਆਂ ਕੁੜੀਆਂ ਸਾਂਝੀ ਮਾਈ ਲਈ ਗਹਿਣੇ ਨੱਥ, ਮੱਛਲੀ, ਚੂੜਾ, ਸੱਗੀ ਫੁੱਲ, ਬਾਂਕਾਂ ਤੇ ਚੌਂਕ ਆਦਿ ਮਿੱਟੀ ਦੇ ਹੀ ਬਣਾਉਂਦੀਆਂ ਹਨ। ਮਿੱਟੀ ਦੇ ਹੀ ਭਾਂਡੇ ਚੱਕਲਾ-ਬੇਲਣਾ, ਤਵਾ, ਪਰਾਤ ਵੀ ਬਣਾਏ ਜਾਂਦੇ ਹਨ। ਕੋਈ ਜਣੀ ਚੰਦ-ਸੂਰਜ ਤੇ ਤਾਰੇ ਆਦਿ ਬਣਾਉਂਦੀ ਹੈ, ਕੋਈ ਮੋਧਨ ਦੀ ਆਕ੍ਰਿਤੀ, ਕੋਈ ਬਾਹਮਣੀ ਦੀ ਮੂਰਤ ਬਣਾ ਲੈਂਦੀ ਹੈ, ਕੋਈ ਹੁੱਕਾ ਪੀਂਦੇ ਮਰਾਸੀ ਦੀ। ਇਹ ਮੂਰਤੀਆਂ ਬੜੀ ਰੀਝ ਨਾਲ਼ ਬਣਾਈਆਂ ਜਾਂਦੀਆਂ ਹਨ ਜਿਨ੍ਹਾਂ ਵਿਚ ਪੇਂਡੂ ਕੁੜੀਆਂ ਦੀ ਲੋਕ ਕਲਾ ਰੂਪਮਾਨ ਹੋ ਉਠਦੀ ਹੈ।
ਪਹਿਲੇ ਨਰਾਤੇ ਨੂੰ ਸਵੇਰੇ-ਸਵੇਰੇ ਕੁੜੀਆਂ ਨਹਾ-ਧੋ ਕੇ ਗੋਹੇ ਨਾਲ਼ ਲਿੱਪੀ ਕੰਧ ਉੱਤੇ ਗੋਹੇ ਨਾਲ਼ ਸਾਂਝੀ ਮਾਈ ਦੀ ਮੂਰਤੀ ਚਪਕਾਉਂਦੀਆਂ ਹਨ। ਮੂਰਤੀ ਨੂੰ ਸਜਾਉਣ ਵਿਚ ਕੁੜੀਆਂ ਆਪਣੀ ਲੋਕ ਪ੍ਰਤਿਭਾ ਦਾ ਚਮਤਕਾਰ ਵਿਖਾਉਂਦੀਆਂ ਹਨ। ਇਹ ਮੂਰਤੀ ਬੜੀ ਖ਼ੂਬਸੂਰਤ ਹੁੰਦੀ ਹੈ, ਇਸ ਨੂੰ ਮਿੱਟੀ ਦੇ ਗਹਿਣਿਆਂ ਨਾਲ਼ ਸ਼ਿਗਾਰਿਆਂ ਜਾਂਦਾ ਹੈ। ਇਸ ਮੂਰਤੀ ਦੇ ਪਿਛੋਕੜ ਵਿਚ ਚੜ੍ਹ ਰਹੇ ਚੰਦ ਤੇ ਛਿਪ ਰਹੇ ਸੂਰਜ ਨੂੰ ਵੀ ਮੂਰਤੀਮਾਨ ਕੀਤਾ ਜਾਂਦਾ ਹੈ। ਕੁੜੀਆਂ ਆਪਣੇ-ਆਪਣੇ ਘਰਾਂ ਵਿਚ ਸਾਂਝੀ ਮਾਈ ਦੀ ਮੂਰਤੀ ਆਪਣੀ-ਆਪਣੀ ਪ੍ਰਤਿਭਾ ਅਨੁਸਾਰ ਬਣਾਉਂਦੀਆਂ ਹਨ। ਹਰ ਕੁੜੀ ਚਾਹੁੰਦੀ ਹੈ ਕਿ ਉਹਦੀ ਸਾਂਝੀ ਦੂਜੀ ਕੁੜੀ ਨਾਲ਼ੋਂ ਸੋਹਣੀ ਹੋਵੇ। ਇਹ ਜ਼ਰੂਰੀ ਨਹੀਂ ਕਿ ਇਹ ਸਾਂਝੀ ਇਕ ਪ੍ਰਕਾਰ ਦੀ ਹੀ ਹੋਵੇ। ਕੁੜੀਆਂ ਆਪਣੀ-ਆਪਣੀ ਸੂਝ ਅਤੇ ਕਲਪਨਾ ਅਨੁਸਾਰ ਇਸ ਦੀ ਮੂਰਤੀ
143/ ਸ਼ਗਨਾਂ ਦੇ ਗੀਤ