ਸਮੱਗਰੀ 'ਤੇ ਜਾਓ

ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/144

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਬਣਾਉਂਦੀਆਂ ਹਨ। ਸਾਂਝੀ ਮਾਈ ਦੀਆਂ ਮੂਰਤੀਆਂ ਪੇਂਡੂ ਲੋਕ ਕਲਾ ਦਾ ਦਿਲਚਸਪ ਨਮੂਨਾ ਹੁੰਦੀਆਂ ਹਨ।

ਸਾਂਝੀ ਮਾਈ ਦੀ ਮੂਰਤੀ ਬਣਾਉਣ ਮਗਰੋਂ ਘਰਾਂ ਦੀਆਂ ਸੁਆਣੀਆਂ ਸਾਂਝੀ ਮਾਈ ਦਾ ਪ੍ਰਸਾਦ ਬਣਾਉਂਦੀਆਂ ਹਨ। ਇਹ ਪ੍ਰਸਾਦ ਆਮ ਤੌਰ 'ਤੇ ਆਟੇ ਨੂੰ ਭੁੰਨ ਕੇ ਵਿਚ ਗੁੜ-ਸ਼ੱਕਰ ਰਲ਼ਾ ਕੇ ਤਿਆਰ ਕੀਤਾ ਜਾਂਦਾ ਹੈ ਜਿਸ ਨੂੰ ਸੁੱਕੀ ਪੰਜੀਰੀ ਆਖਦੇ ਹਨ। ਕਈ ਪੰਜੀਰੀ ਦੀ ਥਾਂ ਗੁੜ ਜਾਂ ਸ਼ੱਕਰ ਹੀ ਵੰਡ ਕੇ ਕੰਮ ਸਾਰ ਲੈਂਦੀਆਂ ਹਨ। ਸਰਦੇ ਪੁਜਦੇ ਘਰਾਂ 'ਚ ਘਿਓ ਵਾਲ਼ੀ ਵਧੀਆ ਪੰਜੀਰੀ ਤਿਆਰ ਕੀਤੀ ਜਾਂਦੀ ਹੈ।

ਸਾਂਝੀ ਮਾਈ ਦੀ ਪੂਜਾ ਬੜੇ ਦਿਲ ਖਿੱਚਵੇਂ ਢੰਗ ਨਾਲ਼ ਕੀਤੀ ਜਾਂਦੀ ਹੈ। ਘਰ-ਘਰ ਸਾਂਝੀ ਮਾਈ ਲੱਗੀ ਹੁੰਦੀ ਹੈ। ਕੁੜੀਆਂ ਤੇ ਛੋਟੇ ਬੱਚੇ ਇਕੱਠੇ ਹੋ ਕੇ ਹਰ ਘਰ ਜਾਂਦੇ ਹਨ ਤੇ ਸਾਂਝੀ ਦੇ ਗੀਤ ਗਾਉਂਦੇ ਹੋਏ ਸਾਂਝੀ ਦੀ ਪੂਜਾ ਕਰਦੇ ਹਨ।

ਪਹਿਲੇ ਨਰਾਤੇ ਦੀ ਆਥਣ ਤੋਂ ਸਾਂਝੀ ਮਾਈ ਦੀ ਪੂਜਾ ਸ਼ੁਰੂ ਹੋ ਜਾਂਦੀ ਹੈ। ਘਿਓ ਦਾ ਚਮੁਖੀਆ ਦੀਵਾ ਬਾਲ਼ ਕੇ ਕੁੜੀਆਂ ਸਾਂਝੀ ਦੇ ਮੰਤਰ ਵਜੋਂ ਇਹ ਗੀਤ ਆਰੰਭਦੀਆਂ ਹਨ:-

ਉਠ ਮੇਰੀ ਸਾਂਝੀ ਪਟੜੇ ਖੋਹਲ
ਕੁੜੀਆਂ ਆਈਆਂ ਤੇਰੇ ਕੋਲ਼

ਫਿਰ ਅਗਲਾ ਗੀਤ ਸ਼ੁਰੂ ਹੁੰਦਾ ਹੈ:-

ਜਾਗ ਸਾਂਝੀ ਜਾਗ
ਤੇਰੇ ਮੱਥੇ ਆਇਆ ਭਾਗ
ਤੇਰੇ ਪੱਟੀਆਂ ਸੁਹਾਗ

ਇਸ ਮਗਰੋਂ ਉਹ ਸਾਂਝੀ ਨੂੰ ਖ਼ੁਸ਼ ਕਰਨ ਲਈ ਸਾਂਝੀ ਦੇ ਗੀਤ ਗਾਉਂਦੀਆਂ ਹਨ:-

ਸਾਂਝੀ ਕੁੜੀਓ ਪਹਾੜ ਵਸਦੀ
ਰਾਜੇ ਰਾਮ ਦੀ ਪੋਤੀ
ਲੈਣ ਕਿਉਂ ਨੀ ਜਾਂਦਾ
ਭਾਈ ਮੋਧਨਾ ਵੇ
ਤੇਰੀ ਲੰਮੀ ਲੰਮੀ ਬੋਦੀ
ਬੋਦੀ ਨੂੰ ਲਗੜੇ ਫੂੰਦੇ
ਤੇਰੀ ਮਖ਼ਮਲ ਦੀ ਟੋਪੀ
ਜਾਂਗੀਆ ਸਮਾਦੇ ਰੇਸ਼ਮੀ
ਵਿਚ ਸੁਚੜੇ ਮੋਤੀ

ਉਹ ਸਾਂਝੀ ਪਾਸੋਂ ਗਾਉਂਦੀਆਂ ਹੋਈਆਂ ਪੁੱਛਦੀਆਂ ਹਨ:-

ਸਾਂਝੀ ਦੇ ਆਲ਼ੇ ਦੁਆਲ਼ੇ
ਹਰੀਓ ਚਲਾਈ

144/ ਸ਼ਗਨਾਂ ਦੇ ਗੀਤ