ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/170

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸੁਸ਼ੀਲ: ਅਜ ਦੀ ਨਵੀਂ ਪੀੜ੍ਹੀ ਕਿਸੇ ਵੀ ਚੀਜ਼ ਨੂੰ ਅਸ਼ਲੀਲ ਕਿਉਂ ਨਹੀਂ ਸਮਝਦੀ? ਕੀ ਅਸ਼ਲੀਲਤਾ ਨੂੰ ਫੈਲਾਉਣ ਅਤੇ ਇਸ ਨੂੰ ਜਾਇਜ਼ ਠਹਿਰਾਉਣ ਲਈ ਸਭ ਤੋਂ ਵਧ ਮੀਡੀਆ ਜੁੰਮੇਵਾਰ ਹੈ।

ਮਾਦਪੁਰੀ: ਹਰ ਵਿਅਕਤੀ ਆਪਣੀ ਸੋਚ ਅਨੁਸਾਰ ਅਸ਼ਲੀਲਤਾ ਦੇ ਅਰਥ ਕੱਢਦਾ ਹੈ। ਸਾਡੇ ਸਮਾਜ ਦਾ ਉਪਰਲਾ (ਕੁਲੀਨਵਰਗ) ਤਬਕਾ ਹੀ ਅਸ਼ਲੀਲਤਾ ਨੂੰ ਫੈਲਾਉਣ ਲਈ ਜੁੰਮੇਵਾਰ ਹੈ। ਆਮ ਜਨਤਾ ਨੂੰ ਤਾਂ ਦਾਲ ਰੋਟੀ ਹੀ ਮਸਾਂ ਜੁੜਦੀ ਹੈ।

ਸੁਸ਼ੀਲ: ਸਰਕਾਰ ਨੂੰ ਕਿਸ ਤਰ੍ਹਾਂ ਦੀ ਸਭਿਆਚਾਰਕ ਨੀਤੀ ਅਪਣਾਉਣੀ ਚਾਹੀਦੀ ਹੈ?

ਮਾਦਪੁਰੀ: ਲੋਕ ਹੇਤੁ ਸਰਕਾਰਾਂ ਹੀ ਲੋਕਾਂ ਦੀ ਭਾਸ਼ਾ ਅਤੇ ਸਭਿਆਚਾਰ ਬਾਰੇ ਸੋਚ ਸਕਦੀਆਂ ਹਨ। ਦੇਸ਼ ਆਜ਼ਾਦ ਹੋਏ ਨੂੰ ਐਨਾ ਸਮਾਂ ਹੋ ਗਿਆ ਹੈ ਕਿ ਸਾਡੀ ਕਿਸੇ ਵੀ ਸਰਕਾਰ ਨੇ, ਚਾਹੇ ਉਹ ਨੀਲੇ ਪੀਲ਼ਿਆਂ ਦੀ ਸੀ ਜਾਂ ਚਿੱਟੇ ਖੱਦਰ ਧਾਰੀਆਂ ਦੀ, ਨਾ ਭਾਸ਼ਾ ਬਾਰੇ ਸੋਚਿਆ ਹੈ ਨਾ ਸਭਿਆਚਾਰ ਬਾਰੇ। ਉਹ ਤਾਂ ਡੰਗ ਟਪਾਊ ਸਰਕਾਰਾਂ ਹਨ- ਉਹਨਾਂ ਨੂੰ ਸਿਰਫ਼ ਵੋਟ-ਬੈਂਕ ਦਾ ਫਿਕਰ ਹੈ ਜਾਂ ਅਪਣੀਆਂ ਤਜੌਰੀਆਂ ਭਰਨ ਦਾ।

ਸੁਸ਼ੀਲ: ਤੁਸੀਂ ਅਧਿਆਪਨ ਨਾਲ਼ ਜੁੜੇ ਰਹੇ ਹੋ। ਅਜੋਕੀ ਵਿਦਿਆ ਪ੍ਰਣਾਲੀ ਦਾ ਕੀ ਰੋਲ ਹੈ। ਅੰਗਰੇਜ਼ੀ ਮਾਧਿਅਮ ਦੀ ਕੋਈ ਸਾਰਥਕਤਾ।

ਮਾਦਪੁਰੀ: ਸੰਸਾਰ ਭਰ ਦੇ ਵਿਦਿਆ ਸ਼ਾਸਤਰੀ ਅਤੇ ਬਾਲ ਮਨੋਵਿਗਿਆਨੀ ਇਸ ਮੱਤ ਦੇ ਧਾਰਨੀ ਹਨ ਕਿ ਬੱਚੇ ਨੂੰ ਮੁਢਲੀ ਸਿੱਖਿਆ ਉਸ ਦੀ ਮਾਂ ਬੋਲੀ ਦੇ ਮਾਧਿਅਮ ਰਾਹੀਂ-ਦੇਣੀ ਚਾਹੀਦੀ ਹੈ। ਇਸ ਤਰ੍ਹਾਂ ਉਹਨਾਂ ਦਾ ਮਾਨਸਿਕ ਅਤੇ ਬੋਧਕ ਵਿਕਾਸ ਹੁੰਦਾ ਹੈ। ਅਫਸੋਸ ਹੈ ਕਿ ਸਾਡੀ ਸਰਕਾਰ ਨੇ ਅਜੇ ਤਕ ਕੋਈ ਸਥਿਰ ਵਿਦਿਅਕ ਨੀਤੀ ਨਹੀਂ ਅਪਣਾਈ। ਵਿਦਿਆ ਤੇ ਕੋਈ ਨਿਯੰਤ੍ਰਣ ਨਹੀਂ। ਵੱਡੇ-ਵੱਡੇ ਉਦਯੋਗਕ ਘਰਾਣੇ ਵਿਦਿਆ ਨੂੰ ਵਪਾਰ ਦੇ ਮਾਧਿਅਮ ਵਜੋਂ ਵਰਤ ਰਹੇ ਹਨ ਜਿਸ ਕਾਰਨ ਆਮ ਜਨਤਾ ਦੇ ਬੱਚਿਆਂ ਲਈ ਉੱਚ ਵਿਦਿਆ ਗ੍ਰਹਿਣ ਕਰਨ ਦੇ ਰਸਤੇ ਬੰਦ ਹੋ ਰਹੇ ਹਨ। ਵਿੱਦਿਆ ਅਮੀਰਾਂ ਦੇ ਬੱਚਿਆਂ ਲਈ ਨਹੀਂ ਬਲਕਿ ਆਮ ਗਰੀਬ ਬੱਚਿਆਂ ਲਈ ਵੀ ਹੋਣੀ ਚਾਹੀਦੀ ਹੈ। ਅੰਗਰੇਜ਼ੀ ਭਾਸ਼ਾਵਾਂ ਨੂੰ ਹੋਰਨਾਂ ਭਾਸ਼ਾਵਾਂ ਵਾਂਗ ਇਕ ਵਿਸ਼ੇ ਦੇ ਤੌਰ ਤੇ ਹੀ ਪੜ੍ਹਾਇਆ ਜਾਣਾ ਉਚਿਤ ਹੈ।

ਸੁਸ਼ੀਲ: ਪੰਜਾਬੀਆਂ ਦੀ ਸਭਿਆਚਾਰਕ ਵਿਰਾਸਤ ਬਾਰੇ ਦਸੋ। ਪੰਜਾਬੀਆਂ ਦੀ ਆਪਣੀ ਵਖਰੀ ਸ਼ਾਨ ਬਾਰੇ ਵੀ ਕੁਝ ਕਹਿਣਾ।

ਮਾਦਪੁਰੀ: ਕਿਸੇ ਭੁਗੋਲਕ ਖਿੱਤੇ ਵਿਚ ਵਸਦੇ ਲੋਕਾਂ ਦੇ ਜੀਵਨ ਢੰਗਾਂ ਨੂੰ ਉਸ ਖੇਤਰ ਦੇ ਲੋਕਾਂ ਦਾ ਸਭਿਆਚਾਰ ਆਖਿਆ ਜਾਂਦਾ ਹੈ। ਅਸਲ ਵਿਚ ਜੀਵਨ ਜਾਚ ਹੀ ਮਨੁੱਖ ਮਾਤਰ ਦਾ ਅਸਲ ਸਭਿਆਚਾਰ ਹੈ। ਸਾਰੇ ਸੰਸਾਰ ਦੀਆਂ ਕੌਮਾਂ

170/ ਸ਼ਗਨਾਂ ਦੇ ਗੀਤ