ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/60

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਜਨ ਸਾਧਾਰਨ ਨੇ ਹੀ ਦੋਹੇ ਦੀ ਸਿਰਜਣਾ ਕੀਤੀ ਹੈ। ਇਸ ਦੀ ਸਿਰਜਣ ਪ੍ਰਕਿਰਿਆ ਬਾਰੇ ਦੋਹਾ ਆਪ ਗਵਾਹੀ ਦੇਂਦਾ ਹੈ:-

ਕਿਥੋਂ ਦੋਹਾ ਜਰਮਿਆਂ
ਕਿਥੋਂ ਲਿਆ ਬਣਾ
ਕੌਣ ਦੋਹੇ ਦਾ ਬਾਪ ਐ
ਕੌਣ ਦੋਹੇ ਦੀ ਮਾਂ

ਪ੍ਰਸ਼ਨ ਦਾ ਉੱਤਰ ਵੀ ਦੋਹਾ ਆਪ ਹੀ ਮੋੜਦਾ ਹੈ:-

ਦਿਲ 'ਚੋਂ ਦੋਹਾ ਜਰਮਿਆਂ
ਚਿੱਤ 'ਚੋਂ ਲਿਆ ਬਣਾ
ਸੂਰਜ ਦੋਹੇ ਦਾ ਬਾਪ ਐ
ਧਰਤੀ ਦੋਹੇ ਦੀ ਮਾਂ

ਇਸੇ ਭਾਵਨਾ ਨੂੰ ਪ੍ਰਗਟਾਉਣ ਵਾਲ਼ੇ ਦੋ ਹੋਰ ਦੋਹੇ ਪ੍ਰਸ਼ਨ ਉੱਤਰ ਦੇ ਰੂਪ ਵਿਚ ਪੇਸ਼ ਹਨ:

ਕਿਥੋਂ ਦੋਹਾ ਸਿੱਖਿਆ ਨੀ ਮੇਲਣੇ
ਕਿਥੋਂ ਚੜ੍ਹਾਇਆ ਨੀ ਅਗਾਸ
ਕੌਣ ਦੋਹੇ ਦੀ ਮਾਈ ਐ
ਨੀ ਕੌਣ ਦੋਹੇ ਦਾ ਬਾਪ

ਢਿੱਡੋਂ ਦੋਹਾ ਸਿੱਖਿਆ ਨੀ ਸਖੀਏ
ਮਨੋ ਚੜ੍ਹਾਇਆ ਨੀ ਅਗਾਸ
ਜੀਭ ਦੋਹੇ ਦੀ ਮਾਈ ਐ
ਤੇ ਮੁਖ ਦੋਹੇ ਦਾ ਬਾਪ

ਦੋਹਾ ਲਾਉਂਦੀ ਹੋਈ ਕੋਈ ਜਣੀ ਆਪਣੀ ਸੂਝ ਦਾ ਪ੍ਰਗਟਾਵਾ ਇਕ ਹੋਰ ਦੋਹੇ ਰਾਹੀਂ ਕਰਦੀ ਹੈ:-

ਮੂੰਹ 'ਚੋਂ ਦੋਹਾ ਉਗਿਆ ਭੈਣੇ
ਮੈਂ ਤਾਂ ਬਣਾਇਆ ਇਹਨੂੰ ਨੀ ਆਪ
ਜੀਭ ਤਾਂ ਇਹਦੀ ਮਾਈ ਐ
ਕੋਈ ਬੋਲ ਨੀ ਇਹਦਾ ਬਾਪ

ਦੋਹਾ ਅਥਵਾ ਦੋਹਰਾ ਇਕ ਮਾਤ੍ਰਿਕ ਛੰਦ ਹੈ ਜਿਸ ਦੇ ਦੋ ਚਰਣ (ਤੁਕਾਂ) ਤੇ 24 ਮਾਤਰਾਂ ਹੁੰਦੀਆਂ ਹਨ, ਪਹਿਲਾ ਵਿਸ਼ਰਾਮ 13 ਪਰ ਦੂਜਾ 11 ਪਰ ਅੰਤ ਗੁਰੂ ਲਘੂ। ਇਕ-ਇਕ ਤੁਕ ਦੇ ਦੋ ਦੋ ਚਰਨ ਮੰਨ ਕੇ ਪਹਿਲੇ ਅਤੇ ਤੀਜੇ ਚਰਣ ਦੀਆਂ 13 ਮਾਤਰਾਂ, ਦੂਜੇ ਅਤੇ ਚੌਥੇ ਚਰਣ ਦੀਆਂ ਗਿਆਰਾਂ ਗਿਆਰਾਂ ਮਾਤਰਾਂ ਹੁੰਦੀਆਂ ਹਨ।*

58/ ਸ਼ਗਨਾਂ ਦੇ ਗੀਤ