ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/63

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਇਸ਼ਕ ਮੁਸ਼ਕ ਦੀ ਸਾਰ ਕੀ ਜਾਨਣ
ਕਾਇਰ ਲੋਕ ਕਮੀਨੇ
ਕਿਸੇ ਪ੍ਰਦੇਸੀ ਨਾਲ਼ ਇਸ਼ਕ ਕਰਨਾ ਜਾਂ ਨਿਹੁੰ ਲਾਉਣਾ ਚੰਗਾ ਵੀ ਹੈ ਤੇ
ਮੰਦਾ ਵੀ। ਗੱਲ ਭਾਵਨਾ ਦੀ ਹੈ:-
ਨਾਲ਼ ਪ੍ਰਦੇਸੀ ਨਿਹੁੰ ਨਾ ਲਾਈਏ
ਭਾਵੇਂ ਲੱਖ ਸੋਨੇ ਦਾ ਹੋਵੇ
ਇਕ ਗੱਲੋਂ ਪ੍ਰਦੇਸੀ ਚੰਗਾ
ਜਦ ਯਾਦ ਕਰੇ ਤਾਂ ਰੋਵੇ
ਦੋਸਤ ਮਿੱਤਰ ਦੀ ਸਹੀ ਪਛਾਣ ਅਤੇ ਕਦਰ ਦਾ ਮੁਲ ਕੋਈ ਪਾਰਖੂ ਅੱਖ
ਹੀ ਪਾ ਸਕਦੀ ਹੈ:
ਲਾਲ ਵੀ ਕੱਚ ਦਾ,
ਮਣਕਾ ਵੀ ਕੱਚ ਦਾ,
ਰੰਗ ਇਕੋ ਹੈ ਦੋਹਾਂ ਦਾ
ਜ਼ੌਹਰੀ ਕੋਲੋਂ ਪਰਖ ਕਰਾਈਏ
ਫਰਕ ਸੈਂਕੜੇ ਕੋਹਾਂ ਦਾ


ਦੋਹੇ ਕੇਵਲ ਮਨੋਰੰਜਨ ਹੀ ਪ੍ਰਦਾਨ ਨਹੀਂ ਕਰਦੇ ਬਲਕਿ ਇਹਨਾਂ ਰਾਹੀਂ ਸਚਿਆਰਾ ਜੀਵਨ ਜੀਣ ਅਤੇ ਸਦਾਚਾਰਕ ਕਦਰਾਂ ਕੀਮਤਾਂ ਨੂੰ ਅਪਣਾਉਣ ਦੀ ਜਾਚ ਦੀ ਦੱਸੀ ਗਈ ਹੈ। ਸੁਖੀ ਪਰਿਵਾਰਕ ਜੀਵਨ ਲਈ ਮਰਦ ਨੂੰ ਪਰਾਈ ਔਰਤ ਤੋਂ ਕੁਝ ਫਾਸਲਾ ਰੱਖਣ ਲਈ ਸੁਝਾ ਹੈ:-

ਉੱਚਾ ਮਹਿਲ ਬਰੋਬਰ ਮੋਰੀ
ਦੀਵਾ ਕਿਸ ਵਿਧ ਧਰੀਏ
ਨਾਰ ਬਗਾਨੀ ਆਦਰ ਥੋੜ੍ਹਾ
ਗਲ਼ ਲਗ ਕੇ ਨਾ ਮਰੀਏ
ਮਨੁੱਖ ਨੂੰ ਆਪਣੀ ਹਉਮੈ ਨੂੰ ਮਾਰਨ ਅਤੇ ਕੁਦਰਤ ਨੂੰ ਮਾਣਨ ਲਈ
ਆਖਿਆ ਗਿਆ ਹੈ:-
ਮੈਂ ਮੇਰੀ ਨੂੰ ਮਾਰ ਕੇ
ਨਿੱਕੀ ਕਰਕੇ ਕੁੱਟ
ਭਰੇ ਖ਼ਜ਼ਾਨੇ ਨੂਰ ਦੇ
ਲਾੜਾ ਬਣ ਬਣ ਲੁੱਟ
ਆਧੁਨਿਕ ਮਨੁੱਖ ਮਾਤਰ ਨੂੰ ਮਿੱਟੀ ਦੇ ਦੀਵੇ ਦਾ ਪ੍ਰਤੀਕ ਵਰਤ ਕੇ ਉਸ ਨੂੰ
ਆਪਣੀ ਹੋਣੀ ਦਾ ਅਹਿਸਾਸ ਵੀ ਕਰਵਾਇਆ ਹੈ:-
ਸੁਣ ਮਿੱਟੀ ਦਿਆ ਦੀਵਿਆਂ
ਕੈਸੀ ਤੇਰੀ ਲੋ

61 / ਸ਼ਗਨਾਂ ਦੇ ਗੀਤ