ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/65

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਫਕੀਰੀ ਵਾਲ਼ੀ ਜ਼ਿੰਦਗੀ ਜੀਣੀ ਕਿਹੜਾ ਸੌਖੀ ਹੈ। ਕੋਈ ਸੂਰਮਾ ਹੀ ਇਹ ਰਾਹ ਅਪਣਾ ਸਕਦਾ ਹੈ:

ਔਖੀ ਰਮਜ਼ ਫਕੀਰੀ ਵਾਲ਼ੀ
ਚੜ੍ਹ ਸੂਲੀ ਤੇ ਬਹਿਣਾ
ਦਰ ਦਰ ਤੇ ਟੁਕੜੇ ਮੰਗਣੇ
ਮਾਈਏ ਭੈਣੇ ਕਹਿਣਾ

ਮਸ਼ੀਨੀ ਸਭਿਅਤਾ ਦੇ ਵਿਕਾਸ ਕਾਰਨ ਖੇਤੀ ਦੇ ਰੰਗ-ਢੰਗ ਬਦਲ ਗਏ ਹਨ। ਨਾ ਖੂਹ ਰਹੇ ਹਨ ਨਾ ਬਲਦਾਂ ਦੀਆਂ ਟੱਲੀਆਂ, ਨਾ ਦੋਹੇ ਲਾਉਣ ਦੀ ਪਰੰਪਰਾ। ਹੁਣ ਖੇਤਾਂ ਵਿਚ ਟਰੈਕਟਰ ਧੁਕ-ਧੁਕ ਕਰ ਰਹੇ ਹਨ ਤੇ ਖੂਹਾਂ ਦੀ ਥਾਂ ਟਿਉਬਵੈਲਾਂ ਨੇ ਮੱਲ ਲਈ ਹੈ। ਹੁਣ ਕੋਈ ਕਿਸਾਨ ਰਾਤਾਂ ਨੂੰ ਖੇਤਾਂ 'ਚ ਕੰਮ ਨਹੀਂ ਕਰਦਾ, ਨਾ ਹੀ ਦੋਹੇ ਲਾਉਂਦਾ ਹੈ। ਪੰਜਾਬ ਦੇ ਪੇਂਡੂ ਜੀਵਨ ਵਿਚੋਂ ਦੋਹੇ ਲਾਉਣ ਦੀ ਪਰੰਪਰਾ ਦੇ ਸਮਾਪਤ ਹੋਣ ਕਾਰਨ ਇਸ ਦੀ ਸਿਰਜਣ ਪ੍ਰਕਿਰਿਆ ਵੀ ਸਮਾਪਤ ਹੋ ਗਈ ਹੈ। ਅਜੇ ਵੀ ਪੰਜਾਬ ਦੇ ਪਿੰਡਾਂ ਵਿਚ ਸੈਂਕੜੇ ਅਜਿਹੇ ਹਾਲ਼ੀ ਪਾਲ਼ੀ ਮੌਜੂਦ ਹਨ ਜਿਨ੍ਹਾਂ ਨੇ ਸੈਂਕੜਿਆਂ ਦੀ ਗਿਣਤੀ ਵਿਚ ਦੋਹਿਆਂ ਨੂੰ ਆਪਣੀ ਹਿੱਕੜੀ ਵਿਚ ਸਾਂਭਿਆ ਹੋਇਆ ਹੈ। ਜੇਕਰ ਸਮੇਂ ਸਿਰ ਇਹਨਾਂ ਨੂੰ ਸੰਭਾਲਿਆ ਨਾ ਗਿਆ ਤਾਂ ਇਹ ਵੀ ਬੀਤੇ ਦੀ ਧੂੜ ਵਿਚ ਗੁਆਚ ਜਾਣਗੇ। ਇਹਨਾਂ ਬੇਸ਼ਕੀਮਤ ਹੀਰਿਆਂ ਨੂੰ ਸਾਂਭਣ ਦੀ ਅਤਿਅੰਤ ਲੋੜ ਹੈ। ਇਹ ਸਾਡੀ ਮੁਲਵਾਨ ਵਿਰਾਸਤ ਦਾ ਵੱਡਮੁੱਲਾ ਸਰਮਾਇਆ ਹਨ।

63/ ਸ਼ਗਨਾਂ ਦੇ ਗੀਤ