ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/73

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਅਤੇ ਪਾਂਧੇ ਵੀ ਕੁੜੀ ਦਾ ਰਿਸ਼ਤਾ ਜੋੜ ਆਉਂਦੇ। ਧੀਆਂ ਦੇ ਵੀ ਆਪਣੇ ਅਰਮਾਨ ਹਨ, ਭਾਵਨਾਵਾਂ ਹਨ ਭਾਵੇਂ ਉਹ ਖੁਲ੍ਹ ਕੇ ਆਪਣੇ ਦਿਲ ਦੀ ਗਲ ਨਹੀਂ ਸੀ ਕਰ ਸਕਦੀਆਂ ਪਰੰਤੂ ਉਹ ਆਪਣੇ ਵਰ ਅਤੇ ਸਹੁਰੇ ਪਰਿਵਾਰ ਦੀ ਚੋਣ ਸੰਬੰਧੀ ਚਾਹਿਤ ਦਾ ਪ੍ਰਗਟਾਵਾ ਸੁਹਾਗ ਗੀਤਾਂ ਦੇ ਮਾਧਿਅਮ ਰਾਹੀਂ ਕਰ ਲੈਂਦੀਆਂ ਸਨ:-

ਵਰ ਜੁ ਟੋਲਣ ਚੱਲਿਆ ਪਿਓ ਮੇਰਿਆ
ਰਾਜੇ ਬਨਸੀਆ
ਪੱਲੇ ਬੰਨ੍ਹ ਲੈ ਬਾਬਲਾ ਦੰਮ ਵੇ
ਚੋਪੜ ਖੇਲਦੇ ਦੋ ਜਣੇ
ਪਿਓ ਮੇਰਿਆ ਰਾਜੇ ਬੰਸੀਆ ਵੇ
ਇਕੋ ਜੇਹੀੜੇ ਛੈਲ ਵੇ
ਇਕ ਦੇ ਹੱਥ ਬੰਸਰੀ
ਦੂਜੇ ਹੱਥ ਮੋਰ ਵੇ
ਬੱਜਣ ਲੱਗੀ ਬੰਸਰੀ
ਕੂਕਣ ਲਗੇ ਮੋਰ ਵੇ
ਗੋਰਾ ਗੋਰਾ ਮੈਂ ਵਰਾਂ
ਕਾਲ਼ੇ ਜੇਹੀੜੇ ਕੋਈ ਹੋਰ ਵੇ

ਗੋਰੇ ਤੇ ਛੈਲ ਛਬੀਲ਼ੇ ਵਰ ਦੀ ਚਾਹਤ ਉਪਰੰਤ ਹਰ ਮੁਟਿਆਰ ਚਾਹੁੰਦੀ ਹੈ ਕਿ ਉਸ ਦਾ ਸਹੁਰਾ ਪਰਿਵਾਰ ਪਰੀ ਪੂਰਨ ਅਤੇ ਰੱਜਿਆ ਪੁੱਜਿਆ ਹੋਵੇ:-ਦਈਁ ਵੇ ਬਾਬਲਾ ਓਸ ਘਰੇ
ਜਿੱਥੇ ਸੱਸ ਭਲੀ ਪ੍ਰਧਾਨ
ਤੇ ਸਹੁਰਾ ਥਾਣੇਦਾਰ ਹੋਵੇ
ਸੱਸ ਨੂੰ ਸੱਦਣ ਸ਼ਰੀਕਣੀਆਂ
ਸਹੁਰਾ ਕਚਿਹਰੀ ਦਾ ਮਾਲਕ
ਬਾਬਲਾ ਤੇਰਾ ਪੁੰਨ ਹੋਵੇ

ਦਈਁ ਵੇ ਬਾਬਲਾ ਓਸ ਘਰੇ
ਜਿੱਥੇ ਸੱਸੂ ਦੇ ਬਾਹਲੜੇ ਪੁੱਤ
ਬਾਬਲ ਤੇਰਾ ਪੁੰਨ ਹੋਵੇ
ਇਕ ਮੰਗਦੀ ਇਕ ਵਿਆਂਮਦੀ
ਮੈਂ ਸ਼ਾਦੀਆਂ ਵੇਖਾਂਗੀ ਨਿੱਤ
ਬਾਬਲ ਤੇਰਾ ਪੁੰਨ ਹੋਵੇ

ਦਈਁ ਵੇ ਬਾਬਲਾ ਓਸ ਘਰੇ
ਜਿੱਥੇ ਕਾਲ਼ੀਆਂ ਬੂਰੀਆਂ ਸਤ

71/ ਸ਼ਗਨਾਂ ਦੇ ਗੀਤ