ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/75

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਨ। ਸੜਕਾਂ ਨਹੀਂ ਸਨ ਬਣੀਆਂ, ਕੱਚੇ ਰਾਹ ਨਦੀਆਂ ਨਾਲਿਆਂ ਤੇ ਕੋਈ ਪੁਲ ਨਹੀਂ-ਦੁਸ਼ਵਾਰ ਰਾਹਾਂ ਕਾਰਨ ਸਹੁਰੀਂ ਬੈਠਾਂ ਧੀ ਨੂੰ ਵਰਿਆਂ ਵੱਧੀ ਕੋਈ ਮਿਲ਼ਣ ਨਹੀਂ ਸੀ ਜਾਂਦਾ-ਵਿਚਾਰੀ ਝੂਰਦੀ ਰਹਿੰਦੀ ਇਸੇ ਲਈ ਉਹ ਆਪਣੇ ਬਾਬਲ ਨੂੰ ਬਹੁਤੀ ਦੂਰ ਰਿਸ਼ਤਾ ਕਰਨ ਤੋਂ ਹੋੜਦੀ ਹੈ:-

ਮੈਂ ਤੈਨੂੰ ਵਰਜਦੀ ਬਾਬਲਾ ਵੇ
ਧੀਆਂ ਦੂਰ ਨਾ ਦਈਏ
ਦੂਰਾਂ ਦੀਆਂ ਵਾਟਾਂ ਲੰਮੀਆਂ
ਵੇ ਸਾਥੋਂ ਤੁਰਿਆ ਨਾ ਜਾਵੇ
ਤੁਰਦੀ ਆਂ ਛਮ ਛਮ ਰੋਨੀ ਆਂ
ਵੇ ਨੈਣੀਂ ਨੀਂਦ ਨਾ ਆਵੇ
ਪੇਕਿਆਂ ਤੋਂ ਬਹੁਤੀ ਦੂਰ ਮਜਬੂਰੀ ਬਸ ਰਿਸ਼ਤਾ ਕਰਨ ਲਈ ਉਹ ਆਪਣੇ
ਬਾਬਲ ਅਤੇ ਭਰਾ ਦੀ ਚੋਣ ਤੇ ਸਹੀ ਪਾ ਦੇਂਦੀ ਹੈ:-
ਲੰਬੀਏ ਨੀ ਲੰਝੀਏ ਲਾਲ ਖਜੂਰੇ
ਕੀਹਨੇ ਵਰ ਟੋਲ਼ਿਆ ਨੀ ਦੂਰੇ
ਬਾਬਲ ਤਾਂ ਮੇਰਾ ਦੇਸ਼ਾਂ ਦਾ ਰਾਜਾ
ਜੀਹਨੇ ਵਰ ਟੋਲ਼ਿਆ ਨੀ ਦੂਰੇ

ਲੰਬੀਏ ਨੀ ਲੰਝੀਏ ਲਾਲ ਖਜੂਰੇ
ਕੀਹਨੇ ਵਰ ਟੋਲ਼ਿਆ ਨੀ ਦੂਰੇ
ਵੀਰ ਮੇਰਾ ਰਾਜੇ ਦਾ ਨੌਕਰ
ਜੀਹਨੇ ਵਰ ਟੋਲ਼ਿਆ ਨੀ ਦੂਰੇ
ਕੋਈ ਮੁਟਿਆਹ ਨਹੀਂ ਚਾਹੁੰਦੀ ਕਿ ਉਸ ਦਾ ਘਰ ਵਾਲ਼ਾ ਸਰੀਰਕ ਪੱਖੋਂ 
ਊਣਾ ਹੋਵੇ। ਕਾਣੇ ਅਤੇ ਕਾਲ਼ੇ ਵਰ ਦੀ ਚੋਣ ਤੇ ਉਹ ਬਿਟਰ ਜਾਂਦੀ ਹੈ:-
ਤੂੰ ਰਤਨ ਵਰਿੰਕ ਲੈ ਨੀ ਮੇਰੀ ਬੀਬੀ
ਤੈਂ ਅੱਗੋਂ ਕਿਉਂ ਨਾ ਦੱਸਿਆ ਵੇ ਮੇਰੇ ਬਾਬਾ
ਇਹ ਰਤਨ ਕਾਲ਼ਾ ਏ ਵੇ ਮੇਰਿਆ ਬਾਬਾ

ਤੂੰ ਰਤਨ ਵਰਿੱਕ ਲੈ ਨੀ ਮੇਰੀਏ ਧੀਏ
ਤੈਂ ਅੱਗੋਂ ਕਿਉਂ ਨਾ ਦੱਸਿਆ ਵੇ ਮੇਰੇ ਬਾਬਾ
ਇਹ ਰਤਨ ਕਾਣਾ ਏ ਵੇ ਮੇਰਿਆ ਬਾਬਾ

ਜਦੋਂ ਉਸ ਨੂੰ ਅਪਣੇ ਮਨ ਪਸੰਦ ਦਾ ਵਖਤਾਵਰ, ਕ੍ਰਿਸ਼ਨ ਘਣਈਏ ਅਤੇ ਸਿਰੀ ਰਾਮ ਜਿਹਾ ਛੈਲ ਛਬੀਲਾ ਵਰ ਪ੍ਰਾਪਤ ਹੋ ਜਾਂਦਾ ਹੈ ਤਾਂ ਉਸ ਦੀ ਖ਼ੁਸ਼ੀ ਦਾ ਪਾਰਾਵਾਰ ਨਹੀਂ ਰਹਿੰਦਾ। ਜਿੱਥੇ ਉਹ ਆਪਣੇ ਪਿਤਾ ਦੀ ਚੋਣ ਤੇ ਵਾਰੇ ਵਾਰੇ ਜਾਂਦੀ ਹੈ ਓਥੇ ਉਹ ਆਪਣੇ ਦਿਲ ਜਾਨੀ ਲਈ ਸੈਆਂ ਖਾਤਰਾਂ ਕਰਦੀ ਹੈ:-

73 / ਸ਼ਗਨਾਂ ਦੇ ਗੀਤ