ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੇਦੀ ਦੇ ਅੰਦਰ ਮੇਰਾ ਬਾਬਾ ਬੁਲਾਵੇ
ਸੱਦਿਆਂ ਬਾਝ ਕਿਉਂ ਨੀ ਆਉਂਦਾ
ਵੇ ਰੰਗ ਰਤੜਿਆ ਕਾਨ੍ਹਾਂ
ਗਊਆਂ ਦੇ ਦਾਨ ਪਾਧੇਂ ਪੰਡਤ ਲੈਂਦੇ
ਧੀਆਂ ਦੇ ਦਾਨ ਜਮਾਈ
ਵੇ ਰੰਗ ਰਤੜਿਆ ਕਾਨ੍ਹਾ
ਦਿੱਤੜੇ ਦਾਨ ਕਿਉਂ ਨੀ ਲੈਂਦਾ
ਵੇ ਰੰਗ ਰਤੜਿਆ ਕਾਨ੍ਹਾ

ਵਿਆਹ ਜਾਤ ਬਰਾਦਰੀ ਵਿਚ ਹੀ ਕੀਤੇ ਜਾਂਦੇ ਸਨ। ਉੱਚ ਜਾਤੀ ਦੇ ਲੋਕ ਨਿਮਨ ਜਾਤੀ ਦੀ ਧੀ ਨਾਲ਼ ਵਿਆਹ ਨਹੀਂ ਸੀ ਕਰਵਾਉਂਦੇ। ਬੋਪਾਂ ਨਾਂ ਦਾ ਇਕ ਬੜਾ ਹਰਮਨ ਪਿਆਰਾ ਸੁਹਾਗ ਗੀਤ ਹੈ ਜਿਸ ਵਿਚ ਰਣ ਸਿੰਘ ਨਾਂ ਦਾ ਉੱਚ ਜਾਤੀ ਦਾ ਗਭਰੂ ਪਾਣੀ ਭਰਨ ਗਈ ਬੋਪਾਂ ਦਾ ਪਲੜਾ ਚੁੱਕ ਦੇਂਦਾ ਹੈ ਤੇ ਬੋਪਾਂ ਅਪਣੇ ਆਪ ਨੂੰ ਨੀਵੀਂ ਜਾਤ ਦੀ ਆਖ ਕੇ ਅਪਣਾ ਖਹਿੜਾ ਛੁਡਾ ਲੈਂਦੀ ਹੈ। ਜਦੋਂ ਰਣ ਸਿੰਘ ਨੂੰ ਪਤਾ ਲਗਦਾ ਹੈ ਕਿ ਬੋਪਾਂ ਰਾਜੇ ਦੀ ਬੇਟੀ ਹੈ ਤਾਂ ਉਹ ਉਸ ਨਾਲ਼ ਵਿਆਹ ਕਰਵਾਉਣ ਲਈ ਤਤਪਰ ਹੋ ਜਾਂਦਾ ਹੈ:-

ਉੱਚਾ ਸੀ ਬੁਰਜ ਲਾਹੌਰ ਦਾ
ਵੇ ਬੋਪਾਂ ਪਾਣੀ ਨੂੰ ਗਈ ਆ
ਜਦ ਬੋਪਾਂ ਪਾਨੜਾ ਭਰ ਮੁੜੀ
ਰਣ ਸਿੰਘ ਪਲੜਾ ਚੱਕਿਆ ਵੇ
ਨਾ ਚੱਕੀਂ ਪਲੜਾ ਰਣ ਸਿਆਂ
ਬੋਪਾਂ ਜਾਤ ਕੁਜਾਤੇ

ਰਣ ਸਿੰਘ ਪੁਛਦਾ ਪਾਂਧੇ ਤੇ ਪੰਡਤਾਂ ਨੂੰ
ਵੇ ਬੋਪਾਂ ਕੀਹਦੀ ਐ ਜਾਈ
ਪਾਂਧੇ ਤੇ ਪੰਡਤ ਸੱਚ ਦੱਸਿਆ
ਵੇ ਬੋਪਾਂ ਰਾਜੇ ਦੀ ਜਾਈ
ਸਦਿਓ ਬਾਬਲ ਦੇ ਪਾਂਧੇ ਨੂੰ
ਵੇ ਮੇਰਾ ਸਾਹਾ ਸਧਾਇਓ ਵੇ
ਸਦਿਓ ਬਾਬਲ ਦੇ ਨਾਈ ਨੂੰ
ਵੇ ਮੇਰੀ ਚਿਠੀ ਤੁਰਾਇਓ ਵੇ
ਸਦਿਓ ਬਾਬਲ ਦੇ ਸੁਨਿਆਰੇ ਨੂੰ
ਵੇ ਮੇਰਾ ਗਹਿਣਾ ਘੜਾਇਓ ਵੇ
ਸਦਿਓ ਬਾਬਲ ਦੇ ਦਰਜੀ ਨੂੰ

75/ ਸ਼ਗਨਾਂ ਦੇ ਗੀਤ