ਸਮੱਗਰੀ 'ਤੇ ਜਾਓ

ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/78

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਮੇਰਾ ਸੂਟ ਸਮਾਇਓ ਵੇ
ਸਦਿਓ ਬਾਬਲ ਦੇ ਮੋਚੀ ਨੂੰ
ਮੇਰਾ ਜੋੜਾ ਸਮਾਇਓ ਵੇ

ਉਹਨਾਂ ਸਮਿਆਂ ਵਿਚ ਕੁੜੀਆਂ ਦੇ ਵਿਆਹ ਛੋਟੀ ਉਮਰ ਵਿਚ ਹੀ ਕਰ ਦੇਂਦੇ ਸਨ ਤੇ ਮੁਕਲਾਵੇ ਕੁੜੀ ਦੇ ਭਰ ਜੁਆਨ ਹੋਣ ਤੇ ਤੋਰੇ ਜਾਂਦੇ ਸਨ- ਆਰਥਕ ਮਜਬੂਰੀਆਂ ਕਾਰਨ ਅਪਣੀ ਧੀ ਦਾ ਮੁਕਲਾਵਾ ਤੋਰਨ ਵਿਚ ਮਾਪਿਆਂ ਵਲੋਂ ਬੇਲੋੜੀ ਦੇਰੀ ਹੋ ਜਾਂਦੀ ਸੀ ਜਿਸ ਕਾਰਨ ਉਸ ਦੇ ਚਾਅ ਅਧੂਰੇ ਰਹਿ ਜਾਂਦੇ ਸਨ। ਇਕ ਗੀਤ ਵਿਚ ਧੀ ਆਪਣੀ ਮਾਂ ਨੂੰ ਮੁਕਲਾਵਾ ਤੋਰਨ ਲਈ ਆਖਦੀ ਹੈ:-

ਦੇ ਦੇ ਮਾਏਂ ਅਜ ਮੁਕਲਾਵਾ ਨੀ
ਤੇਰਾ ਭਾਈ ਜੀਵੇ ਤੇਰਾ ਸਾਈਁ ਜੀਵੇ
ਦੇ ਦੇ ਮਾਏਂ ਅਜ ਮੁਕਲਾਵਾ ਨੀ

ਜੇ ਤੇਰੇ ਘਰ ਹੈਨੀ ਮੌਲ਼ੀ
ਬਾਣ ਦੀਆਂ ਰੱਸੀਆਂ ਮੰਗਾਂ ਦੇ ਨੀ
ਦੇ ਦੇ ਮਾਏਂ ਮੁਕਲਾਵਾ ਨੀ
ਤੇਰਾ ਭਾਈ ਜੀਵੇ ਤੇਰਾ ਸਾਈਁ ਜੀਵੇ

ਜੇ ਤੇਰੇ ਘਰ ਹੈਨੀ ਲੱਡੂਏ
ਮੈਨੂੰ ਕੱਲੀਓ ਸ਼ਕਰ ਮੰਗਾ ਦੇ ਨੀ
ਦੇ ਦੇ ਮਾਏਂ ਮੁਕਲਾਵਾ ਨੀ
ਤੇਰਾ ਭਾਈ ਜੀਵੇ ਤੇਰਾ ਸਾਈਁ ਜੀਵੇ

ਜੇ ਤੇਰੇ ਘਰ ਹੈਨੀ ਮਹਿੰਦੀ
ਮੈਨੂੰ ਅੱਸਰ ਝੋਟੀ ਦਾ ਗੋਹਾ ਮੰਗਾਂ ਦੇ ਨੀ
ਦੇ ਦੇ ਮਾਏਂ ਮੁਕਲਾਵਾ ਨੀ
ਤੇਰਾ ਭਾਈ ਜੀਵੇ ਤੇਰਾ ਸਾਈਂ ਜੀਵੇ

ਜੇ ਤੇਰੇ ਘਰ ਹੈਨੀ ਕੱਪੜੇ
ਮੈਨੂੰ ਬੋਰੀ ਦਾ ਪੱਲੜ ਸਮਾ ਦੇ ਨੀ
ਦੇ ਦੇ ਮਾਏਂ ਮੁਕਲਾਵਾ ਨੀ
ਤੇਰਾ ਭਾਈ ਜੀਵੇ ਤੇਰਾ ਸਾਈਁ ਜੀਵੇ

ਜਦੋਂ ਵਿਆਹ ਦਾ ਕਾਰਜ ਸਿਰ ਤੇ ਹੋਵੇ ਤਾਂ ਮੰਦਹਾਲੀ ਕਾਰਨ ਚਿੰਤਾ ਵਿਚ ਗਰੱਸੇ ਬਾਬੇ ਤੇ ਬਾਬਲ ਦੀ ਨੀਂਦ ਖੰਭ ਲਾ ਕੇ ਉਡ ਜਾਂਦੀ ਹੈ:-

76/ ਸ਼ਗਨਾਂ ਦੇ ਗੀਤ