ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਨੂੰ ਉਹ ਖੂਬਸੂਰਤ ਦਿਨ ਚੰਗੀ ਤਰ੍ਹਾਂ ਯਾਦ ਹੈ ਜਦੋਂ ਮੰਗਲ ਭਾ ਨਾਲ ਮੇਰੀ ਪਹਿਲੀ ਮੁਲਾਕਾਤ ਹੋਈ ਸੀ। ਅਬੋਹਰ ਦੇ ਸਾਹਿਤ-ਸਦਨ ਵਿੱਚ ਡੀ.ਏ.ਵੀ. ਕਾਲਿਜ ਵੱਲੋਂ ਨਾਟਕ-ਮੇਲਾ ਤੇ ਗੀਤ-ਸੰਗੀਤ ਪ੍ਰੋਗਰਾਮ ਸੀ। ਪ੍ਰੋ: ਗੁਰਰਾਜ ਚਹਿਲ, ਪ੍ਰੋ: ਢਿੱਲੋਂ, ਪ੍ਰੋ: ਗੋਂਦਾਰਾ, ਪ੍ਰੋ: ਭੁੱਲਰ ਤੇ ਹੋਰ ਮਿੱਤਰ ਇਸ ਪ੍ਰੋਗਰਾਮ ਦੇ ਪ੍ਰਬੰਧਕ ਸਨ। ਸ਼ਾਮ ਢਲਦੇ ਹੀ ਗਾਇਕੀ ਦਾ ਪ੍ਰੋਗਰਾਮ ਸ਼ੁਰੂ ਹੋਇਆ। ਇਸ ਵਿੱਚ ਹਾਕਮ ਸੂਫੀ, ਤਰਲੋਕ ਸਿੰਘ, ਨੈਬੀ, ਸਤਪਾਲ ਭੂੰਦੜ, ਸੁਭਾਸ਼ ਦੁੱਗਲ, ਅਸ਼ੋਕ ਮਸਤੀ ਤੇ ਮੈਂ ਸ਼ਾਮਿਲ ਸਾਂ। ਸਰੋਤਿਆਂ ਨੇ ਸਾਰੇ ਕਲਾਕਾਰਾਂ ਨੂੰ ਏਨਾ ਪਸੰਦ ਕੀਤਾ ਕਿ ਹਰ ਕਲਾਕਾਰ ਹੋਰ ਸੁਣਾਓ, 'ਹੋਰ ਸੁਣਾਓ' ਦੀਆਂ ਫਰਮਾਇਸ਼ਾਂ ਹੋ ਰਹੀਆਂ ਸਨ। ਵਿਦਿਆਰਥੀ/ਵਿਦਿਆਰਥਣਾਂ ਮਸਤੀ ਵਿੱਚ ਗੀਤਾਂ ਦੇ ਨਾਲ-ਨਾਲ ਨੱਚ ਰਹੇ ਸਨ। ਪ੍ਰੋਗਰਾਮ ਤੋਂ ਬਾਅਦ ਰਾਤ ਦਾ ਖਾਣਾ ਨਜ਼ਦੀਕ ਹੀ ਇੱਕ ਹੋਟਲ ਵਿੱਚ ਸੀ। ਹੋਟਲ ਵਿੱਚ ਵਾਸ਼ਬੇਸਨ 'ਤੇ ਖੜ੍ਹਾ ਮੈਂ ਹੱਥ ਧੋ ਰਿਹਾ ਸਾਂ ਕਿ ਪਿੱਛੋਂ ਆਕੇ ਕਿਸੇ ਨੇ ਮੈਨੂੰ ਆਪਣੀ ਗਲਵੱਕੜੀ ਵਿੱਚ ਭਰ ਲਿਆ। ਮੈਂ ਪਰਤਕੇ ਦੇਖਿਆ ਤਾਂ ਇੱਕ ਬਹੁਤ ਹੀ ਖੂਬਸੂਰਤ ਸ਼ਖ਼ਸ ਮੇਰੇ ਵੱਲ ਦੇਖਕੇ ਮਿੰਨ੍ਹਾ-ਮਿੰਨ੍ਹਾ ਮੁਸਕਰਾ ਰਿਹਾ ਸੀ। ਪਟਿਆਲਾ ਸ਼ਾਹੀ ਪੱਗ, ਗੋਰਾ ਨਿਸ਼ੋਹ ਰੰਗ, ਹੱਸਦੀਆਂ ਅੱਖਾਂ ਤੇ ਉੱਤੋਂ ਮੋਹ ਭਰੀ ਗਲਵੱਕੜੀ। ਇਸ ਤੋਂ ਪਹਿਲਾਂ ਕਿ ਮੈਂ ਕੁਝ ਬੋਲਦਾ, ਉਹ ਬੋਲਿਆ, ਨਿੱਕੇ ਵੀਰ ਮੈਂ ਮੰਗਲ ਹਾਂ ਮੰਗਲ ਮਦਾਨ, ਅੱਜ ਤੇਰਾ ਗੀਤ "ਮਾਏ ਨੀ ਮੇਰਾ ਅੱਲਾ ਵੀ ਓ", ਸੁਣਕੇ ਮਨ ਝੂਮ ਉੱਠਿਆ। ਕਾਕਾ ਤੂੰ ਲਿਖਦਾ ਵੀ ਵਧੀਆ ਏਂ, ਤੇ ਤੋਰੀ ਆਵਾਜ਼ ਵਿੱਚ ਵੀ ਦਮ ਹੈ।"

ਮੈਂ ਪਹਿਲਾਂ ਹੀ ਮੰਗਲ ਮਦਾਨ ਦਾ ਨਾਮ ਚੰਗੀ ਤਰ੍ਹਾਂ ਸੁਣਿਆ ਹੋਇਆ ਸੀ। ਮਲੋਟ ਵਾਲਾ ਨਿਰਮਲ ਨਿੰਮਾ ਉਸਦੇ ਗੀਤ ਗਾਉਂਦਾ ਤਾਂ ਸਾਨੂੰ ਸਾਰੇ ਮਿੱਤਰਾਂ ਨੂੰ ਉਹ ਗੀਤ ਬਹੁਤ ਹੀ ਚੰਗੇ ਲਗਦੇ। ਗੀਤਾਂ ਦੇ ਬੋਲ ਸਾਡੇ ਦਿਲਾਂ ਵਿੱਚ ਲਹਿ ਜਾਂਦੇ।

ਉਹਨਾਂ ਗੀਤ ਦੇ ਬੋਲ ਜ਼ਿਹਨ ਵਿੱਚ ਅੱਜ ਵੀ ਤਰੋ-ਤਾਜ਼ਾ ਨੇ

ਮਾਹੀਆ ਵੇ ਮੈਨੂੰ ਮੁੰਦਰੀ ਘੜਾਦੇ
ਮੁੰਦਰੀ ਘੜਾਦੇ
ਵਿੱਚ ਸੋਨੇ ਦਾ ਨਗ ਜੜਵਾਦੇ
ਮਾਹੀਆ ਵੇ ... ...

ਮੁੰਦਰੀ ਇਹ ਪਾਕੇ ਵੇ ਮੈਂ
ਗਿੱਧੇ ਵਿੱਚ ਨੱਚਣਾ
ਮੇਰੀਆਂ ਸਹੇਲੀਆਂ ਨੇ
ਹੋਰ ਵੀ ਹੈ ਮੱਚਣਾ
ਮੱਚਦੀਆਂ ਨੂੰ ਤੂੰ ਹੋਰ ਮਚਾਦੇ