ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਨਾ ਪੈਂਦਾ ਹੈ। ਮੰਗਲ ਮਦਾਨ ਮਕਤੇ ਸਿਰਜਣ ਦੀ ਕਲਾ ਵਿੱਚ ਲਾਜਵਾਬ ਸੀ। ਉਸਦੇ ਕਈ ਮਕਤੇ ਉਰਦੂ ਜ਼ਬਾਨ ਦੇ ਪ੍ਰਸਿੱਧ ਕਵੀਆਂ ਮਿਰਜ਼ਾ ਗ਼ਾਲਿਬ, ਮੀਰ ਅਤੇ ਸ਼ੌਕ ਨਾਲ ਬਰ ਮੇਚਦੇ ਸਨ। ਦੇਖੋ:

• ਨਾ ਸ਼ਾਇਰ ਨਾ ਬੰਦੇ ਵਧੀਆ,
ਬਸ 'ਮੰਗਲ ਮਦਾਨ' ਜਿਹੇ ਹਾਂ।

• ਵਿਧਵਾ ਵਰਗੀ ਕਿਸਮਤ ਭਾਵੇਂ 'ਮੰਗਲ' ਦੀ,
ਦੁਲਹਨ ਵਾਂਗੂ ਫਿਰ ਵੀ ਨਖ਼ਰੇ ਕਰਦਾ ਹੈ।

• 'ਮੰਗਲ' ਦਾ ਹੈ ਜਿਸ ਥਾਂ ਵਾਸਾ,
ਮਿੱਠੀ ਖੂਹੀ, ਪਾਣੀ ਖਾਰਾ।

• 'ਮੰਗਲ' ਵਾਂਗੂੰ ਰੁੱਖੀ-ਸੁੱਕੀ ਖਾਧੀ ਨਾ,
ਚੇਤੇ ਚੂਰੀ ਰੱਖੀ, ਹੁਣ ਪਛਤਾਉਂਦੇ ਹਾਂ।

• ਜੀਵਨ ਭਰ ਦੀ ਖੱਟੀ ਵੇਖੋ 'ਮੰਗਲ' ਦੀ,
ਕੁਝ ਗ਼ਜ਼ਲਾਂ, ਨਗ਼ਮੇ, ਦੇ ਚਾਰ ਕਿਤਾਬਾਂ ਨੇ।

ਮੰਗਲ ਮਦਾਨ ਨੇ ਗ਼ਜ਼ਲਾਂ ਵਾਂਗ ਆਪਣੇ ਗੀਤਾਂ ਵਿੱਚ ਵੀ ਚਿੰਤਨ ਦੀ ਮੌਲਿਕਤਾ ਅਤੇ ਅਨੁਭਵ ਦੀ ਤਾਜ਼ਗੀ ਨੂੰ ਬਰਕਰਾਰ ਰੱਖਿਆ ਹੈ। ਉਹ ਮੁਹੱਬਤ ਦਾ ਸ਼ਾਇਰ ਸੀ। ਸਮੁੱਚੀ ਮਨੁੱਖਤਾ ਨੂੰ ਪ੍ਰੇਮ ਕਰਨ ਵਾਲੇ ਸ਼ਾਇਰ ਹੀ'ਮੁਹੱਬਤ ਦੇ ਸ਼ਾਇਰ' ਬਣ ਸਕਦੇ ਹਨ। ਉਹ ਸਮੁੱਚੇ ਮਨੁੱਖ ਦੇ ਦੁਖ-ਦਰਦ ਨਾਲ ਸਾਂਝ ਦਰਸਾਉਣ ਵਾਲਾ ਕਵੀ ਸੀ। ਉਸਦਾ ਭਾਵਬੋਧ (Sensibility) ਬੜਾ ਤੀਖਣ ਸੀ। ਇਸੇ ਕਾਰਨ ਉਸ ਦੁਆਰਾ ਰਚੇ ਗਏ ਗੀਤਾਂ ਦੇ ਮੁਖੜੇ ਲੋਕਗੀਤਾਂ ਵਰਗੇ ਸੱਜਰੇ ਅਤੇ ਆਕ੍ਰਸ਼ਕ ਪ੍ਰਤੀਤ ਹੁੰਦੇ ਹਨ। ਕੁਝ ਪ੍ਰਮਾਣ ਦੇਖੋ:

• ਮੁੰਡਾ ਚੌਦਵੀਂ ਦਾ ਚੰਦ,
ਮੇਰੇ ਆ ਗਿਆ ਪਸੰਦ,
ਉਹਨੂੰ ਆਪਣੀ ਮੈਂ ਤਾਲ ਤੇ ਨਚਾ ਲੈਣਾ।
ਮੁੰਡਾ ਚੀਨਾ ਕਬੂਤਰ-ਨੀ ਮੈਂ ਦਿਲ ਵਾਲੀ ਛਤਰੀ ਬਹਾ ਲੈਣਾ।

• ਮੁੰਡਾ ਹਾਣ ਦਾ ਕਾਲਜ ਨਹੀਓਂ ਆਇਆ,
ਸਈਓ ਨੀ ਮੇਰਾ ਜੀਅ ਨਾ ਲਗੇ।
ਤਾਹੀਓਂ ਪੀਰੀਅਡ ਨਾ ਇੱਕ ਵੀ ਮੈਂ ਲਾਇਆ,
ਸਈਓ ਨੀ ਮੇਰਾ ਜੀਅ ਨਾ ਲਗੇ।