ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

• ਤੀਰ ਡੂੰਘਿਆਂ ਨੈਣਾਂ ਦੇ ਮਾਰ,
ਸਾਨੂੰ ਲੁੱਟ ਕੇ ਸਰੇ-ਬਾਜ਼ਾਰ,
ਕੁੜੀ ਔਹ ਗਈ! ਔਹ ਗਈ!

ਉਸਦੇ ਗੀਤਾਂ ਦੇ ਵਿਸ਼ੇ ਬੜੇ ਵੰਨ-ਸੁਵੰਨੇ ਅਤੇ ਸਮਕਾਲੀ ਹਨ। ਕਿਧਰੇ ਉਹ 'ਬੋਤਲ' ਨੂੰ 'ਸਤਿ ਸ੍ਰੀ ਅਕਾਲ' ਬੁਲਾਉਂਦਾ ਹੈ। ਕਿਧਰੇ ਵਿਦੇਸ਼ਾਂ ਵਿਆਹੀਆਂ ਜਾ ਰਹੀਆਂ ਕੁੜੀਆਂ ਦੇ ਕੀਰਨਿਆਂ ਨੂੰ ਕਲਮਬੰਦ ਕਰਦਾ ਹੈ ਅਤੇ ਕਿਧਰੇ ਕਿਸੇ ਵਿਆਹੇ ਜਾ ਰਹੇ ਮਿੱਤਰ ਦੀਆਂ ਖੁਸ਼ੀਆਂ ਦਾ ਸਿਹਰਾ ਗੁੰਦਦਾ ਹੈ। ਇੱਕ-ਦੋ ਗੀਤਾਂ ਵਿੱਚ ਉਸਨੇ ਲੋਕ-ਤੱਥਾਂ ਦੀ ਬੜੀ ਖ਼ੂਬਸੂਰਤ ਤਰਜ਼ਮਾਨੀ ਵੀ ਕੀਤੀ ਹੈ:

ਗਲੀ 'ਚੋਂ ਨਿਆਣਿਆਂ ਨੂੰ, ਘਰਾਂ 'ਚੋਂ ਸਿਆਣਿਆਂ ਨੂੰ,
ਭੜੋਲਿਆਂ 'ਚੋਂ ਦਾਣਿਆਂ ਨੂੰ, ਲੋਕੋ ਲੱਭਦੇ ਫਿਰੋਗੇ।

ਗੁੱਟਾਂ ਉਤੇ ਰੱਖੜੀ ਨੂੰ, ਵੱਟਿਆਂ ਤੇ ਤੱਕੜੀ ਨੂੰ,
ਲਾਸ਼ ਲਈ ਲੱਕੜੀ ਨੂੰ, ਲੋਕੋ ਲੱਭਦੇ ਫਿਰੋਗੇ।

ਰੱਖੀ ਸੁੱਕੀ ਖਾਣ ਵਾਲੇ, ਸ਼ੁਕਰ ਮਨਾਉਣ ਵਾਲੇ,
ਬੋਲਾਂ ਨੂੰ ਪੁਗਾਉਣ ਵਾਲੇ, ਲੋਕੋ ਲੱਭਦੇ ਫਿਰੋਗੇ।

ਸੋਨਾ ਬਿਨਾਂ ਖੋਟ ਦਾ, 'ਮੰਗਲ' ਮਲੋਟ ਦਾ,
ਹੱਕ-ਦਾਰ ਵੋਟ ਦਾ, ਲੋਕੋ ਲੱਭਣੇ ਫਿਰੋਗੇ।

ਹਰ ਸੱਚੇ ਸ਼ਾਇਰ ਵਾਂਗ ਮੰਗਲ ਮਦਾਨ ਇੱਕ 'ਭਵਿੱਖਦਰਸ਼ੀ' ਸ਼ਾਇਰ ਸੀ। ਮੈਂ ਅਜਿਹੇ ਸੱਚੇ-ਸੁੱਚੇ ਅਤੇ ਖਰੇ ਬੋਲਾਂ ਵਾਲੇ ਮੌਲਿਕ ਕਵੀ ਦਾ ਹਾਰਦਿਕ ਅਭਿਨੰਦਨ ਕਰਦਾ ਹਾਂ ਅਤੇ ਹਿਰਦੇਪਾਲ ਸਿੰਘ ਦੇ ਸੁਮੱਚੇ ਪਰਿਵਾਰ ਤੇ ਹਿਤੈਸ਼ੀਆਂ ਨੂੰ ਸ਼ੁਭ ਕਾਮਨਾਵਾਂ ਅਰਪਿਤ ਕਰਦਾ ਹਾਂ।

ਪ੍ਰੋ. ਬ੍ਰਹਮਜਗਦੀਸ਼
12 ਸਤੰਬਰ, 2012
ਬ੍ਰਹਮਨਿਵਾਸ, ਹੀਦਿਰਾ ਨਗਰ
ਫ਼ਰੀਦਕੋਟ-151203