ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਰ ਵਰਤਾਰੇ ਤੋਂ ਕਦੇ ਵੀ ਅਣਭਿੱਜ ਨਹੀਂ ਰਹਿ ਸਕਦਾ। ਮੰਗਲ ਮਦਾਨ ਦੇ ਖ਼ੂਬਸੂਰਤ ਸ਼ੇਅਰਾਂ ਦੀ ਵੰਨਗੀ ਵੇਖੋ:

ਰੁੱਖਾਂ ਵਰਗੀ ਜ਼ਿੰਦੜੀ ਮੇਰੀ, ਪੱਤਾ ਪੱਤਾ ਹੋਈ,
ਅੱਜ ਮੈਂ ਆਪੇ ਆਪਣੇ ਹੱਥੀਂ, ਰੁੱਤ ਬਸੰਤੀ ਤੇਰੀ।

ਚੇਤੰਨ ਕਵੀ ਦੀ ਸੋਚ ਕਦੇ ਵੀ ਸਥਾਪਤੀ ਨਾਲ ਸਮਝੌਤਾ ਨਹੀਂ ਕਰਦੀ। ਪਰ ਜਦ ਸਥਾਪਤੀ ਜਾਂ ਸੱਤਾ, ਜ਼ਿੰਦਗੀ ਦੇ ਹਰ ਖੇਤਰ ਵਿੱਚ ਆਪਣਾ ਕਰੂਰ ਚਿਹਰਾ ਅਤੇ ਘ੍ਰਿਣਤ ਕਿਰਦਾਰ ਦਿਖਾਉਂਦੀ ਹੈ ਤਾਂ ਮੰਗਲ ਮਦਾਨ ਦੇ ਅੰਦਰਲਾ ਹਸ਼ਾਸ ਕਵੀ ਉਹਨਾਂ ਮਨੁੱਖਾਂ ਦੀ ਮਾਨਸਿਕਤਾ, ਜਿਹੜੇ ਲੰਘੇ ਸਮਿਆਂ ਨੂੰ ਛੂਹਦੇ ਹਨ, ਇੰਜ ਧਿਆਨ ਕਰਦਾ ਹੈ:

ਨਾਲ ਸਮੇਂ ਦੇ ਟੁਰਦੇ ਤਾਂ ਕੁਛ ਖੱਟ ਜਾਂਦੇ,
ਵਕਤੋਂ ਦੂਰੀ ਰੱਖੀ ਹੁਣ ਪਛਤਾਉਂਦੇ ਹਾਂ।

ਮੰਗਲ ਵਾਂਗੂੰ ਰੁੱਖੀ ਸੁੱਕੀ ਖਾਧੀ ਨਾ,
ਚੇਤੇ ਰੱਖੀ ਚੂਰੀ, ਹੁਣ ਪਛਤਾਉਂਦੇ ਹਾਂ।

ਕਿਹਾ ਜਾਂਦਾ ਹੈ, ਦਲੀਲ ਨੂੰ ਸੋਚ ਉਡਾਰੀ ਦੇ ਖੰਭ ਲਾਉਣਾ ਹੀ ਕਵਿਤਾ ਹੈ, ਜਾਂ ਕਹਿ ਸਕਦੇ ਹਾਂ, ਕਵਿਤਾ ਮਨ ਦੀ ਉਡਾਰੀ ਦਾ ਪ੍ਰਗਟਾ ਹੈ। ਪਰ ਇਹ ਗੱਲ ਅੱਜ ਦੇ ਸਮੇਂ ਵਿੱਚ ਮੈਂ ਸਮਝਦਾ ਹਾਂ ਪ੍ਰਸੰਗਿਕ ਨਹੀਂ ਹੈ। ਅੱਜ ਦੇ ਸਮੇਂ ਦੀ ਕਵਿਤਾ ਜ਼ਮੀਨ ਨਾਲ ਜੁੜੀ ਕਵਿਤਾ ਹੈ, ਆਪਣੇ ਲੋਕਾਂ ਦੇ ਮਨ ਦੀ ਬਾਤ ਪਾਉਂਦੀ ਹੈ। ਅੱਜ ਪੂੰਜੀਵਾਦੀ ਸੱਤਾ ਨੇ ਮਨੁੱਖ ਨੂੰ ਬੇਹੱਦ ਸਵਾਰਥੀ ਬਣਾ ਦਿੱਤਾ ਹੈ, ਉਹ ਸਿਰਫ਼ ਨਿੱਜ ਲਈ ਫ਼ਿਰਕਮੰਦ ਹੈ। ਮੰਗਲ ਮਦਾਨ, ਅੱਜ ਦੇ ਮਨੁੱਖ ਦੀ ਭਾਵ ਵਿਸ਼ਵੀ-ਕਰਨ ਦੇ ਮਨੁੱਖ ਦੀ ਗੱਲ ਕਰਦਾ ਹੈ।

ਸ਼ਕਲੋਂ ਤਾਂ ਇਨਸਾਨ ਜਿਹੇ ਹਾਂ।
ਅਮਲੋਂ ਪਰ ਸ਼ੈਤਾਨ ਜਿਹੇ ਹਾਂ।
ਜਿਸਨੂੰ ਲੁੱਟਿਆ ਆਪਣਿਆਂ ਨੇ,
ਭਾਰਤ ਦੇਸ਼ ਮਹਾਨ ਜਿਹੇ ਹਾਂ।

ਅਜਿਹੀਆਂ ਖ਼ੂਬਸੂਰਤ ਅਤੇ ਅਰਥ-ਭਰਪੂਰ ਗ਼ਜ਼ਲਾਂ ਦੇ ਨਾਲ ਨਾਲ, ਮੰਗਲ ਮਦਾਨ ਨੇ ਸਾਹਿਤਕ ਗੀਤਾਂ ਵਿੱਚ ਸ਼ਲਾਘਾਯੋਗ ਕਾਰਜ ਕੀਤਾ ਹੈ। ਅੱਜ ਦੇ ਦੌਰ ਵਿੱਚ ਸਾਡੇ ਵਧੇਰੇ ਗੀਤਕਾਰਾਂ ਨੇ ਸਭਿਆਚਾਰਕ ਗੀਤਾਂ ਦੇ ਨਾਮ ਹੇਠ ਏਨਾ ਪ੍ਰਦੂਸ਼ਣ ਫੈਲਾਇਆ ਹੋਇਆ ਹੈ, ਉਹਨਾਂ ਨੂੰ ਪੰਜਾਬੀ ਗੱਭਰੂ, ਸ਼ਰਾਬਾਂ ਪੀ ਕੇ ਲਲਕਾਰੇ ਮਾਰਦੇ ਦਿੱਸਦੇ ਹਨ, ਮੋਢਿਆਂ ਉੱਪਰ ਸਦਾ ਹਥਿਆਰ ਰੱਖਦੇ ਹਨ। ਤਿੱਲੇਦਾਰ ਜੁੱਤੀਆਂ ਪਹਿਨਦੇ ਹਨ ਤੇ ਤੁਰਲ੍ਹੇ ਵਾਲੀ ਕਾਲੀ ਪੱਗ ਬੰਨ੍ਹਦੇ ਹਨ। ਪਰ ਮੰਗਲ ਮਦਾਨ ਦੇ ਗੀਤ, ਇਹਨਾਂ ਤੱਤੇ ਅਤੇ ਅਸ਼ਲੀਲ ਗੀਤਾਂ ਦੀ ਤਪਸ਼ ਭਰੇ ਇਸ ਮਾਹੌਲ ਵਿੱਚ ਠੰਢੀ ਛੁਹਾਰ ਵਾਂਗ ਆਏ ਹਨ:

25/ਸ਼ਬਦ ਮੰਗਲ