ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਡਾ ਮੰਗਲ

ਮੈਥੋਂ ਅੱਜ ਤੱਕ ਮੰਨ ਨਹੀਂ ਹੋਇਆ ਕਿ ਮੈਂ ਜਦ ਮੰਗਲ ਦੇ ਘਰ ਜਾਵਾਂਗਾ ਤਾਂ ਮੰਗਲ ਨਿੱਘੀ ਗਲਵੱਕੜੀ ਨਾਲ ਮੇਰਾ ਇਸਤ-ਇਕਬਾਲ ਨਹੀਂ ਕਰੇਗਾ। ਮੈਂ ਜਦ ਵੀ ਮੁੰਬਈ ਤੋਂ ਮਲੋਟ ਆਇਆ ਹੁਨਾ, ਨੰਨ੍ਹੀ ਭਾਬੀ ਹੁਰਾਂ ਨੂੰ ਜਦ ਸਤਿ ਸ੍ਰੀ ਆਕਾਲ ਕਹਾਂਗਾ ਤਾਂ ਸਤਿ ਸ੍ਰੀ ਆਕਾਲ ਦੇ ਜਵਾਬ ਦੇ ਨਾਲ ਹੀ ਇੱਕ ਮੁਸਕਰਾਹਟ ਚੋਂ ਸਵਾਲਾਂ ਦੀ ਝੜੀ ਆਏਗੀ। "ਹੁਣ ਤੂੰ ਮੁੰਬਈ ਕਦ ਜਾਣਾ? 'ਕੱਲਾ ਕਿਉਂ ਆਇਆ ਹੈਂ! ਨੇਹਾ ਨੂੰ ਕਿਉਂ ਨਹੀਂ ਨਾਲ ਲੈ ਕੇ ਆਇਆ? ਵਿੱਚੋਂ ਮੰਗਲ ਬੋਲ ਪਿਆ 'ਹੁਣ ਇਹ ਮਲੋਟ ਜੋਗਾ ਨਹੀਂ ਰਿਹਾ। ਤੇ ਮੈਂ ਰਾਵਣ ਹਾਸਾ ਨਹੀਂ ਹੱਸਾਂਗਾ।

ਨੈਨ੍ਹੀ ਭਾਬੀ ਨੇ ਕਦੀ ਕਿਸੇ ਆਏ ਗਏ ਤੇ ਮੱਥੇ ਵੱਟ ਨਹੀਂ ਸੀ ਪਾਏ। ਮੰਗਲ ਦੇ ਦੋਸਤਾਂ ਨੂੰ ਤੇ ਚਾਹੁਣ ਵਾਲਿਆਂ ਨੂੰ ਉਹ ਚਾਹ ਪਾਣੀ ਇੱਕ ਰੂਹਾਨੀ ਮੁਸਕਰਾਹਟ ਨਾਲ ਹੀ ਪੇਸ਼ ਕਰਦੀ ਸੀ, ਤੇ ਹੁਣ ਮੰਗਲ ਦੇ ਦੋਸਤਾਂ ਦੇ ਆਏ ਤੇ ਉਹਨਾਂ ਦੀਆਂ ਅੱਖਾਂ ਬਾਹਰ ਆਉਂਦੀਆਂ ਨੇ।

ਅਸਲ 'ਚ ਮੰਗਲ ਦੇ ਘਰ ਸ਼ਾਇਰਾਂ, ਗਾਇਕਾਂ, ਪੇਟਰਾਂ, ਡਰਾਮੇ-ਬਾਜ਼ਾਂ, ਫ਼ਿਲਮ ਐਕਟਰਾਂ, ਫ਼ਿਲਮ ਮੇਕਰਾਂ ਤੇ ਲੋੜਵੰਦਾਂ ਦੀ ਇੱਕ ਬਹੁਤ ਮਨ-ਭਾਉਂਦੀ ਠਾਹਰ ਸੀ। ਇਹ ਕਹਿਣਾ ਕੋਈ ਅਨੋਖੀ ਗੱਲ ਨਹੀਂ ਕਿ ਇਹ ਸਭ ਲੋਕ ਮਲੋਟ ਤੋਂ ਬਾਹਰ ਜਾਣ, ਮਿੱਠੀ ਖੂਹੀ, ਵਾਲੇ ਮੰਗਲ ਨੂੰ ਸਲਾਮ ਕੀਤੇ ਬਿਨਾਂ ਲੰਘਣਾ ਗਵਾਰਾ ਨਹੀਂ ਕਰਦੇ ਸਨ, ਸੱਚੀ ਗੱਲ ਇਹ ਹੈ ਕਿ ਮੰਗਲ ਕੋਲੋਂ ਜਲਪਾਣੀ, ਚਾਹ ਜਾਂ ਦਾਰੂ ਦਾ ਘੁੱਟ ਪੀਤੇ ਬਿਨਾਂ ਲੰਘਣਾ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਮੰਦਿਰ ਜਾਂ ਗੁਰਦੁਆਰੇ 'ਚੋਂ ਕੋਈ ਬਿਨਾਂ ਪਰਸ਼ਾਦ ਲਏ ਆ ਜਾਵੇ।

ਮੰਗਲ ਦੀ ਸ਼ਖ਼ਸੀਅਤ ਮਲੋਟ ਸ਼ਹਿਰ ਦੀ ਰੂਹ ਹੈ। ਮਹੱਲਾ ਮਿਠੀ ਖੂਹੀ, ਜਾਂ ਖੇਸਾਂ ਵਾਲੀ ਗਲੀ ਉਸਦੇ ਐਡਰੈਸ ਦੇ ਨਾਲ ਲਿਖਣ ਦੀ ਕੱਤੀ ਲੋੜ ਨਹੀਂ ਸੀ।

"ਮੰਗਲ ਮਦਾਨ ਮਿੱਠੀ ਖੂਹੀ ਮਲੋਟ। ਜ਼ਰੂਰਤ ਤੋਂ ਵੀ ਜ਼ਿਆਦਾ ਕਾਫ਼ੀ ਸੀ।

ਮੰਗਲ ਤੇ ਮੋਰੀ ਪ੍ਰਾਇਮਰੀ ਦੀ ਪੜ੍ਹਾਈ ਸਰਕਾਰੀ ਪ੍ਰਾਇਮਰੀ ਸਕੂਲ ਕੱਚੀ ਮੰਡੀ ਮਲੋਟ 'ਚ ਹੋਈ, ਜੋ ਅੱਜ-ਕੱਲ੍ਹ ਹਾਈ ਸਕੂਲ ਹੈ। ਮੰਗਲ ਮਦਾਨ ਇੱਕ ਸਾਲ ਜੂਨੀਅਰ ਸੀ। ਬਾਅਦ 'ਚ ਅਸੀਂ ਸਰਕਾਰੀ ਹਾਈ ਸਕੂਲ ਪੱਕੀ ਮੰਡੀ 'ਚ ਪੜ੍ਹੇ। ਸਾਡੀ ਉਝ ਤਾਂ ਜਾਣ-ਪਹਿਚਾਣ ਸੀ, ਪਰ ਮੰਗਲ ਸ਼ਾਇਰ ਹੈ ਇਸ ਦਾ ਇਲਮ ਮੈਨੂੰ ਗੁਰਮੀਤ ਮੀਤ ਤੋਂ ਹੋਇਆ, ਜੋ ਕਿ ਸ਼ੁਰੂਆਤੀ ਸ਼ਾਇਰੀ ਦੇ ਦੌਰ 'ਚੋਂ ਮੇਰੇ ਕੋਲ ਆਪਣੀਆਂ, ਨਜ਼ਮਾਂ, ਕਵਿਤਾਵਾਂ, ਗ਼ਜ਼ਲਾਂ, ਜਾਂ ਜੇ ਕੁਝ ਵੀ ਉਹ ਲਿਖਦਾ ਸੀ, ਸੁਣਾਉਣ ਆਇਆ ਕਰਦਾ ਸੀ। ਤੇ ਐਦਾਂ ਬਾਦ 'ਚ ਮੰਗਲ ਤੇ ਮੀਤ ਦੇ ਨਾ

30/ਸ਼ਬਦ ਮੰਗਲ