ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਸ਼ਬਦ ਮੰਗਲ' ਲਈ ਮੰਗਲਕਾਮਨਾ

ਕਿਸੇ ਵੀ ਸ਼ਾਇਰ ਲਈ ਬਤੌਰ ਸ਼ਾਇਰ ਅਤੇ ਬਤੌਰ ਪਿਤਾ ਇਸ ਤੋਂ ਵੱਡੀ ਖੁਸ਼ੀ ਤੇ ਤਸੱਲੀ ਵਾਲੀ ਗੱਲ ਕੀ ਹੋ ਸਕਦੀ ਕਿ ਉਸਦੇ ਇਸ ਧਰਤੀ ਤੋਂ ਤੁਰ ਜਾਣ ਬਾਅਦ ਉਸਦੀ ਸ਼ਾਇਰੀ ਦੀ ਵਿਰਾਸਤ ਸਾਂਭੀ ਜਾਵੇ ਤੇ ਸਾਂਭਣ ਵਾਲਾ ਉਸਦਾ ਪੁੱਤਰ ਜਾਂ ਧੀ ਹੋਵੇ ਤਾਂ ਇਹ ਖ਼ੁਸ਼ੀ ਦੁਗਣੀ ਹੋ ਜਾਂਦੀ ਹੈ। ਮੇਰਾ ਸ਼ਾਇਰ ਮਿੱਤਰ ਮੰਗਲ ਮਦਾਨ ਇਸੇ ਖੁਸ਼ੀ ਦਾ ਹੀ ਭਾਗੀ ਹੈ। ਮੰਗਲ ਮਦਾਨ ਨੂੰ ਮੈਂ ਨਿੱਜੀ ਤੌਰ ਤੇ ਤਾਂ ਨੇੜਿਓਂ ਨਹੀਂ ਮਿਲਿਆ ਪਰੰਤੂ ਉਸਦੀ ਸ਼ਾਇਰੀ ਮੇਰੇ ਤੱਕ ਪਹੁੰਚਦੀ ਰਹੀ। ਉਹ ਭਰ ਜਵਾਨੀ ਵਿਚ ਚਲਾ ਗਿਆ। ਲੇਕਿਨ ਸਾਡੀ ਸਾਂਝ ਦੀ ਤੰਦ ਦੁਬਾਰਾ ਜੁੜ ਗਈ ਜਦੋਂ ਉਸਦਾ ਉਸੇ ਵਰਗਾ ਸੁਬਕ, ਮਲੂਕ ਤੇ ਸ਼ਾਇਰ ਪੁੱਤਰ ਹਿਰਦੇਪਾਲ ਕੁਝ ਵਰ੍ਹੇ ਪਹਿਲਾਂ ਮੇਰਾ ਵਿਦਿਆਰਥੀ ਬਣਿਆ। ਹਿਰਦੇਪਾਲ ਐਮ. ਏ. ਕਰਕੇ ਜਾਣ ਤੋਂ ਬਾਅਦ ਮੇਰੇ ਨਾਲ ਭਾਵੁਕ ਤੌਰ ਤੇ ਜੁੜਿਆ ਰਿਹਾ ਹੈ। ਹੁਣ ਲਗਭਗ ਤੀਹ ਸਾਲ ਬਾਅਦ ਮੈਨੂੰ ਜ਼ਿੰਦਗੀ ਵਿਚ ਦੂਜੀ ਵਾਰ ਮਲੌਟ ਜਾਣ ਦਾ ਮੌਕਾ ਮਿਲਿਆ। ਤੀਹ ਵਰ੍ਹੇ ਪਹਿਲਾਂ ਆਪਣੇ ਲੰਗੋਟੀਏ ਯਾਰ ਗੁਰਦਾਸ ਮਾਨ ਨਾਲ ਸ਼ੋਅ ਕਰਨ ਗਿਆ ਸਾਂ ਤਾਂ ਰਾਹ ਵਿਚ ਗੱਡੀ ਦਾ ਐਕਸੀਡੈਂਟ ਹੋਣ ਕਾਰਨ ਉੱਥੇ ਮਿੱਤਰ ਪੱਪੀ ਪਾਸ ਮਲੌਟ ਰਾਤ ਰਿਹਾ ਸਾਂ। ਹੁਣ ਜਦ ਦੁਬਾਰਾ ਆਪਣੇ ਮਿੱਤਰ ਗੁਰਪੰਥ ਦੇ ਬੇਟੇ ਦੇ ਵਿਆਹ ਸਮਾਗਮ 'ਤੇ ਜਾਣ ਦਾ ਬਹਾਨਾ ਬਣਿਆ ਤਾਂ ਮੇਰੇ ਲਈ ਗੁਰਨਿਆਜ਼ (ਗਿੰਨੀ) ਦੇ ਵਿਆਹ ਦੇ ਨਾਲ ਨਾਲ ਹਿਰਦੇਪਾਲ ਨੂੰ ਮਿਲਣਾ ਵਿਸ਼ੇਸ਼ ਏਜੰਡਾ ਸੀ। ਹਿਰਦੇਪਾਲ ਉੱਥੇ ਵਿਆਹ 'ਤੇ ਹੀ ਆ ਗਿਆ। ਅਸੀਂ ਵਰ੍ਹਿਆਂ ਬਾਅਦ ਮਿਲੇ। ਮੈਂ ਉਸਦੀ ਘਰ ਗ੍ਰਹਿਸਥੀ ਦਾ ਹਾਲ ਪੁੱਛਿਆ। ਨਾਲ ਹੀ ਉਸਨੇ ਦੱਸਿਆ ਕਿ ਉਹ ਆਪਣੇ ਤੇ ਮੇਰੇ ਮਿੱਤਰ ਮੰਗਲ ਮਦਾਨ ਬਾਰੇ 'ਸ਼ਬਦ ਮੰਗਲ' ਪੁਸਤਕ ਤਿਆਰ ਕਰ ਰਿਹਾ ਹੈ ਜਿਸ ਵਿਚ ਮੇਰਾ ਸੀਰ ਪੈਣਾ ਲਾਜ਼ਮੀ ਹੈ। ਮੈਨੂੰ ਬੇਇੰਤਹਾ ਖੁਸ਼ੀ ਹੋਈ ਕਿ ਸ਼ਾਇਰ ਮਿੱਤਰ ਮੰਗਲ ਮਦਾਨ ਬਾਰੇ ਪ੍ਰਮਾਣਿਕ ਦਸਤਾਵੇਜ਼ ਤਿਆਰ ਹੋ ਰਿਹਾ ਹੈ। ਇਸ ਤਿਆਰ ਹੋ ਰਹੇ ਦਸਤਾਵੇਜ਼ ਬਾਰੇ ਕੋਈ ਦਸਤਾਵੇਜ਼ੀ ਟਿੱਪਣੀ ਤਾਂ ਨਹੀਂ ਕੀਤੀ ਜਾ ਸਕਦੀ ਪਰੰਤੂ ਇਸ ਦਸਤਾਵੇਜ਼ ਦਾ ਹਿੱਸਾ ਬਣਨ ਦਾ ਮਾਣ ਜ਼ਰੂਰ ਲੈ ਰਿਹਾ ਹਾਂ।

ਮੰਗਲ ਮਦਾਨ ਜ਼ਿੰਦਗੀ ਦਾ ਸ਼ਾਇਰ ਹੈ। ਜ਼ਿੰਦਗੀ ਨੇ ਉਸ ਨਾਲ ਵਫ਼ਾ ਨਹੀਂ ਕੀਤੀ ਤੇ ਜ਼ਾਲਮ ਮੌਤ ਉਸਨੂੰ ਜਲਦੀ ਲੈ ਗਈ। ਲੇਕਿਨ ਉਸਨੇ ਜ਼ਿੰਦਗੀ ਨਾਲ ਪੂਰੀ ਵਫ਼ਾ ਕੀਤੀ ਤੇ ਇਸਦਾ ਸਿੱਟਾ ਉਸਦੀ ਸ਼ਾਇਰੀ ਹੈ, ਜਿਸ ਵਿਚ ਜ਼ਿੰਦਗੀ ਬਹੁਰੰਗਾਂ ਵਿਚ ਪੇਸ਼ ਹੋਈ ਹੈ। ਇਸ ਦਾ ਪ੍ਰਮਾਣ ਨਿਮਨਲਿਖਤ ਸ਼ੇਅਰਾਂ ਤੋਂ ਮਿਲ ਜਾਂਦਾ ਹੈ:

ਵਿਧਵਾ ਵਰਗੀ ਕਿਸਮਤ ਭਾਵੇਂ ਮੰਗਲ ਦੀ
ਦੁਹਲਨ ਵਾਂਗੂੰ ਫਿਰ ਵੀ ਨਖ਼ਰੇ ਕਰਦਾ ਹੈ

43/ਸ਼ਬਦ ਮੰਗਲ