ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੱਲ ਮੇਰੀ ਨੂੰ ਝੂਠ ਨਾ ਜਾਣੀ
ਤੇਰੀ ਸਾਡੀ ਖ਼ਤਮ ਕਹਾਣੀ
ਜਿੰਨ੍ਹੀ ਨਿਭ ਗਈ ਸੁਹਣੀ ਨਿਭ ਗਈ
ਨਿੱਭਣੀ ਨਾ ਹੁਣ ਹੋਰ ਤੇਰੇ ਨਾਲ ਨੀ ਬੋਤਲੇ
ਬਸ ਤੇਰੀ ਸਾਡੀ ਸਤਿ ਸ੍ਰੀ 'ਕਾਲ ਨੀ ਬੋਤਲੇ

ਨਾਲ ਤੇਰੇ ਕਦ ਪੈ ਗਈ ਯਾਰੀ
ਕਦ ਤੂੰ ਬਣ ਗਈ ਜਾਨੋਂ ਪਿਆਰੀ
ਸਹੁੰ ਤੇਰੀ ਕੁਝ ਪਤਾ ਨਾ ਮੈਨੂੰ
ਬੀਤ ਗਏ ਕਿੰਨੇ ਸਾਲ ਨੀ ਬੋਤਲੇ, ਬਸ ਤੇਰੀ ਸਾਡੀ...

ਸ਼ਾਮ ਢਲੇ ਦਿਲ ਗੋਤੇ ਖਾਊ
ਰਹਿ ਰਹਿ ਤੇਰੀ ਯਾਦ ਸਤਾਊ
ਹੋ ਜੂ ਔਖਾ ਮਨ ਸਮਝਾਣਾ
ਜਦ ਆਊ ਤੇਰਾ ਖਿਆਲ ਨੀ ਬੋਤਲੇ, ਬਸ ਤੇਰੀ ਸਾਡੀ...

ਤੈਥੋਂ ਸਦਕੇ ਜਾਵਣ ਵਾਲੇ
ਹਸ ਹਸ ਜਾਨ ਲੁਟਾਉਣ ਵਾਲੇ
ਜੱਗ ਤੇ ਹੋਣੇ ਹੋਰ ਬਥੇਰੇ
ਪਰ ਮੰਗਲ ਜਿਹਾ ਮਿਲਣਾ ਮੁਹਾਲ ਨੀ ਬੋਤਲੇ
ਬਸ ਤੇਰੀ ਸਾਡੀ ਸਤਿ ਸ੍ਰੀ 'ਕਾਲ ਨੀ ਬੋਤਲੇ

80/ਸ਼ਬਦ ਮੰਗਲ