ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਭਗਤ ਸਿੰਘ
: ਕਿਸੇ ਨੂੰ ਮਾਰਨ ਲਈ ਨਹੀਂ। ਅਸੈਂਬਲੀ ਮੈਂਬਰਾਂ ਦੀਆਂ ਅੱਖਾਂ ਖੋਲਣ ਲਈ। ਅਸਲੀ ਬੰਬ ਤਾ ਹੋਵੇਗਾ ਉਹ ਪੈਂਫਲੇਟ ਜਿਸ ਰਾਹੀਂ ਅਸੀਂ ਆਪਣਾ ਸੁਨੇਹਾ ਦੇਵਾਂਗੇ।
ਰਾਜ
: ਪਰ...।
ਭਗਤ ਸਿੰਘ
:ਇਸ ਲਈ ਮੈਂ ਆਪਣਾ ਨਾਂ ਤਜਵੀਜ਼ ਕਰਦਾਂ।
ਆਜ਼ਾਦ
: ਹਰਗਿਜ਼ ਨਹੀਂ। ਮੈਂ ਤੇਰੀ ਜ਼ਿੰਦਗੀ ਦਾ ਰਿਸਕ ਨਹੀਂ ਲੈ ਸਕਦਾ-।
ਰਾਜ
: ਪਰ ਬੰਬ ਸੁੱਟ ਕੇ... ਉੱਥੋਂ ਬਚ ਨਿਕਲਣਾ ਤਾਂ...।
ਭਗਤ ਸਿੰਘ
: ਬਚ ਨਿਕਲਣਾ... ਉਹਦਾ ਤੇ ਸਵਾਲ ਹੀ ਨਹੀਂ, ਫੇਰ ਤੇ ਸਭ ਉੱਥੇ ਹੀ ਖ਼ਤਮ ਹੋ ਜਾਵੇਗਾ। ਅਸੀਂ ਗ੍ਰਿਫ਼ਤਾਰ ਹੋਵਾਂਗੇ ..., ਉਹ ਪੈਂਫਲੇਟ ਸਾਡੇ ਕੋਲ ਹੋਣਗੇ, ਚਰਚਾ ਛਿੜੇਗੀ... ਕਿ ਅਸੀਂ ਇਹ ਰਿਸਕ ਕਿਉਂ ਲਿਆ। ਅਦਾਲਤ 'ਚ ਅਸੀਂ ਦਿਖ਼ਾ ਦਿਆਂਗੇ ਕਿ ਅੰਗਰੇਜ਼ੀ ਨਿਆਂ ਕਾਨੂੰਨ ਸਭ ਪਾਖੰਡ ਹੈ। ਹੋ ਸਕਦਾ ਹੈ ਕੁਝ ਅਖ਼ਬਾਰਾਂ ਸਾਡਾ ਉਹ ਪੈਂਫਲੇਟ ਛਾਪ ਦੇਣ। ਲੋਕਾਂ ’ਚ ਸਾਡੀ ਗੱਲ ਜਾਵੇਗੀ, ਸਾਡਾ ਪ੍ਰੋਗਰਾਮ, ਇਨਕਲਾਬ ਦੀ... ਨਵੇਂ ਰਾਜ ਦੀ ਉਸਾਰੀ ਦੀ ਗੱਲ (ਦੋਹੇਂ ਉਸ ਦਾ ਮੂੰਹ ਤੱਕਦੇ ਹਨ।) ਇਹੋ ਤਾਂ ਹੈ, ਜਿਸ ਦੀ ਲੋੜ ਹੈ।
ਆਜ਼ਾਦ
: ਪਰ ਜਾਵੇਗਾ ਉਹੀ।.., ਜਿਸ ਨੂੰ ਸੈਂਟਰਲ ਕਮੇਟੀ ਭੇਜੇਗੀ। (ਰਾਜਗੁਰੂ ਨੂੰ) ਅੱਜ ਹੀ ਸਭ ਨੂੰ ਸੁਨੇਹੇ ਭੇਜ ਦਿਉ।
(ਭਗਤ ਸਿੰਘ ਨੂੰ ਬੋਲਣ ਦਾ ਮੌਕਾ ਦਿੱਤੇ ਬਿਨਾਂ ਹੀ ਆਜ਼ਾਦ ਚਲਾ ਜਾਂਦਾ ਹੈ। ਰਾਜਗੁਰੂ ਵੀ ਦੂਸਰੇ ਪਾਸੇ ਨਿਕਲ ਜਾਂਦਾ ਹੈ। ਭਗਤ ਸਿੰਘ ਤੜਫਦਾ ਖੜਾ ਰਹਿ ਜਾਂਦਾ ਹੈ।)
ਭਗਤ
: ਮੈਂ ਬੁਰੀ ਤਰ੍ਹਾਂ ਤੜਫ਼ ਰਿਹਾ ਸੀ। ਮੀਟਿੰਗ 'ਚ ਮੇਰਾ ਨਾਂ ਪਾਸ ਨਹੀਂ ਸੀ ਹੋਇਆ। ਹੋਰ ਤਾਂ ਹੋਰ ਸੁਖਦੇਵ ਨੇ ਵੀ ਮੇਰੇ 'ਤੇ ਸ਼ੱਕ ਕੀਤਾ, ਕਮਜ਼ੋਰੀ ਦਾ ਇਲਜ਼ਾਮ ਲਾਇਆ ਮੇਰੇ 'ਤੇ। (ਚੁੱਪੀ)
(ਸੁਖਦੇਵ ਆਉਦਾ ਹੈ।)
ਸੁਖਦੇਵ
: ਤੈਨੂੰ ਨਹੀਂ ਲੱਗਦਾ..., ਤੂੰ ਭੱਜ ਰਿਹਾਂ।
ਭਗਤ ਸਿੰਘ
: ਕੀ ਮਤਲਬ ...?
38 :: ਸ਼ਹਾਦਤ ਤੇ ਹੋਰ ਨਾਟਕ