ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਭਗਤ ਸਿੰਘ
: (ਕੁਝ ਸੋਚਦੇ ਹੋਏ ਸਿਰ ਝਟਕਦਾ ਹੈ) ਅਸੀਂ ਮਹਾਤਮਾ ਦੇ ਪੈਰੋਕਾਰ ਤਾਂ ਨਹੀਂ...। ਪਰ ਉਸ ਦੇ ਰੋਲ ਨੂੰ ਉੱਕਾ ਹੀ ਨਕਾਰ ਦਈਏ। ਇੰਨੇ ਨਾਸ਼ੁਕਰੇ ਵੀ ਨਹੀਂ। ਜੋ ਜਿੰਨ ਉਸ ਨੇ ਬੋਤਲ ਚੋਂ ਕੱਢ ਦਿੱਤਾ ਉਹ ਹੁਣ ਮੁੜ ਬੰਦ ਨਹੀਂ ਹੋ ਸਕਦਾ। ਲੋਕਾਂ ਦੇ ਮੁਰਦਾ ਹੋਏ ਦਿਮਾਗਾਂ ਨੂੰ ਹਿਲੁਣਾਂ ਦੇਣ ਲਈ ਅਸੀਂ ਸ਼ੁਕਰਗੁਜ਼ਾਰ ਹਾਂ ਉਸਦੇ। (ਸੋਚਦੇ ਹੋਏ..., ਉਦਾਸ) ਪਰ ਸਾਬਰਮਤੀ ਦੇ ਇਸ ਸੰਤ ਨੂੰ ਕੋਈ ਚੇਲੇ ਨਹੀਂ ਮਿਲਣੇ। (ਅਜਨਬੀ ਨੂੰ) ਸੱਚ ਪੁੱਛੇ ਤਾਂ..., ਨਾ ਤੇ ਮੈਨੂੰ ਉਸਦੀ ਸਿਆਸਤ ਸਮਝ ਆਉਦੀ ਏ... ਨਾ ਨੈਤਿਕਤਾ। ਸਾਈਮਨ ਕਮਿਸ਼ਨ ਦੇ ਵਿਰੋਧ 'ਚ ਜੋ ਏਕਾ ਹੋਇਆ... ਲੀਰੋ ਲੀਰ ਹੋ ਗਿਆ..., ਤੇ ਮਹਾਤਮਾ ਪਿਆਰ ਦੀ ਗੱਲ ਕਰਦੇ, ਇਰਵਨ ਦੀਆਂ ਮੀਸਣੀਆਂ ਚਾਲਾਂ ਨੇ ਕਾਂਗਰਸ ਅੰਦਰ ਵੀ ਪਾਟੋਧਾੜ ਮਚਾ ਰੱਖੀ ਹੈ। ( ਜ਼ੋਰ ਦੇ ਕੇ) ਮੈਂ ਸਮਝੌਤਿਆਂ ਤੇ ਖਿਲਾਫ਼ ਨਹੀਂ, ਉਹ ਤੇ ਲੜਾਈ ਦਾ ਹਿੱਸਾ ਨੇ ..., ਪਰ ਇਹ ਵੀ ਕੀ ਕਿ ਤੁਸੀਂ ਇੱਕੋ ਹੀ ਝਟਕੇ ਨਾਲ ਪੂਰੀ ਲਹਿਰ ਨੂੰ ਖੇਰੂੰ ਖੇਰੂੰ ਕਰ ਦਿਉਂ। ਅਹਿੰਸਾ ਦੇ ਆਪਣੇ ਅਜੀਬੋ ਗਰੀਬ ਤਜ਼ਰਬੇ ਲਈ ਲੋਕਾਂ ਦੇ ਦਿਲਾਂ ਨਾਲ ਖੇਡੋ..., ਕਿਸੇ ਨੂੰ ਹੱਕ ਨਹੀਂ ਕਿ ਉਹ ਆਪਣੀ ਸਣਕ ਖਾਤਰ ਕੌਮ ਦੀ ਆਜ਼ਾਦੀ ਨਾਲ ਖਿਲਵਾੜ ਕਰੇ..., ਆਜ਼ਾਦੀ ਦੀ ਜੋ ਚਿਣਗ ਉਸ ਲਾਈ ਹੈ, ਉਸ ਲਈ ਪ੍ਰਣਾਮ ਕਰਦੇ ਹਾਂ ਉਸਨੂੰ, ਪਰ ਅਸੀਂ ਭੁੱਲ ਨਹੀਂ ਸਕਦੇ- ਹੱਥ 'ਚ ਨੰਗੀ ਖੜਗ, ਤੇ ਨੈਣਾਂ 'ਚ ਵੰਗਾਰ ਲਈ 'ਕੋਈ ਇਕ ਸਿਰ ਹੋਰ ਵਈ ਓ ਦਾ ਹੋਕਾ ਦਿੰਦਾ ਕੋਈ ਪ੍ਰਕਾਰ ਰਿਹਾ- ਅਸੀਂ ਰੁਕ ਨਹੀਂ ਸਕਦੇ...!
(ਅਜਨਬੀ ਹੌਲੀ-ਹੌਲੀ ਉਸ ਦੇ ਪਿੱਛੇ ਆਉਂਦਾ ਹੈ ਤੇ ਪਿਆਰ ਨਾਲ ਉਸ ਦੇ ਮੋਢਿਆਂ 'ਤੇ ਹੱਥ ਧਰਦਾ ਹੈ। .. ਤੇ ਉਸ ਨੂੰ ਰੋਸ਼ਨੀ ਦੀ ਦਿਸ਼ਾ 'ਚ ਦੇਖਣ ਦਾ ਇਸ਼ਾਰਾ ਕਰਦਾ ਹੈ। ਜਿੱਥੇ ਸੁਖਦੇਵ ਉਸ ਦਾ ਖਤ ਪੜ੍ਹ ਰਿਹਾ ਹੈ।)
ਭਗਤ ਸਿੰਘ
:(ਪਛਾਣਦੇ ਹੋਏ, ਖੁਸ਼ੀ ਨਾਲ) ਇਹ ਤੇ ਸੁਖਦੇਵ ਵੇ-।
ਅਜਨਬੀ
:ਤੇਰਾ ਈ ਖਤ ਪੜ ਰਿਹਾ-
(ਰੌਸ਼ਨੀ ਉਨ੍ਹਾਂ ਤੋਂ ਘੱਟਦੀ ਹੋਈ ਦੁਸਰੇ ਪਾਸੇ ਵੱਧਦੀ ਹੈ। ਸੁਖਦੇਵ ਖ਼ਤ ਪੜਦੇ ਪੜਦੇ ਲੰਮਾਂ ਹੌਂਕਾ ਭਰਦਾ ਹੈ ਤੇ ਸਿਰ ਨੂੰ ਇਵੇਂ ਝਟਕਦਾ ਹੈ ਜਿਵੇਂ ਕਿਸੇ ਖਿਆਲ ਨੂੰ ਝਟਕਣ ਦੀ ਕੋਸ਼ਿਸ਼ ਕਰ ਰਿਹਾ ਹੋਵੇ, ਪਿਛੋਕੜ ਤੋਂ ਗੀਤ ਦੀ ਆਵਾਜ਼ ਗੂੰਜਦੀ ਹੈ:
49:: ਸ਼ਹਾਦਤ ਤੇ ਹੋਰ ਨਾਟਕ