ਸਮੱਗਰੀ 'ਤੇ ਜਾਓ

ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਾਉਂਦੀ ਮੰਚ 'ਤੇ ਆ ਜਾਂਦੀ ਹੈ ਤੇ ਉਨ੍ਹਾਂ ਨੂੰ ਘੇਰ ਲੈਂਦੀ ਹੈ।)

ਸਵਾਮੀ

: (ਹਮਲਾਵਰ ਅੰਦਾਜ਼ 'ਚ) ਬੱਚਾ ਬੱਚਾ ਰਾਮ ਕਾ।

ਭੀੜ

: ਜਨਮਭੂਮੀ ਕੇ ਕਾਮ ਕਾ।

:(ਸੂਤਰਧਾਰ ਵੱਲ ਨੂੰ) ਇਹ ਸਭ ਹੋ ਕੀ ਰਿਹਾ!

ਸਵਾਮੀ

: ਸ਼ੀ...! ਚੁੱਪ! ਤਮਾਸ਼ਾ ਸ਼ੁਰੂ ਹੋ ਚੁੱਕੈ!

ਭੀੜ

: (ਤਿੰਨਾ ਨੂੰ ਭਜਾਉਂਦੀ ਹੈ) ਕਸਮ ਰਾਮ ਕੀ ਖਾਤੇ ਹੈਂ; ਮੰਦਰ ਯਹੀਂ ਬਣਾਏਂਗੇ।

(ਸੂਤਰਧਾਰ ਤੇ ਪਾਤਰ ਸਭ ਦੌੜ ਜਾਂਦੇ ਹਨ। ਭੀੜ ਉਨ੍ਹਾਂ ਦੇ ਪਿੱਛੇ ਹੈ। ਸਵਾਮੀ ਇਕੱਲਾ ਮੰਚ 'ਤੇ ਰਹਿ ਜਾਂਦਾ ਹੈ।)

(ਫ਼ੇਡ ਆਊਟ ਹੁੰਦਾ ਹੈ। ਇਸ ਦੌਰਾਨ ਨਿਰਦੇਸ਼ਕ ਚਾਹੇ ਤਾਂ ਅਡਵਾਨੀ ਦੀ ਰਥ ਯਾਤਰਾ ਤੇ ਸ਼ਿਲਾ ਪੂਜਨ ਦੇ ਕੁਝ ਦ੍ਰਿਸ਼ ਸਾਈਕ ਉੱਤੇ ਦਿਖਾ ਸਕਦਾ ਹੈ। ਗਨੀ ਖਾਂ ਅਤੇ ਨਬੀ ਖਾਂ ਨਵੇਂ ਦੌਰ ਦੀ ਤਰੱਕੀ ਨੂੰ ਦੇਖਦੇ ਹੋਏ ਖੁਸ਼ ਤੇ ਹੈਰਾਨ ਹੁੰਦੇ ਹਨ। ਇਸ ਬਾਬਤ ਵੀ ਕੁਝ ਦ੍ਰਿਸ਼ ਸਾਈਕ 'ਤੇ ਦਿਖਾਏ ਜਾ ਸਕਦੇ ਹਨ। ਮੁੜ ਰੋਸ਼ਨੀ ਹੁੰਦੀ ਹੈ ਤਾਂ ਗਨੀ ਖਾਂ ਤੇ ਨਬੀ ਖਾਂ ਵੱਖ ਵੱਖ ਦਾਇਰਿਆਂ 'ਚ ਘੁੰਮਦੇ ਹਨ। ਦੋਹੇਂ ਹੈਰਾਨੀ ਭਰੀ ਖੁਸ਼ੀ ਨਾਲ ਚਾਰੇ ਪਾਸੇ ਦੇਖ ਰਹੇ ਹਨ)

ਗਨੀ ਖਾਂ

: ਦੇਖਿਆ ਨਬੀ..., ਦੁਨੀਆ ਕਿੱਥੋਂ ਦੀ ਕਿੱਥੇ ਪਹੁੰਚ ਗਈ। ਅਸੀਂ ਤਾਂ ਐਵੇਂ ਜੂਨ ਕੱਟ ਕੇ ਤੁਰ ਗਏ। ਉਹ ਵੇਖ ਆਸਮਾਨ ਦੀ ਹਿੱਕ 'ਚ ਖੁਭੀਆਂ ਇਮਾਰਤਾਂ! ਬੰਦੇ ਰਹਿੰਦੇ ਇਨ੍ਹਾਂ ਚ, ਤੇਰੇ ਮੇਰੇ ਵਰਗੇ ਬੰਦੇ। ...ਤੇ ਗੱਡੀਆਂ ਮੋਹਰੇ ਨਾ ਘੋੜੇ ਨਾ ਬੈਲ..., ...ਤੇ ਰਫ਼ਤਾਰ ਦੇਖੀ! ਯਾ ਖ਼ੁਦਾ! ਬੰਦਾ ਕਿੱਥੇ ਪਹੁੰਚ ਗਿਆ। (ਨਬੀ ਵੱਲ ਦੇਖਦਾ ਹੈ ਜਿਹੜਾ ਗੁਆਚਿਆ ਚਾਰ-ਚੁਫ਼ੇਰੇ ਦੇਖ ਰਿਹਾ ਹੈ।) ਕੀ ਦੇਖ ਰਿਹਾਂ?

ਨਬੀ ਖਾਂ

: ਸੂਰਜ ਡੁੱਬਿਆਂ ਤਾਂ ਕਿੰਨਾ ਈ ਚਿਰ ਹੋ ਗਿਆ..., ਨੇਰ੍ਹਾਂ ਕਿਉਂ ਨੀ ਹੋ ਰਿਹਾ? ਉਨ੍ਹਾਂ ਚਾਨਣ ਨੂੰ ਬੰਨ ਲਿਆ ਏ ਗਨੀ! ਬੰਨ ਲਿਆ ਏ ਚਾਨਣ ਨੂੰ! ਵੇਖ ਹਰ ਘਰ ਰੋਸ਼ਨ ਏ! ਅਸੀਂ ਸਹੀ ਥਾਂ ਆਏ ਆਂ! ਸਹੀ ਜੁਗ 'ਚ!

89:: ਸ਼ਹਾਦਤ ਤੇ ਹੋਰ ਨਾਟਕ