ਸਮੱਗਰੀ 'ਤੇ ਜਾਓ

ਪੰਨਾ:ਸ਼ਹਿਰ ਗਿਆ ਕਾਂ.pdf/21

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਆਉਂਦੀ ਤੇ ਉਹ ਸਾਰੀ-ਸਾਰੀ ਰਾਤ ਜਾਗਦਾ ਰਹਿੰਦਾ। ਗਧੇ ਦਾ ਮਨ ਰੂੜੀ ’ਤੇ ਸੌਣ ਲਈ ਲਲਚਾਉਂਦਾ ਪਰ ਇਥੇ ਸ਼ਾਹੀ ਤਬੇਲੇ ਵਿਚ ਰੂੜੀ ਤਾਂ ਦੂਰ ਦੀ ਗੱਲ, ਮਿੱਟੀ ਦਾ ਵੀ ਨਾਮੋ-ਨਿਸ਼ਾਨ ਨਹੀਂ ਸੀ।

ਗਧੇ ਨੂੰ ਸ਼ਾਹੀ ਤਬੇਲੇ ਵਿਚ ਭਾਵੇਂ ਨੀਂਦ ਨਹੀਂ ਆਉਂਦੀ ਸੀ ਤੇ ਉਸ ਉੱਪਰ ਹੋਰ ਵੀ ਪਾਬੰਦੀਆਂ ਲੱਗ ਗਈਆਂ ਸਨ, ਫਿਰ ਵੀ ਉਹ ਸ਼ਾਹੀ ਤਬੇਲੇ ਨੂੰ ਛੱਡਣ ਲਈ ਤਿਆਰ ਨਹੀਂ ਸੀ। ਗਧਾ ਕੋਈ ਇਹੋ ਜਿਹਾ ਢੰਗ ਸੋਚਣ ਲੱਗਾ ਜਿਸ ਨਾਲ ਉਸਨੂੰ ਨੀਂਦ ਵੀ ਆਉਣ ਲੱਗ ਪਵੇ ਤੇ ਉਹ ਸ਼ਾਹੀ ਤਬੇਲੇ ਵਿਚ ਵੀ ਟਿਕਿਆ ਰਵੇ।

ਗਧਾ ਕਈ ਦਿਨ ਸੋਚਦਾ ਰਿਹਾ ਤੇ ਕਈ ਦਿਨ ਸੋਚਣ ਤੋਂ ਬਾਅਦ ਗਧੇ ਨੇ ਸਕੀਮ ਬਣਾ ਲਈ। ਆਪਣੀ ਬਣਾਈ ਸਕੀਮ ਮੁਤਾਬਿਕ ਗਧਾ ਪਹਿਰੇਦਾਰ ਦੇ ਸੌਂ ਜਾਣ ਤੋਂ ਬਾਅਦ ਚੁਪਕੇ ਜਿਹੇ ਸ਼ਾਹੀ ਤਬੇਲੇ 'ਚੋਂ ਬਾਹਰ ਨਿਕਲ ਆਇਆ ਤੇ ਥੋੜ੍ਹੀ ਦੂਰ ਰੂੜੀ ਉੱਪਰ ਜਾ ਕੇ ਸੌਂ ਗਿਆ।

ਗਧੇ ਨੇ ਸਕੀਮ ਬਣਾਈ ਸੀ ਕਿ ਰਾਤ ਕਿਸੇ ਰੂੜੀ ਉੱਪਰ ਸੌਂ ਕੇ ਪਹਿਰੇਦਾਰ ਦੇ ਜਾਗਣ ਤੋਂ ਪਹਿਲਾਂ-ਪਹਿਲਾਂ ਵਾਪਸ ਸ਼ਾਹੀ ਤਬੇਲੇ ਵਿਚ ਪਹੁੰਚ ਜਾਵੇਗਾ। ਪਰ ਗਧੇ ਦੀ ਅੱਖ ਚਿੱਟਾ ਦਿਨ ਚੜ੍ਹਨ ਤੋਂ ਪਹਿਲਾਂ ਨਾ ਖੁੱਲ੍ਹੀ। ਕਈ ਦਿਨਾਂ ਬਾਅਦ ਗਧੇ ਨੂੰ ਇਹੋ ਜਿਹੀ ਨੀਂਦ ਆਈ ਸੀ। ਗਧੇ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਹ ਜੰਨਤ ਵਿਚ ਪਿਆ ਹੋਵੇ ਤੇ ਉਹ ਸਾਰੀ ਰਾਤ ਵੰਨ-ਸੁਵੰਨੇ ਸੁਪਨੇ ਵੇਖਦਾ ਰਿਹਾ।

ਚਿੱਟੇ ਦਿਨ ਚੜ੍ਹੇ ਉਠ ਕੇ ਗਧਾ ਅੱਖਾਂ ਮਲਦਾ ਹੋਇਆ ਵਾਪਸ ਸ਼ਾਹੀ ਤਬੇਲੇ ਵਿਚ ਵੜਨ ਦੀ ਕੋਸ਼ਿਸ਼ ਕਰਨ ਲੱਗਾ, ਪਰ ਰਾਜੇ ਦੇ ਆਦੇਸ਼ ਮੁਤਾਬਿਕ ਪਹਿਰੇਦਾਰਾਂ ਨੇ ਉਸਨੂੰ ਅੰਦਰ ਨਾ ਵੜਨ ਦਿੱਤਾ। |

ਰਾਜੇ ਨੇ ਸਵੇਰੇ ਸੈਰ ਕਰਨ ਗਏ ਨੇ ਗਧੇ ਨੂੰ ਰੂੜੀ ਉੱਪਰ ਸੁੱਤੇ ਪਏ ਨੂੰ ਵੇਖ ਲਿਆ ਸੀ। ‘ਸੌਣਾ ਰੂੜੀਆਂ ’ਤੇ ਸੁਪਨੇ ਸੀਸ ਮਹਿਲਾਂ ਦੇ'। ਰਾਜੇ ਨੇ ਵਿਅੰਗ ਨਾਲ ਆਖਦਿਆਂ ਪਹਿਰੇਦਾਰਾਂ ਨੂੰ ਉਸੇ ਵਕਤ ਹੁਕਮ ਚਾੜ੍ਹ ਦਿੱਤਾ ਸੀ ਤੇ ਗਧੇ ਨੂੰ ਸ਼ਾਹੀ ਫ਼ੌਜ ਵਿਚੋਂ ਕੱਢ ਦਿੱਤਾ ਸੀ।

ਹੁਣ ਗਧੇ ਕੋਲ ਕੋਈ ਹੋਰ ਠਿਕਾਣਾ ਨਹੀਂ ਸੀ ਤੇ ਉਹ ਵਾਪਸ ਘੁਮਿਆਰ ਕੋਲ ਪਹੁੰਚ ਗਿਆ।