ਪੰਨਾ:ਸ਼ਹੀਦੀ ਜੋਤਾਂ.pdf/118

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੧੭)

ਮਾਨੋ ਪਕੇ ਖੇਤ ਵਿਚ, ਵਾਢਾ ਪਾਏ ਸਥਾਰ।
ਵਗੇ ਵਿਚ ਮੈਦਾਨ ਦੇ, ਲਹੂਆਂ ਦੇ ਦਰਿਆ।
ਮਰਦੇ ਮਛਾਂ ਵਾਂਗਰਾਂ, ਰਹੇ ਤਾਰੀਆਂ ਲਾ।
ਢਾਲਾਂ ਉਤੇ ਤੇਗ਼ ਦੇ, ਇਉਂ ਹੋਵਨ ਛਨਕਾਰ।
ਜਿਉਂ ਪਾ ਪੈਰੀਂ ਝਾਂਜਰਾਂ, ਗਿਧਾ ਪਾਵੇ ਨਾਰ।
ਏਦਾਂ ਤੇਗ਼ਾਂ ਧੜਾਂ ਤੋਂ, ਰਖਣ ਸੀਸ ਉਤਾਰ।
ਚਕੋਂ ਭਾਂਡਾ ਜਿਸ ਤਰ੍ਹਾਂ, ਲਾਹ ਰਖੇ ਘੁਮਿਆਰ।
ਟੁਟ ਪਏ ਇਉਂ ਦਲਾਂ ਤੇ, ਸ਼ੇਰ ਸਮਝ ਕੇ ਖਾਜ।
ਜਿਉਂ ਤਿਤਰਾਂ ਦੀ ਡਾਰ ਤੇ, ਪੈਣ ਅਚਿੰਤੇ ਬਾਜ।
ਅੱਖਾਂ ਵਿਚੋਂ ਵਸਦੇ, ਅਗਾਂ ਦੇ ਅੰਗਿਆਰ।
ਲਗੀ ਬੇਲੇ ਅਗ ਜਿਉਂ, ਟੁਟਕੇ ਇਕੋ ਵਾਰ।
ਕਰਨ ਜਿਧਰ ਮੂੰਹ ਚਿਤਰੇ, ਖਪੇ ਦੇਵਨ ਪਾ।
ਜ਼ਾਤ ਬੁਰੀ ਏ ਸਿੰਘ ਦੀ, ਕਹਿਣ ਕੰਨੀਂ ਹਥ ਲਾ।
ਜੰਗ ਤੇਗ਼ ਦਾ ਸਿੰਘ ਨੂੰ, ਜੇ ਦੇਵੇ ਕਰਤਾਰ।
ਮੌਤ ਵੀ ਵਿਚ ਮੁਕਾਬਲੇ, ਢਹਿਕੇ ਮੰਨੇ ਹਾਰ।
ਇਉਂ ਚਲਨ ਪਿਚਕਾਰੀਆਂ, ਹੋਏ ਲਹੂ ਲੁਹਾਨ।
ਜਿਵੇਂ ਗੁਵਾਲੇ ਗੋਲੀਆਂ, ਖੇਡਣ ਰੰਗ ਉਡਾਨ।
ਏਦਾਂ ਲੇਟੇ ਸੂਰਮੇ, ਦਿਲ ਤੇ ਕਢ ਬੁਖਾਰ।
ਵਿਚ ਬਰੇਤੇ ਨਿਕਲਕੇ, ਸੁਤੇ ਜਿਉਂ ਸੰਸਾਰ।
ਤੇਗਾਂ ਹੋਈਆਂ ਖੁੰਡੀਆਂ, ਢਾਲਾਂ ਉਤੇ ਵਜੇ।
ਉੱਚੇ ਝੰਡੇ ਦੇਸ਼ ਦੇ, ਕਰ ਗਏ ਡਿਗਦੇ ਅੱਜ।
ਡਿਗੇ ਵਿਚ ਮੈਦਾਨ ਵਿਚ, ਛਲਨੀ ਹੋਏ ਸਰੀਰ।
ਧੁੰਮਾਂ ਪਾ ਮੈਦਾਨ ਵਿਚ, ਕਰਨ ਅਰਾਮ ਅਖੀਰ।