ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੋਟੀ ਜਰਾ ਸਵਖਤੇ ਬਣਾ ਲਿਓ। ਘਰਦਿਆਂ ਨੇ ਵੀ ਖੁਸ਼ੀ ਖੁਸ਼ੀ ਦਿਨ ਖੜੇ ਹੀ ਰੋਟੀਆਂ ਲਾਹ ਤੀਆਂ। ਸਾਡੇ ਹੁਣ ਏਨੀ ਸੰਦੇਹਾਂ ਕਿਵੇਂ ਲੰਘੇ ਰੋਟੀ? ਆਏ ਥੋਨੂੰ ਥੋੜਾ ਕਿਹਾ ਸੀ ਕਿ ਦਿਨ ਖੜੇ ਹੀ ਲਾਹ ਲਉ ਰੋਟੀਆਂ ਠਹਿਰ ਜਾਉ ਥੋੜਾ ਜਿਹਾ ਚਿਰ ਹੋਰ। ਰੋਟੀ ਵੱਲ ਤਾਂ ਝਾਕਣ ਨੂੰ ਜੀਅ ਨਾ ਕਰੇ। ਸੁਤਾ ਸਾਡੀ ਸਾਰੀ ਦਾਰੂ ਵਿੱਚ। "ਤੂੰ ਦਾਰੂ ਪੀਣੀ ਹੋਣੀ ਐ ਐਵੇਂ ਬਹਾਨੇ ਜੇਹੇ ਕਰੀ ਜਾਨੇਂ। "ਉਹ ਨਹੀਂ ਪੀਣੀ, ਜਦੋਂ ਤੈਨੂੰ ਕਹਿ ਹੀ ਦਿੱਤਾ ਕਿ ਅੱਜ ਮੰਗਲਵਾਰ ਹੈ।’’ ਸਾਡੀ ਵੀ ਅਣਖ ਜਾਗ ਪਈ ਫਿਰ ਕਹਿਤਾ, "ਲਿਆਓ ਰੋਟੀਆਂ।"

ਘਰਦਿਆਂ ਨੇ ਰੁਟੀਨ ਮੁਤਾਬਕ ਰੋਟੀ ਪਰੋਸ ਦਿੱਤੀ। ਰੋਟੀ ਨੂੰ ਜੀਅ ਤਾਂ ਕਰੇ ਨਾ ਖਾਣ ਨੂੰ ਕੁੱਝ ਖਾਧੀ ਕੁੱਝ ਅੱਧ ਖਾਧੀ ਦੋ ਕੁ ਫੁਲਕੇ ਲੰਘਾ ਲਏ। ਲੜਕੇ ਨੇ ਫਟਾਫਟ ਦੁੱਧ ਦਾ ਗਲਾਸ ਫੜਾ ਦਿੱਤਾ। ਪੀਤਾ, ਪੀਤਾ ਬੜਾ ਚੰਗਾ ਲੱਗਿਆ। ਸੋਚਿਆ ਏਨਾ ਟੇਸਟੀ ਹੁੰਦਾ ਹੈ ਦੁੱਧ। ਕਿਤੇ ਸੋਫੀ ਨੇ ਦੁੱਧ ਪੀਤਾ ਹੋਵੇ ਤਾਂ ਦੁੱਧ ਦੇ ਅਸਲੀ ਟੇਸਟ ਦਾ ਪਤਾ ਲੱਗੇ। ਕੁਝ ਸ਼ਾਂਤੀ ਆਈ। ਕੁੱਝ ਦਾਰੂ ਦੀ ਭਲ ਵਿੱਚ ਵੀ ਫਰਕ ਮਹਿਸੂਸ ਹੋਇਆ। ਦੋ ਕੁ ਗੇੜੇ ਵੇਹੜੇ ਵਿੱਚ ਕੱਢ ਕੇ ਆਪਣੇ ਬੈਂਡ ’ਤੇ ਪਹੁੰਚ ਗਏ।

ਭਾਵੇਂ ਦਾਰੂ ਵੀ ਪੀਤੀ ਹੋਵੇ, ਰਾਤ ਨੂੰ ਕੁਝ ਚਿਰ ਪੜ੍ਹਨ ਦਾ ਅਤੇ ਰੇਡਿਓ ਸੁਣਨ ਦਾ ਮੈਨੂੰ ਪਹਿਲਾਂ ਤੋਂ ਹੀ ਸ਼ੌਕ ਹੈ। ਖ਼ਾਸ ਕਰਕੇ ਰਾਤ ਸਾਢੇ ਦਸ ਵਜੇ ਵਾਲੇ ਫਰਮਾਇਸ਼ੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਸੁਣਨ ਦੀ। ਕਈ ਵਾਰ ਤਾਂ ਆਲ ਇੰਡੀਆ ਉਰਦੂ ਸਰਵਿਸ ਤੋਂ ਆਉਣ ਵਾਲਾ ਆਖਿਰ-ਏ-ਸ਼ਬ ਪ੍ਰੋਗਰਾਮ ਵੀ ਸੁਣ ਕੇ ਵੱਡੀ ਰਾਤ ਪਈਦਾ ਹੈ। ਚਲੋ ਜੀ ਸਾਢੇ ਦਸ ਦਾ ਟਾਈਮ ਹੋ ਗਿਆ। ਫਰਮਾਇਸ਼ੀ ਗੀਤਾਂ ਦਾ ਗੀਤ-ਗੁਲਜ਼ਾਰ ਪ੍ਰੋਗਰਾਮ ਜਲੰਧਰ ਤੋਂ ਕਮਲੇਸ਼ ਜੀ ਨੇ ਬੜੇ ਪ੍ਰੇਮ ਨਾਲ ਪੇਸ਼ ਕੀਤਾ। ਗੀਤਾਂ ਦੀ ਚੋਣ ਵੀ ਬੜੀ ਪਿਆਰੀ ਲੱਗੀ। ਚਲੋ ਜੀ ਚੰਗਾ ਹੋਇਆ 11 ਵੱਜ ਗਏ। ਲੰਘ ਚੱਲੀ ਰਾਤ ਸਮਝ ਲਉ ਬਿਨਾਂ ਦਾਰੂ ਪੀਤਿਆਂ ਆਪਣੇ ਮਿਸ਼ਨ ਵਿੱਚ ਪੂਰੇ ਸਫਲ ਹੋਏ ਹਾਂ ਅੱਜ ਤਾਂ, ਚਲੋ ਜੀ ਸੌਨੇ ਆਂ ਆਰਾਮ ਨਾਲ। ਰੇਡਿਓ ਬੰਦ ਕਰਤਾ, ਖੇਸ ਉੱਪਰ ਲੈ ਕੇ ਪੈਣ ਹੀ ਲੱਗੇ ਸਾਂ ਕਿ ਖ਼ਿਆਲ ਆਇਆ ਦਾਰੁ ਆਪਾਂ ਮੰਗਲਵਾਰ ਨੂੰ ਹੀ ਨਹੀਂ ਪੀਣੀ। ਟਾਈਮ 11 ਤੋਂ ਪੰਜ ਸੱਤ ਮਿੰਟ ਟੱਪ ਚੁੱਕੇ ਹਨ ਅਤੇ ਬਾਰ੍ਹਾਂ ਤੋਂ ਬਾਅਦ ਤਾਂ ਬੁੱਧਵਾਰ ਆ ਜਾਣਾ। ਬੁੱਧਵਾਰ ਨੂੰ ਪੀਣ ਦਾ ਤਾਂ ਕੋਈ ਹਰਜ ਨਹੀਂ। ਫੇਰ ਹੁਣ ਕਾਹਦੇ ਵਾਸਤੇ ਸੌਣਾ ਹੋਇਆ। ‘ਪ੍ਰਾਣ ਜਾਈ ਪਰ ਵਚਨ ਨਾ ਜਾਈ’ ਵਾਲਾ ਵਚਨ ਵੀ ਪੂਰਾ ਹੋ ਗਿਆ। ਮਿੰਟ ਰਹਿ ਗਏ ਸਾਰੇ ਪੰਜਾਹ। ਸਾਢੇ ਗਿਆਰਾਂ ਵਜੇ ਤੱਕ ਤਾਂ ਉਰਦੁ ਸਰਵਿਸ ਦੀ ਫਰਮਾਇਸ਼ ਚੱਲਦੀ ਰਹੀ। ਸਾਢੇ ਗਿਆਰਾਂ ਤੋਂ ਬਾਰਾਂ ਵਜੇ ਤੱਕ ਦਾ ਅੱਧਾ ਘੰਟਾ ਜਿਵੇਂ ਅਸੀਂ ਕੱਟਿਆ ਉਸਦਾ ਵਰਨਣ ਸ਼ਬਦਾਂ ਵਿੱਚ ਨਹੀਂ ਕੀਤਾ ਜਾ ਸਕਦਾ...ਸੋ ਬਾਰਾਂ ਵੱਜ ਕੇ ਇੱਕ ਮਿੰਟ ’ਤੇ ਅਸੀਂ ਇੱਕ ਲੰਡੂ ਪੈਂਗ ਨਾਲ ਆਉਣ ਵਾਲੇ ਬੁੱਧਵਾਰ ਦਾ

ਸੁੱਧ ਵੈਸ਼ਨੂੰ ਢਾਬਾ/124