ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਟੰਗਦਿਆ ਕਰੋ ਪਰੇ। ਊਂ ਈ ਭੈੜਾ ਲੱਗਦੈ, ਸਾਹਮਣੇ ਕਿਲੇ ਤੇ ਟੰਗਿਆ ਜਿਵੇਂ ਕਿਸੇ ਮੰਗਤੇ ਦੀ ਆਟਾ ਮੰਗਣ ਵਾਲੀ ਬਗਲੀ ਟੰਗੀ ਹੋਈ ਹੁੰਦੀ ਹੈ। ਅਤੇ ਹੌਲੀ ਹੌਲੀ ਸ੍ਰੀਮਤੀ ਜੀ ਨੇ ਸਾਡੇ ਇਸ ਥੈਲੇ ਦਾ ਕੋਡ ਵਰਡ ਬਗਲੀ ਹੀ ਰੱਖ ਦਿੱਤਾ। ਜੋ ਅੱਜ ਤੱਕ ਬਾਖੁਬੀ ਕਾਇਮ ਹੈ ਅਤੇ ਵਾਹ ਲਗਦੀ ਹੱਡਾਂ ਦੇ ਨਾਲ ਹੀ ਜਾਵੇਗਾ।

ਬਾਹਲਾ ਜੱਭ੍ਹ ਤਾਂ ਉਦੋਂ ਪਿਆ ਜਦੋਂ ਇੱਕ ਦਿਨ ਰੁਟੀਨ ਮੁਤਾਬਿਕ ਸ੍ਰੀਮਤੀ ਜੀ ਸਾਡੇ ਥੈਲੇ ਨੂੰ ਕਿੱਲੇ ਤੋਂ ਲਾਹਕੇ ਕਿਤੇ ਪਾਸੇ ਰੱਖਣ ਲੱਗੀ। ਥੈਲੇ ਵਿੱਚ ਕੁਦਰਤੀ ਦਾਰੂ ਕਿਤੇ ਸੱਜਰੀ ਹੀ ਡੁੱਲੀ ਹੋਈ ਸੀ। ਦਾਰੂ ਵੀ ਉਹ ਜਿਹੜੀ ਕਿਸੇ ਨੇ ਸਪੈਸ਼ਲ ਘਰ ਦੀ ਬਣਾ ਕੇ, ਸੌਂਫਾਂ ਸਫਾਂ ਪਾ ਕੇ ਤਿਆਰ ਕੀਤੀ ਸੀ ਅਤੇ ਸਾਨੂੰ ਗਿਫਟ ਦਿੱਤੀ ਸੀ। ਅਸੀਂ ਕਿਤੇ ਟੱਲੀ ਹੋਇਆਂ ਨੇ ਉਹਦੇ ਵਿਚੋਂ ਇਕ ਪੈਗ ਲਾਇਆ ਅਤੇ ਬਾਕੀ ਥੈਲੇ ਵਿੱਚ ਸੁੱਟ ਲਿਆ। ਟੱਲੀ ਹੋਇਆਂ ਤੋਂ ਸ਼ੀਸ਼ੀ ਦਾ ਢੱਕਣ ਕਿਤੇ ਲਜ ਰਹਿ ਗਿਆ ਅਤੇ ਹੌਲੀ ਹੌਲੀ ਉਸ ਵਿਚਲੀ ਸਾਰੀ ਦਾਰੁ ‘ਸਪੁਰਦੇ ਥੈਲਾ’ ਹੋ ਗਈ। ਉਸ ਵਿੱਚੋਂ ਮਹਿਕਾਂ ਤਾਂ ਫਿਰ ਆਉਣੀਆਂ ਹੀ ਆਉਣੀਆਂ ਸਨ। ਉਸ ਤੋਂ ਬਾਅਦ ਦਾ ਮੰਜ਼ਰ ਤਾਂ ਤੁਸੀਂ ਆਪ ਹੀ ਸਿਆਣੇ ਹੋ ਅੰਦਾਜਾ ਲਾ ਹੀ ਲਵੇਗੇ। ਉਂਝ ਵੀ ਮਾਜਰਾ ਸ਼ਬਦਾਂ ਵਿੱਚ ਬਿਆਨਿਆ ਨਹੀਂ ਜਾ ਸਕਣ ਵਾਲਾ।

ਇਸ ਗੱਲ ਤੋਂ ਤੁਸੀਂ ਇਹ ਵੀ ਅੰਦਾਜਾ ਲਾ ਲਿਆ ਹੋਣੈ ਕਿ ਇਸ ਤੋਂ ਬਾਅਦ ਥੈਲੇ ਨੂੰ ਧੋਣ ਧਬੌਣ ਦੀ ਖੇਚਲ ਵੀ ਤਾਂ ਸਾਨੂੰ ਆਪ ਹੀ ਕਰਨੀ ਪੈਣੀ ਸੀ। ਪਹਿਲਾਂ ਪਹਿਲਾਂ ਭਾਵੇਂ ਇਕ ਅੱਧੀ ਵਾਰੀ ਸ੍ਰੀਮਤੀ ਜੀ ਨੇ ਕਦੇ ਭੁੱਲ ਭੁਲੇਖੇ ਇਹ ਸੇਵਾ ਨਿਭਾ ਦਿੱਤੀ ਹੋਵੇ ਬਲਕਿ ਬਾਅਦ ਵਿੱਚ ਤਾਂ ਜਦੋਂ ਕਦੇ ਅਸੀਂ ਇਸ ਥੈਲੇ ਨੂੰ ਧੋ ਕੇ ਤਣੀ ਉੱਤੇ ਸੁੱਕਣੇ ਪਾਉਣਾ ਤਾਂ ਸ੍ਰੀਮਤੀ ਜੀ ਨੇ ਗੁੱਸੇ ਅਤੇ ਸ਼ਿਕਵੇ ਜਿਹੇ ਭਰੀ ਇੱਕ ਵਿਸ਼ੇਸ਼ ਹਾਸੀ ਹੱਸਣੀ ਜਿਸ ਤੋਂ ਸਾਨੂੰ ‘ਵਕਤ’ ਫਿਲਮ ਦੇ ‘ਬਲਰਾਜ ਸਾਹਨੀ ਅਤੇ ਅਚਲਾ ਸਚਦੇਵ’ 'ਤੇ ਫਿਲਮਾਇਆ ਗਾਣਾ ‘ਐ ਮੇਰੀ ਜੌਹਰ ਜਬੀ’ ਦੀ ਯਾਦ ਆਉਣ ਲੱਗ ਜਾਂਦੀ। ਕਿਉਂਕਿ ਥੈਲੇ ਦੇ ਧੋਣ ਦਾ ਮਤਲਬ ਇਹ ਹੁੰਦਾ ਕਿ ਫਿਰ ਕਿਸੇ ਕਵੀ ਗੋਸ਼ਟੀ ਜਾਂ ਮੁਸ਼ਾਇਰੇ ਤੇ ਜਾਣਾ ਅਤੇ ਦੇਰ ਰਾਤ ਦਾਰੂ ਪੀ ਕੇ ਘਰ ਆਉਣਾ ਅਤੇ ਗਾਂਹ ਥੋਨੂੰ ਪਤਾ ਈ ਐ।

ਉਦੋਂ ਵੀ ਪੰਗਾ ਖੜ੍ਹਾ ਹੋ ਜਾਣਾ ਜਦੋਂ ਕਦੀ ਸਾਨੂੰ ਕੋਈ ਸਾਹਿਤਕ ਦੋਸਤ ਮਿਲਣ ਆ ਜਾਣਾ। ਕਿਉਂਕਿ ਸਾਡੇ ਸਾਹਿਤਕ ਦੋਸਤਾਂ ਦੇ ਗੱਲਾਂ ਵਿੱਚ ਸਫ਼ਰੀ ਥੈਲਾ ਆਮ ਕਰਕੇ ਲਟਕਦਾ ਹੀ ਹੁੰਦਾ ਸੀ, ਜਿਸ ਨੂੰ ਦੇਖਕੇ ਹੀ ਸ੍ਰੀਮਤੀ ਜੀ ਦੇ ਮੂਡ ਦਾ ਪਾਰਾ ਉਬਾਲਾ ਖਾਣ ਲੱਗ ਜਾਂਦਾ। "ਆਹ ਬਗਲੀਆ ਜਿਹਾ ਵਾਲਿਆਂ ਨੇ ਬੜਾ ਲਹੂ ਪੀਤੈ।" ਸ੍ਰੀਮਤੀ ਜੀ ਨੇ ਵੇਹਦਿਆਂ ਹੀ ਬੁੜ ਬੁੜ ਕਰਨ ਲੱਗ ਜਾਣਾ। ਫੇਰ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਨੂੰ ਕੰਮ ਕੀ ਹੁੰਦੈ।

ਸੁੱਧ ਵੈਸ਼ਨੂੰ ਢਾਬਾ/35