ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਝਾਅ ਕੁੱਝ ਵਧੇਰੇ ਹੀ ਪਸੰਦ ਆ ਗਏ ਸਨ। ਕਿਉਂ ਨਹੀਂ, ਕਿਉਂ ਨਹੀਂ ਆਖਰ ਲੇਖਕ ਨੂੰ ਰੱਬ ਦਾ ਹੀ ਦੂਸਰਾ ਰੂਪ ਆਖਿਆ ਗਿਆ ਹੈ। ਇਹਨਾਂ ਦੀਆਂ ਗੱਲਾਂ ਵਿੱਚ ਜ਼ਰੂਰ ਕੋਈ ਨਾ ਕੋਈ ਦਮ ਹੁੰਦਾ ਹੈ। ਐਵੇਂ ਨੀ ਲੇਖਕਾਂ ਨੂੰ ਪੁਜਦੀ ਦੁਨੀਆਂ? ਪਤੀ ਸਾਹਬ ਵੀ ਮੌਕਾ ਹੱਥ ਆਇਆ ਗੁਆਉਣਾ ਨਹੀਂ ਚਾਹੁੰਦਾ ਸੀ।

"ਗੱਲ ਤਾਂ ਡਾਰਲਿੰਗ ਬਹੁਤ ਠੀਕ ਹੈ ਪ੍ਰੰਤੂ ਮੈਨੂੰ ਲੇਖਕ ਦਾ ਇਹ ਆਪਣੀ ਲਾਈਬ੍ਰੇਰੀ ਵਾਲਾ ਸੁਝਾਅ ਕੋਈ ਬਹੁਤ ਨਹੀਂ ਜਚਿਆ। ਹਾਂ ਗੱਲ ਉਸਦੀ ਜ਼ਰੂਰ ਸਹੀ ਹੈ ਕਿ ਜਿਨਾਂ ਕੁ ਸਾਹਿਤ ਹੋਵੇ, ਆਪਣਾ ਹੀ ਹੋਵੇ। ਮੰਗਵੇਂ ਤੰਗਵੇਂ ਸਾਹਿਤ ਨਾਲ ਨਹੀਂ ਇਹ ਕਾਰਜ ਹੋ ਸਕਦਾ। ਲਾਇਬ੍ਰੇਰੀ ਵਾਲਾ ਗੱਲ ਤਾਂ ਚਲੋ ਵੱਡੀ ਹੈ। ਥੋੜ੍ਹਾ ਬਹੁਤਾ ਸ਼ਰਾਬ ਵਿਰੋਧੀ ਸਾਹਿਤ ਤਾਂ ਖਰੀਦਿਆ ਜਾ ਸਕਦਾ ਹੈ। ਹੌਲੀ ਹੌਲੀ ਲਾਇਬ੍ਰੇਰੀ ਵੀ ਬਣ ਜੂ।" ਪਤੀ ਦੇਵ ਬੋਲਿਆ। "ਹਾਂ ਜੀ ਗੱਲ ਤਾਂ ਥੋਡੀ ਇਹ ਵੀ ਠੀਕ ਹੈ।" ਪਤਨੀ ਬੋਲੀ।

ਮੱਛੀ ਜਾਲ ਵਿੱਚ ਪੂਰੀ ਤਰ੍ਹਾਂ ਫਸ ਚੁੱਕੀ ਸੀ ਅਤੇ ਪਤੀ ਇਹ ਸੁਨਿਹਰੀ ਮੌਕਾ ਹੱਥੋਂ ਜਾਣ ਨਹੀਂ ਸੀ ਦੇਣਾ ਚਾਹੁੰਦਾ ਬੋਲਿਆ, "ਕਿਉਂ ਨਾ ਫਿਰ ਇਹ ਕੰਮ ਅੱਜ ਤੋਂ ਹੀ ਸ਼ੁਰੂ ਕਰ ਦਿੱਤਾ ਜਾਵੇ। "ਫਿਰ ਤਾਂ ਜੀ ਬਹੁਤ ਹੀ ਵਧੀਆ ਗੱਲ ਹੈ। ਪਤਨੀ ਬੋਲੀ। "ਪਰ ਉਹ ਕਿਵੇਂ?? ਉਹ ਪੁਛਣ ਲੱਗੀ।

"ਗੱਲ ਐਂ ਆ ਨਾ ਡਾਰਲਿੰਗ, ਸ਼ੁਰੂ ਸ਼ੁਰੂ ਵਿੱਚ ਆਪਾਂ ਥੋੜਾ ਬਹੁਤਾ ਸ਼ਰਾਬ ਵਿਰੋਧੀ ਸਾਹਿਤ ਖਰੀਦ ਲਿਆਉਣੇ ਆਂ ਤੇ ਹੌਲੀ ਹੌਲੀ ਹੋਰ ਵੀ ਆਉਂਦਾ ਰਹੁ। ਗੱਲ ਤਾਂ ਕਰਾਂ ਸ਼ੁਰੂ ਹੋਵੇ। ਤੁਸੀਂ ਇੰਝ ਕਰੋ ਅੱਜ ਮੈਨੂੰ ਡੇਢ-ਦੋ ਸੌ ਰੁਪਏ ਔਖੇ ਸੌਖੇ ਦੇ ਦਿਓ ਤੇ ਮੈਂ ਅੱਜ ਈ ਜਾਨੈ ਮੋਗੇ ਤੇ ਉਥੋਂ ਸ਼ਰਾਬ ਵਿਰੋਧੀ ਸਾਹਿਤ ਲਿਆਉਣੈ ਤੇ ਆ ਕੇ ਪੜ੍ਹਨਾ ਸ਼ੁਰੂ ਕਰ ਦਿੰਨੇ ਆਂ।ਦਰਅਸਲ ਮੈਂ ਤਾਂ ਆਪ ਹੁਣ ਏਸ ਸ਼ਰਾਬ ਤੋਂ ਅੱਕਿਆ ਪਿਐਂ। ਸ਼ੁਕਰ ਹੈ ਜੇਕਰ ਇਸ ਤੋਂ ਏਸ ਬਹਾਨੇ ਹੀ ਖਹਿੜਾ ਛੁੱਟ ਜੇ।"

"ਠੀਕ ਹੈ ਜੀ ਠੀਕ ਹੈ, ਫੇਰ ਨੇਕ ਕੰਮ ਨੂੰ ਦੇਰ ਕਾਹਨੂੰ ਕਰਨੀ, ਦੋ ਮੈਂ ਤਾਂ ਹੈ ਨੀਂ ਡੇਢ ਕੁ ਸੌ ਰੁਪਏ ਘਰੇ ਪਿਆ ਹੈ ਇਹ ਤੁਸੀਂ ਲੈ ਜੋ ਚੱਲ ਕੰਮ ਤਾਂ ਸ਼ੁਰੂ ਹੋਵੇ। ਪਤਨੀ ਬੋਲੀ। "ਕੋਈ ਗੱਲ ਨੀ, ਡੇਢ ਸੌ ਬਹੁਤ ਹੈ। ਕਿਰਾਏ ਜੋਗੇ ਪੈਸੇ ਮੇਰੇ ਕੋਲ ਵੀ ਹੈਗੇ ਆ ਆਪਾਂ ਕੰਮ ਚਲਦਾ ਕਰੀਏ।"

ਪਤੀ ਸਾਹਬ ਨੇ ਡੇਢ ਸੌ ਰੁਪਿਆ ਫੜ ਕੇ ਪਾਇਆ ਜੇਬ 'ਚ। ਫਟਾ ਫਟ ਕੱਪੜੇ ਬਦਲੇ ਤੇ ਚੱਲ ਪਏ ਬਾਜ਼ਾਰ ਨੂੰ।

ਦੋ ਢਾਈ ਘੰਟੇ ਦੀ ਉਡੀਕ ਬਾਅਦ ਪਤਨੀ ਵੀ ਸਮਝ ਗਈ ਬਈ ਧੋਖਾ ਹੋ ਗਿਆ। ਮੈਂ ਤਾਂ ਜਿਹੜਾ ਡੇਢ ਸੌ ਰੁਪਿਆ ਝੱਗੇ ’ਚ ਸੀ ਉਹ ਵੀ ਖੁਹਾ ਬੈਠੀ। ਹੁਣ ਡੱਕ ਕੇ ਆਉ ਰਾਤ ਨੂੰ। ਮੈਂ ਤਾਂ ਜੁਆਕਾਂ ਦੇ ਠੂਠੇ ਵੀ ਡਾਂਗ ਮਾਰ

ਸੁੱਧ ਵੈਸ਼ਨੂੰ ਢਾਬਾ/48