ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲਾਂ ਉਨ੍ਹਾਂ ਨੂੰ ਆਪਣੀ ਗੱਡੀ ਲੰਘਾਉਣ ਦੀ ਕਾਹਲੀ ਹੁੰਦੀ ਹੈ। ਜਨਤਾ ਪਵੇ ਜਿਹੜੇ ਮਰਜੀ ਖੂਹ ਖਾਤੇ। ਜਨਤਾ ਨਾਲ ਤਾਂ ਪੰਜੀ ਸਾਲੀ ਵਾਹ ਪੈਣਾ ਹੈ। ਉਦੋਂ ਨੂੰ ਕਿਸੇ ਨਾ ਕਿਸੇ ਨੂੰ ਚਾਚਾ, ਤਾਇਆ, ਮਾਸੜ, ਫੁੱਫੜ ਬਣਾ ਲਿਆ ਜਾਵੇਗਾ। ਇਸ ਫਾਟਕ ਦੀ ਤੀਜੀ ਵਿਸ਼ੇਸ਼ਤਾ ਇਹ ਹੈ ਕਿ ਇਸ ਦੇ ਨਾਲ ਹੀ ਇੱਕ ਵੀਰਾਨ ਜਿਹਾ ਫਿਲਮ ਥਿਏਟਰ ਵੀ ਹੈ। ਉਹ ਹੈ ਸੱਲੂ ਫਿਲਮ ਥਿਏਟਰ। ਪਹਿਲੀ ਗੱਲ ਤਾਂ ਇਸ ਦੇ ਅੰਗਰੇਜ਼ੀ ਦੇ ਸ਼ਬਦ ਤੋਂ ਬਹੁਤਿਆਂ ਨੂੰ ਇਹ ਨਹੀਂ ਪਤਾ ਲਗਦਾ ਕਿ ਇਸ ਦਾ ਉਚਾਰਨ ਕੀ ਕਰੀਏ। ਪੜ੍ਹਦਿਆਂ ਪੜ੍ਹਦਿਆਂ ਬੱਸ ਲੰਘ ਜਾਂਦੀ ਹੈ। ਇਸ ਥਿਏਟਰ ਦੀ ਇੱਕ ਵਿਸ਼ੇਸ਼ਤਾ ਇਹ ਵੀ ਹੈ ਕਿ ਇਸ ਵਿੱਚ ਕਦੇ ਕੋਈ ਚੱਜ ਹਾਲ ਦੀ ਫਿਲਮ ਨਹੀਂ ਲੱਗੀ ਹੁੰਦੀ। ਹਮੇਸ਼ਾਂ ਹੋਰ ਨਹੀਂ ਤਾਂ ਬਸ ਸਾਲ ਬਾਅਦ ਜਾਂ ਅਲੀ ਬਾਬਾ ਚਾਲੀ ਚੋਰ ਇਨ੍ਹਾਂ ਵਿੱਚੋਂ ਇੱਕ ਅੱਧੀ ਲਾਜਮੀ ਲੱਗੀ ਹੋਵੇਗੀ। ਇਸ ਫਾਟਕ ਦੀ ਚੌਥੀ ਵਿਸ਼ੇਸ਼ਤਾ ਇਹ ਹੈ ਕਿ ਚੰਡੀਗੜ੍ਹ ਜਾਣ ਵਾਲੀ ਸਾਈਡ ਵੱਲ ਇੱਕ ਪਾਸੇ ਵੱਡੇ ਸਾਰੇ ਤਖ਼ਤਪੋਸ਼ ਤੇ ਤਿੰਨ ਚਾਰ ਨਿਹੰਗ ਸਿੰਘ ਕੁੰਡੇ ਘੋਟਣੇ ਦੁਆਰਾ ਸੁੱਖਾ ਰਗੜ ਰਹੇ ਹੁੰਦੇ ਹਨ ਅਤੇ ਉਨ੍ਹਾਂ ਦੇ ਆਸ-ਪਾਸ ਖੜੇ ਕੁੱਝ ਸੁੱਖਾ ਪ੍ਰੇਮੀ ਲਲਚਾਈਆਂ ਨਜ਼ਰਾਂ ਨਾਲ ਉਨ੍ਹਾਂ ਵੱਲ ਤੱਕ ਰਹੇ ਹੁੰਦੇ ਹਨ। ਬੱਸਾਂ ਵਿੱਚ ਬੈਠੇ ਕਈ ਸੁੱਖੇ ਦੇ ਸ਼ੌਕੀਨ ਵੀ ਉਸਲਵੱਟੇ ਲੈਣ ਲੱਗ ਪੈਂਦੇ ਹਨ ਅਤੇ ਕਈ ਭੇਤੀ ਤਾਂ ਜਲਦੀ ਜਲਦੀ ਗੱਫਾ ਲਾ ਵੀ ਆਉਂਦੇ ਹਨ।

ਖੈਰ ਇਹ ਦ੍ਰਿਸ਼ ਕਿਸੇ ਹੱਦ ਤੱਕ ਬੋਰੀਅਤ ਤਾਂ ਦੂਰ ਕਰਦਾ ਹੀ ਹੈ ਇਸ ਫਾਟਕ ਤੋਂ ਕੁਝ ਕੁ ਪੇਸ਼ਵਰਾਨਾ ਮੰਗਤਿਆਂ ਨੇ ਵੀ ਪੱਕੇ ਡੇਰੇ ਲਾ ਰੱਖੇ ਹਨ। ਦੇਸ਼ ਵਿੱਚ ਕਿਤੇ ਕੋਈ ਕੁਦਰਤੀ ਕਰੋਪੀ ਹੋ ਜਾਵੇ ਇਹਨਾਂ ਮੰਗਤਿਆਂ ਨੂੰ ਆਪਣੇ ਆਪ ਨੂੰ ਉਸੇ ਦਾ ਸ਼ਿਕਾਰ ਹੀ ਬਣਾ ਲਿਆ ਹੈ। ਜੇ ਕੁਝ ਨਹੀਂ ਤਾਂ ਲੋਕ ਆਪਣੇ ਆਪ ਨੂੰ ਰਾਜਸਥਾਨ ਦੇ ਸ਼ੋਕਾ-ਪੀੜਤ ਤਾਂ ਬਣਾ ਹੀ ਦਿੰਦੇ ਹਨ। ਅਜਿਹੇ ਅਤੇ ਇਸ ਤੋਂ ਵੱਧ ਰੰਗੀਨ ਖੂਬੀਆਂ ਵਾਲੇ ਫਾਟਕ ਭਾਰਤ ਵਰਸ਼ ਵਿੱਚ ਹੋਰ ਵੀ ਬਥੇਰੇ ਹੋਣਗੇ। ਜਿਨਾਂ ਦਾ ਪੂਰਾ ਪੂਰਾ ਵਰਣਨ ਕਰ ਸਕਣਾ ਇਸ ਕਲਮ ਦੀ ਸਮਰੱਥਾ ਤੋਂ ਬਾਹਰੀ ਗੱਲ ਹੈ। ਪੰਤੂ ਸਮੁਚੇ ਭਾਰਤ ਵਰਸ਼ ਦੇ ਸਾਰੇ ਫਾਟਕਾਂ ਦੀਆਂ ਕੁਝ ਸਾਂਝੀਆਂ ਖੂਬੀਆਂ ਦਾ ਜ਼ਿਕਰ ਕਰ ਲੈਣਾ ਵਿਸ਼ੇ ਨੂੰ ਜਰੁਰ ਰੋਮਾਂਚਕ ਬਣਾ ਸਕਦਾ ਹੈ।

ਇਨ੍ਹਾਂ ਫਾਟਕਾਂ ਦੀ ਇੱਕ ਸਾਂਝੀ ਖੂਬੀ ਇਹ ਹੈ ਕਿ ਇਨ੍ਹਾਂ ਫਾਟਕਾਂ ਉੱਤੇ ਭਾਰਤੀ ਰੇਲਵੇ ਦੁਆਰਾ ਰੱਖੇ ਗਏ ਗੇਟ ਮੈਨ ਆਮ ਤੌਰ ਤੇ ਬੁੱਢੇ ਠੇਰੇ, ਭੰਗੀ-ਪੋਸਤੀ, ਅਮਲੀ ਸ਼ਮਲੀ, ਛੜੇ, ਨੰਗ ਮੰਗ ਅਤੇ ਲਾਪ੍ਰਵਾਹ ਕਿਸਮ ਦੇ ਆਦਮੀ ਹੁੰਦੇ ਹਨ। ਇਨ੍ਹਾਂ ਗੇਟ ਮੈਨਾਂ ਅਤੇ ਫਾਟਕਾਂ ਦਾ ਗੱਡੀ ਦੇ ਆਉਣ ਜਾਂ ਜਾਣ ਨਾਲ ਕੋਈ ਬਹੁਤਾ ਸੰਬੰਧ ਨਹੀਂ ਹੁੰਦਾ ਹੈ। ਗੱਡੀ ਆਉ ਤੇ ਆਪੇ ਆ ਕੇ ਲੰਘ ਜਾਉ। ਜੇਕਰ ਸੁੱਖੀ ਸਾਂਦੀ ਲੰਘ ਗਈ ਤਾਂ ਠੀਕ ਹੈ ਨਹੀਂ ਤਾਂ

ਸੁੱਧ ਵੈਸ਼ਨੂੰ ਢਾਬਾ/73