ਪੰਨਾ:ਸਾਂਝੇ ਸਾਹ ਲੈਂਦਿਆਂ.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਦਾਸ ਹੋਇਆ ਮੈਂ

ਪੱਥਰ ਉਦਾਸ ਹੋਇਆ
ਤਾਂ ਉਸਨੇ ਉਡੀਕ ਸ਼ੁਰੂ ਕੀਤੀ ਧੁੱਪਾਂ ਦੀ

ਬਿਰਖ਼ ਉਦਾਸ ਹੋਇਆ
ਤਾਂ ਉਸਨੇ ਪੱਤਿਆਂ 'ਚੋਂ ਲੰਘਦੀ ਹਵਾ ਨੂੰ
ਸੰਗੀਤ ਵਿਚ ਬਦਲ ਲਿਆ

ਪਰਬਤ ਉਦਾਸ ਹੋਇਆ
ਤਾਂ ਉਸਨੇ ਅਸਮਾਨ 'ਚੋਂ ਲੰਘਦੇ ਬੱਦਲ ਨੂੰ
ਬਰਸਣ ਦਾ ਸੱਦਾ ਦਿੱਤਾ

ਉਦਾਸ ਹੋਏ ਜਨੌਰ ਅਤੇ ਪੰਛੀ
ਤਾਂ ਉਨ੍ਹਾਂ ਨੂੰ ਯਾਦ ਆਈ ਜੰਗਲ 'ਚ
ਉਤਰਦੀ ਨਿੱਘੀ ਸਵੇਰ ਦੀ

ਉਦਾਸ ਹੋਏ ਬੇਬਸ ਫ਼ੌਜੀ
ਤਾਂ ਉਨ੍ਹਾਂ ਯਾਦ ਕੀਤਾ ਘਰਾਂ ਵਿਚ
ਜਗਦੀਆਂ ਰੌਸ਼ਨੀਆਂ ਨੂੰ

52/ ਸਾਂਝੇ ਸਾਹ ਲੈਂਦਿਆਂ