ਪੰਨਾ:ਸਾਂਝੇ ਸਾਹ ਲੈਂਦਿਆਂ.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੋਲੀ ਚਲਦੀ ਹੈ

ਗੋਲੀ ਚਲਦੀ ਹੈ
ਘੁੱਗੀ ਉਡਾਰੀ ਮਾਰ
ਤਸਵੀਰ 'ਚ ਜਾ ਲੁਕਦੀ ਹੈ

ਬੱਚੇ ਦੀ ਨਜ਼ਰ
ਬਾਪ ਵਰਗੇ ਹੀ ਲਗਦੇ
ਦੁਸ਼ਮਣ ਚਿਹਰੇ ਦੀ ਦਾੜ੍ਹੀ 'ਤੇ ਜਾ ਰੁਕਦੀ ਹੈ

ਟੈਲੀਵਿਜ਼ਨ ਦੀ ਸਕਰੀਨ 'ਤੇ
ਖੁਸ਼ਬੂਦਾਰ ਸਾਬਣ ਅਤੇ ਕੋਕਾ ਕੋਲਾ ਦੇ
ਵਿਗਿਆਪਨਾਂ ਵਿਚਕਾਰ
ਬਚਦੇ ਸਮੇਂ ਅੰਦਰ
ਜਵਾਨ ਮੁੰਡੇ
ਫ਼ੌਜੀ ਵਰਦੀਆਂ ਪਹਿਨ
ਮੌਤ ਵੱਲ ਦੌੜਦੇ ਹਨ...

ਗੋਲੀ ਚਲਦੀ ਹੈ
ਸ਼ਹਿਰ ਸਹਿਮ ਦੀ ਚਾਦਰ
ਲਪੇਟ ਲੈਂਦਾ ਹੈ

54/ ਸਾਂਝੇ ਸਾਹ ਲੈਂਦਿਆਂ