ਪੰਨਾ:ਸਾਂਝੇ ਸਾਹ ਲੈਂਦਿਆਂ.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਤੇਰੀ ਛੁਹ ਨਾਲ ਭਿੱਜੇ
ਕੈਫ਼ੇ ਵਿਚ ਜਾ ਵੜਿਆ ਸੀ
ਕੈਫ਼ੇ ਦੀ ਵੇਟਰੈਸ ਕੁੜੀ ਦੇ
ਚਿਹਰੇ 'ਤੇ ਤੇਰਾ ਰੂਪ ਉਤਰ ਆਇਆ ਸੀ

ਮੇਜ਼ਾਂ 'ਤੇ ਪਏ ਫੁੱਲਾਂ ਨੇ
ਮੈਨੂੰ ਪਛਾਣ ਲਿਆ ਸੀ
ਕੈਫ਼ੇ ਦੀ ਫਿਜ਼ਾ ਵਿਚ
ਤੇਰੇ ਸਾਹ ਮਹਿਕ ਰਹੇ ਸਨ

ਜ਼ਖ਼ਮੀ ਚੀਤਾ ਅਚਾਨਕ
ਸ਼ਾਂਤ ਤੇ ਨਿੱਘੇ ਕਤੂਰੇ 'ਚ ਬਦਲ ਗਿਆ ਸੀ
ਤੇ ਮੇਰੇ ਪੈਰਾਂ ਕੋਲ ਆਣ ਬੈਠਾ ਸੀ

ਮੇਰੀਆਂ ਅੱਖਾਂ ਵਿਚ
ਹਿਜਰ-ਵਸਲ ਦਾ
ਦੋ-ਮੁਖੀਆ ਦੀਵਾ ਬਲ ਰਿਹਾ ਸੀ

ਮੇਰੀ ਛਾਤੀ ਤੋਂ
ਇਕ ਚੱਟਾਨ ਖਿਸਕੀ ਸੀ
ਜਿਸ ਦੇ ਹੇਠਾਂ ਕੋਮਲ ਪਾਣੀਆਂ ਦਾ
ਇਕ ਝਰਨਾ ਫੁੱਟਿਆ ਸੀ

ਸਾਂਝੇ ਸਾਹ ਲੈਂਦਿਆਂ/ 61