ਸਮੱਗਰੀ 'ਤੇ ਜਾਓ

ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਨ। ਪਰ ਸਾਹਿਤ ਦੂਜੀ ਹਰ ਸਮਾਜਕ ਚੇਤਨਾ ਨਾਲ਼ ਅਨਿੱਖੜ ਤਰ੍ਹਾਂ ਨਾਲ ਜੁੜਿਆ ਹੋਇਆ ਹੈ। ਇਸ ਕਰਕੇ ਸਾਹਿਤ ਦੇ ਅਧਿਐਨ ਅਤੇ ਮੁਲਾਂਕਣ ਵਿਚ ਸਮਾਜਕ ਚੇਤਨਾਂ ਦੇ ਬਾਕੀ ਰੂਪਾਂ ਨਾਲ ਇਸ ਦੇ ਸੰਬੰਧ ਨੂੰ ਦੇਖਣਾ ਵੀ ਜ਼ਰੂਰੀ ਹੁੰਦਾ ਹੈ, ਜਿਹੜੇ ਕਿ ਕਦੀ ਪ੍ਰਤੱਖ ਰੂਪ ਵਿਚ, ਕਦੀ ਪਿਛੋਕੜ ਵਿਚ ਰਹਿ ਕੇ ਸਹਿਤ ਵਿਚ ਕਾਰਜਸ਼ੀਲ ਹੁੰਦੇ ਹਨ। ਸਮਾਜਕ ਚੇਤਨਾ ਦੇ ਦੂਜੇ ਰੂਪਾਂ ਦਾ ਗਿਆਨ ਸਾਹਿਤ ਅਧਿਐਨ ਅਤੇ ਆਲੋਚਨਾ ਨੂੰ ਗੁਣਾਤਮਕ ਤੌਰ ਉੱਤੇ ਉਚੇਰਾ ਅਤੇ ਡੂੰਘੇਰਾ ਬਣਾ ਦਿੰਦਾ ਹੈ। ਪਰ ਇਸਦੇ ਉਲਟ ਦੂਜੇ ਰੂਪਾਂ ਵਿਚ ਸਾਹਿਤ ਦੀ ਵਰਤੋਂ ਭਾਵੇਂ ਸਮਾਜਕ ਵਰਤਾਰੇ ਦੇ ਉਸ ਵਿਸ਼ੇਸ਼ ਖੇਤਰ ਦੀ ਸੂਝ ਅਤੇ ਸਮਾਨੀਕਰਣ ਨੂੰ ਡੂਘੇਰਾ ਅਤੇ ਵਿਸ਼ਾਲ ਤਾਂ ਬਣਾ ਸਕਦੀ ਹੈ, ਪਰ ਬਦਲੇ ਵਿਚ ਕਲਾ ਵਜੋਂ ਸਹਿਤ ਦੀ ਹੋਂਦ ਖਤਰੇ ਵਿਚ ਪੈ ਜਾਂਦੀ ਹੈ। ਇਹ ਸਿਰਫ ਵਿਆਖਿਆ ਦਾ ਸਾਧਨ ਬਣ ਜਾਂਦਾ ਹੈ।

ਸਾਹਿਤ ਇਕ ਕਲਾ ਹੈ ਜਿਸ ਦਾ ਮਾਧਿਅਮ ਨੂੰ ਭਾਸ਼ਾ ਹੈ। ਭਾਸ਼ਾ ਦਾ ਮਾਧਿਅਮ ਇਸ ਨੂੰ ਬਾਕੀ ਕਲਾਵਾਂ ਨਾਲੋਂ ਨਿਖੇੜਦਾ ਹੈ। ਭਾਸ਼ਾ ਨਿਤਾਪ੍ਰਤਿ ਜੀਵਨ ਵਿਚ ਵੀ ਸੰਚਾਰ ਦਾ ਮਾਧਿਅਮ ਹੋਣ ਕਰਕੇ ਸਾਹਿਤ ਨੂੰ ਬਿਨਾ ਕਿਸੇ ਉਚੇਚੇ ਯਤਨ ਜਾਂ ਸਿਖਲਾਈ ਦੇ ਮਾਨਣ ਦੇ ਯੋਗ ਬਣਾਉਂਦੀ ਹੈ। ਦੂਜੀਆਂ ਕਲਾਵਾਂ ਨੂੰ ਸਮਝਣ ਅਤੇ ਮਾਨਣ ਲਈ ਉਹਨਾਂ ਦੇ ਮਾਧਿਅਮ ਅਤੇ ਵੱਖਰੇ ਮੁਹਾਵਰੇ ਵਿਚ ਸਿਖਲਾਈ ਦੀ ਲੋੜ ਪੈਂਦੀ ਹੈ, ਜਦ ਕਿ ਉਹਨਾਂ ਦੀ ਪਰਖ ਲਈ ਵਿਸ਼ੇਸ਼ਗਤਾ ਦੀ ਲੋੜ ਹੁੰਦੀ ਹੈ। ਸਹਿਤ ਦਾ ਮਾਧਿਅਮ ਜਿੱਥੇ ਬਿਨਾਂ ਕਿਸੇ ਉਚੇਚੇ ਯਤਨ ਜਾਂ ਸਿਖਲਾਈ ਦੇ ਇਸਨੂੰ ਮਾਨਣ ਦੀ ਸੰਭਾਵਨਾ ਪੈਂਦਾ ਕਰਦਾ ਹੈ, ਉੱਥੇ ਹੀ ਇਹ ਭਰਮ ਵੀ ਪੈਂਦਾ ਕਰਦਾ ਹੈ ਕਿ ਸਾਹਿਤ ਦੇ ਅਧਿਐਨ ਅਤੇ ਮੁਲਾਂਕਣ ਲਈ ਵੀ ਉਸੇ ਵਿਸ਼ੇਸ਼ਗਤਾ ਦੀ ਲੋੜ ਨਹੀਂ। ਪਰ ਅਸਲ ਵਿਚ ਸਾਹਿਤ ਦੇ

ਅਧਿਐਨ ਅਤੇ ਮੁਲਾਂਕਣ ਲਈ ਵੀ ਉਸੇ ਤਰ੍ਹਾਂ ਹੀ ਵਿਸ਼ੇਸ਼ਗਤਾ ਦੀ ਲੋੜ ਹੁੰਦੀ ਹੈ ਜਿਸ ਤਰ੍ਹਾਂ ਕਿਸੇ ਹੋਰ ਕਲਾ ਦੇ ਖੇਤਰ ਵਿਚ। ਸਾਹਿਤ ਅਤੇ ਦੂਜੀਆਂ ਕਲਾਵਾਂ ਦੇ ਵਿਸ਼ਲੇਸ਼ਣ ਅਤੇ ਵਰਨਣ ਦੀ ਸ਼ਬਦਾਵਲੀ ਵਿਚ ਬਹੁਤ ਸਾਂਝ ਹੋ ਸਕਦੀ ਹੈ। ਸਾਹਿਤ ਰਚਨਾ ਵਿਚ ਦੂਜੀਆਂ ਕਲਾਵਾਂ ਦੀਆਂ ਤਕਨੀਕਾਂ ਦੀ ਵੀ ਕਈ ਵਾਰੀ ਵਰਤੋਂ ਕੀਤੀ ਜਾਂਦੀ ਹੈ ਨਾ ਸਿਰਫ਼ ਕਵਿਤਾ ਵਿਚ ਹੀ ਸਗੋਂ ਵਾਰਤਿਕ ਵਿਚ ਵੀ ਇਕ ਤਾਲ ਹੁੰਦਾ ਹੈ (ਸੰਗੀਤ ਅਤੇ ਨਰਿਤ): ਲੇਖਕ ਕੁਝ ਬੁਰਸ਼ ਛੋਹਾਂ ਨਾਲ ਪਾਤਰ, ਘਟਣਾ ਜਾਂ ਵਾਤਾਵਰਣ ਨੂੰ ਉਘਾੜ ਦੇਂਦਾ ਹੈ (ਚਿਤ੍ਰਕਾਰੀ, ਇਸ ਉਦਾਹਰਣ ਵਿਚ ਪ੍ਰਭਾਵਵਾਦੀ); ਨਾ ਸਿਰਫ਼ ਸ਼ਬਦਾਂ ਨੂੰ ਹੀ ਸੋਹਣੀ ਤਰ੍ਹਾਂ ਨਾਲ ਬੀੜਿਆ ਹੁੰਦਾ ਹੈ, ਸਗੋਂ ਸਾਹਿਤ ਦੇ ਵੱਖੋ ਵੱਖਰੇ ਅੰਗ ਇਕ ਸੰਤੁਲਣ ਵਿਚ ਉਸਾਰੇ ਹੁੰਦੇ ਹਨ (ਭਵਨ-ਨਿਰਮਾਣ); ਹਰ ਪਾਤਰ, ਘਟਨਾ, ਠੋਸ ਰੂਪ ਧਾਰਨ ਕਰਕੇ ਸਾਹਮਣੇ ਆਉਂਦੀ ਹੈ (ਬੱਤ-ਕਲਾ) ਆਦਿ। ਦੂਜੀ ਹਰ ਕਲਾ ਦਾ ਆਪਣਾ ਨਿਵੇਕਲਾ ਮਾਧਿਅਮ ਅਤੇ ਤਕਨੀਕ ਹੋਣ ਕਰਕੇ ਹਰ ਇਕ ਦੀ ਨਿਰੋਲ ਆਪਣੀ ਵਿਸ਼ੇਸ਼ਗਤਾ ਵੀ ਹੋ ਸਕਦੀ ਹੈ, ਪਰ ਸਾਹਿਤ ਦੇ ਖੇਤਰ ਵਿਚ ਸਿਰਫ਼ ਸਾਹਿਤ ਜਾਂ ਇਸ

2