ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰ ਸਾਹਿਤਕ ਕਿਰਤ ਦੀ ਸੰਰਚਨਾ ਨੂੰ ਸਮਝਣ ਲਈ ਇਸਦਾ ਸਿਰਫ਼ ਇਹਨਾਂ ਚਾਰ ਅੰਗਾਂ--ਰੂਪ, ਵਸਤੂ, ਵਿਸ਼ਾ ਅਤੇ ਮਾਧਿਅਮ--ਵਿਚ ਨਿਖੇੜਾ ਹੀ ਕਾਫ਼ੀ ਨਹੀਂ। ਇਹ ਅੰਗ ਤਾਂ ਹਰ ਕਲਾ ਕਿਰਤ ਲਈ ਵੀ ਠੀਕ ਹੋ ਸਕਦੇ ਹਨ। ਸਾਹਿਤਕ ਕਿਰਤ ਨੂੰ ਇਸਦੇ ਸਰਬ-ਪੱਖੀ ਸੰਬੰਧਾਂ ਵਿਚ ਸਮਝਣ ਲਈ ਅੱਗੋਂ ਇਹਨਾਂ ਦੇ ਵੇਰਵੇ ਵਿਚ ਜਾਣਾ ਜ਼ਰੂਰੀ ਹੈ।

ਵਸਤੂ ਬਾਰੇ ਅਸੀਂ ਪਹਿਲਾਂ ਕਹਿ ਆਏ ਹਾਂ ਕਿ ਸਮਾਜਕ ਯਥਾਰਥ ਕਿਸੇ ਵੀ ਕਲਾ-ਕ੍ਰਿਤ ਦਾ ਵਸਤੂ ਹੁੰਦਾ ਹੈ। ਪਰ ਇਹ ਸਮਾਜਕ ਯਥਾਰਥ ਸਾਹਿਤਕ ਕਿਰਤ ਵਿਚ ਦੋ ਤਰ੍ਹਾਂ ਨਾਲ ਪ੍ਰਗਟ ਹੁੰਦਾ ਹੈ--ਸਮਾਜਕ ਯਥਾਰਥ ਵਜੋਂ ਵੀ ਅਤੇ ਲੇਖਕ ਦੇ ਵਿਅਕਤਿਤਵ ਵਜੋਂ ਵੀ, ਜੋ ਕਿ ਸਮਾਜਕ ਯਥਾਰਥ ਦਾ ਅੰਗ ਵੀ ਹੁੰਦਾ ਹੈ ਤੇ ਇਸਨੂੰ ਬਾਹਰੋਂ ਹੋ ਕੇ ਦੇਖ ਰਿਹਾ ਹੁੰਦਾ ਹੈ। ਸਾਹਿਤਕ ਕਿਰਤ ਵਿਚਲੀਆਂ ਬਹੁਤ ਸਾਰੀਆਂ ਚੀਜ਼ਾਂ ਲੇਖਕ ਦੇ ਵਿਅਕਤਿਤਵ ਦੀ ਵਿਲੱਖਣਤਾ ਬਣ ਕੇ ਸਾਹਮਣੇ ਆਉਂਦੀਆਂ ਹਨ। ਪ੍ਰਤੱਖ ਹੈ ਕਿ ਇਥੇ ਵਿਅਕਤਿਤਵ ਤੋਂ ਭਾਵ ਲੇਖਕ ਦੀ ਸ਼ਖਸੀਅਤ ਦੀਆਂ ਸਾਹਿਤਕ ਕਿਰਤ ਤੋਂ ਬਾਹਰੀਆਂ ਵਿਲੱਖਣਤਾਈਆਂ ਨਹੀਂ, ਸਗੋਂ ਉਹ ਵਿਲੱਖਣਤਾਈਆਂ ਹਨ ਜਿਹੜੀਆਂ ਸਾਹਿਤਕ ਕਿਰਤ ਦੇ ਅੰਦਰ ਪ੍ਰਗਟ ਹੁੰਦੀਆਂ ਹਨ। ਇਹ ਵਿਲੱਖਣਤਾਈਆਂ, ਜਿਵੇਂ ਕਿ ਅਸੀਂ ਅੱਗੇ ਰੂਪ ਵਾਲੇ ਪਾਸੇ ਦੇਖਾਂਗੇ, ਸ਼ੈਲੀ ਦੇ ਇਕ ਅੰਗ ਵਜੋਂ ਵੀ ਸਾਹਮਣੇ ਆਉਂਦੀਆਂ ਹਨ। ਵਸਤੂ ਵਿਚ ਇਹ ਤਿੰਨ ਤਰ੍ਹਾਂ ਨਾਲ ਪ੍ਰਗਟ ਹੁੰਦੀਆਂ ਹਨ: ਲੇਖਕ ਦੇ ਸੰਸਾਰ ਦ੍ਰਿਸ਼ਟੀਕੋਣ ਵਜੋਂ, ਉਸ ਦੇ ਨਿਰੀਖਣ ਦੀ ਤੀਖਣਤਾ ਵਜੋਂ, (ਜਿਸਦਾ ਅਰਥ ਹੈ ਕਿ ਉਹ ਸਮਾਜਕ ਯਥਾਰਥ ਦੇ ਹਰ ਮਹੱਤਵਪੂਰਨ ਵਿਸਥਾਰ ਨੂੰ ਕਿਥੋਂ ਤੱਕ ਪਕੜ ਸਕਿਆ ਹੈ) ਅਤੇ ਉਸ ਵਲੋਂ ਪੇਸ਼ ਕੀਤੇ ਸਮਾਨੀਕਰਨ ਦੀ ਪੱਧਰ, ਅਰਥਾਤ ਇਸ ਦੀ ਸਰਬੰਗਤਾ ਅਤੇ ਡੂੰਘਾਈ ਵਜੋਂ। ਅਸੀਂ ਕਿਉਂਕਿ ਲੇਖਕ ਦੇ ਵਿਅਕਤਿਤਵ ਨੂੰ ਕਿਰਤ ਦੇ ਅੰਦਰ ਪੈਦਾ ਹੋਈਆਂ ਵਿਲੱਖਣਤਾਈਆਂ ਦੇ ਰੂਪ ਵਿਚ ਦੇਖ ਰਹੇ ਹਾਂ, ਇਸ ਲਈ ਇਸ ਨੂੰ ਅਸੀਂ ਸਮਾਜਕ ਯਥਾਰਥ ਦਾ ਆਤਮ-ਪਰਕ ਪੱਖ ਵੀ ਕਹਿ ਸਕਦੇ ਹਾਂ।

ਸਮਾਜਕ ਯਥਾਰਥ ਦੇ ਵਸਤੂਪਰਕ ਪੱਖ ਨੂੰ ਅਸੀਂ ਫਿਰ ਦੋ ਹਿੱਸਿਆਂ ਵਿਚ ਵੰਡ ਕੇ ਦੇਖ ਸਕਦੇ ਹਾਂ: (ਉ) ਪਦਾਰਥਕ ਸੰਬੰਧ (ਅ) ਬੌਧਕ ਪ੍ਰਗਟਾਅ। ਪਦਾਰਥਕ ਸੰਬੰਧਾਂ ਵਿਚ ਅਸੀਂ ਇਥੇ ਨਾ ਸਿਰਫ਼ ਉਤਪਾਦਨ ਦੇ ਸੰਬੰਧ, ਭਾਵ ਮਾਲਕੀ ਦੇ ਸੰਬੰਧ ਹੀ ਲੈ ਰਹੇ ਹਾਂ, ਸਗੋਂ ਸਮਾਜ ਦੇ ਵਖੋ ਵੱਖਰੇ ਖੇਤਰਾਂ ਵਿਚ ਕੰਮ ਕਰ ਰਹੀਆਂ ਸੰਸਥਾਵਾਂ (ਪਰਿਵਾਰਕ, ਵਿਦਿਅਕ, ਆਰਥਕ, ਰਾਜਨੀਤਕ ਆਦਿ) ਦੇ ਅੰਤਰ-ਕਰਮ ਅਤੇ ਅੰਤਰ- ਸੰਬੰਧਾਂ ਨੂੰ ਵੀ ਅਤੇ ਇਹਨਾਂ ਦੇ ਅੰਦਰ ਮਨੁੱਖੀ ਰਿਸ਼ਤਿਆਂ ਦੇ ਰੂਪ ਨੂੰ ਵੀ ਲੈ ਰਹੇ ਹਾਂ। ਇਹਨਾਂ ਨੂੰ ਹੀ ਅਸੀਂ ਜੋ ਹੋਰ ਤਰ੍ਹਾਂ ਨਾਲ ਪ੍ਰਗਟ ਕਰਨਾ ਹੋਵੇ ਤਾਂ ਇਹਨਾਂ ਨੂੰ ਆਧਾਰ ਵਿਚਲੇ ਪਦਾਰਥਕ ਸੰਬੰਧ ਅਤੇ ਉਸਾਰ ਵਿਚਲੇ ਪਦਾਰਥਕ ਸੰਬੰਧ ਕਿਹਾ ਜਾ ਸਕਦਾ ਹੈ।

ਵਸਤੂ-ਪਰਕ ਸਮਾਜਕ ਯਥਾਰਥ ਦਾ ਬੌਧਕ ਪ੍ਰਗਟਾਅ ਸਮਾਜ ਵਿਚ ਪ੍ਰਚਲਤ

5