ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



"ਇਕ ਛਿੱਟ ਚਾਨਣ ਦੀ"
ਕਹਾਣੀ-ਸੰਗ੍ਰਹਿ ਦਾ ਵਸਤੂ-ਪੱਖ

ਵਿਸ਼ੇਸ਼ ਪੁਸਤਕ ਵਲ ਆਉਣ ਤੋਂ ਪਹਿਲਾਂ ਕੁਝ ਮੁੱਢਲੀ ਵਿਚਾਰ ਕਰ ਲਈਏ।

ਵਸਤੂ ਅਤੇ ਵਸਤੂ ਦੀ ਪਛਾਣ:

ਸਾਰੇ ਸਾਹਿਤ ਦਾ ਵਸਤੂ ਮਨੁੱਖ ਦਾ ਸਮਾਜਕ ਜੀਵਨ ਹੈ। ਪ੍ਰਕਿਰਤੀ ਅਤੇ ਪਸ਼ੂ ਜਗਤ ਵੀ ਜਦੋਂ ਸਾਹਿਤ ਵਿਚ ਪ੍ਰਵੇਸ਼ ਕਰਦੇ ਹਨ ਤਾਂ ਮਨੁੱਖ ਦੇ ਸਮਾਜਕ ਜੀਵਨ ਨਾਲ ਸੰਬੰਧਿਤ ਹੋ ਕੇ ਹੀ ਪ੍ਰਵੇਸ਼ ਕਰਦੇ ਹਨ।

ਤਾਂ ਵੀ ਸਾਹਿਤ ਯਥਾਰਥ ਨਹੀਂ ਹੁੰਦਾ, ਯਥਾਰਥ ਦੀ ਕਲਾਤਮਕ ਬਿੰਬਾਂ ਰਾਹੀਂ ਰਚਣੇਈ ਮੁੜ-ਸਿਰਜਣਾ ਹੁੰਦਾ ਹੈ। ਨਾ ਹੀ ਬਿੰਬ ਯਥਾਰਥ ਹੁੰਦਾ ਹੈ। ਬਿੰਬ ਯਥਾਰਥ ਦੇ ਕਿਸੇ ਅੰਸ਼ ਜਾਂ ਤੱਤ ਦਾ ਸੰਕਲਪਾਤਮਕ ਰੂਪ ਹੁੰਦਾ ਹੈ। ਸਾਹਿਤਕ ਬਿੰਬ ਵਿਚ ਯਥਾਰਥ ਦੇ ਨਾਲ ਨਾਲ ਲੇਖਕ ਦੀ ਕਲਪਣਾ, ਇਸ ਯਥਾਰਥ ਬਾਰੇ ਉਸ ਦਾ ਦ੍ਰਿਸ਼ਟੀਕੋਨ, ਉਸ ਦਾ ਸੁਹਜ-ਦਰਸ਼ਨ ਸ਼ਾਮਲ ਹੁੰਦਾ ਹੈ।

ਲੇਖਕ ਲਈ ਇਹ ਬੰਬ ਆਪਣੇ ਦ੍ਰਿਸ਼ਟੀਕੋਨ ਤੋਂ ਪਾਠਕ ਨੂੰ ਯਥਾਰਥ ਦਾ ਬੋਧ ਕਰਾਉਣ ਦਾ ਸਾਧਨ ਬਣਦੇ ਹਨ। ਆਲੋਚਕ ਲਈ ਇਹ ਬਿੰਬ ਯਥਾਰਥ ਬਾਰੇ ਲੇਖਕ ਦੇ ਬੋਧ ਨੂੰ ਸਾਕਾਰ ਕਰਦੇ ਹਨ।

ਜਿਸ ਵੇਲੇ ਅਸੀਂ ਗਲਪ ਵਿਚ ਬਿੰਬ ਦੀ ਗੱਲ ਕਰਦੇ ਹਾਂ ਤਾਂ ਇਸ ਦੇ ਅਰਥ ਵਿਚ ਵਿਸਥਾਰ ਆ ਜਾਂਦਾ ਹੈ। ਪਾਤਰ, ਘਟਨਾ, ਵਿਉਂਤ ਆਦਿ ਸਭ ਬਿੰਬ ਹੁੰਦੇ ਹਨ, ਜਿਨ੍ਹਾਂ ਰਾਹੀਂ ਲੇਖਕ ਯਥਾਰਥ ਦੀ ਕਲਾਤਮਕ ਮੁੜ-ਸਿਰਜਣਾ ਕਰਦਾ ਹੈ। ਇਹਨਾਂ ਵਿਚੋਂ ਹਰ ਇਕ ਦੀ ਆਪਣੀ ਸੁਹਜਾਤਮਕ ਵੀ ਅਤੇ ਬੋਧਾਤਮਕ ਵੀ ਕੀਮਤ ਹੁੰਦੀ ਹੈ।

ਜਿਵੇਂ ਕਿ ਅਸੀਂ ਕਿਹਾ ਹੈ, ਸਾਹਿਤ ਦਾ ਵਸਤੂ ਮਨੁੱਖ ਦਾ ਸਮਾਜਕ ਜੀਵਨ ਹੈ। ਸਾਹਿਤ ਵਿਚ ਇਹ ਯਥਾਰਥ ਕਲਾਤਮਕ ਬਿੰਬਾਂ ਰਾਹੀਂ ਮੁੜ-ਸਿਰਜਿਆ ਜਾਂਦਾ ਹੈ। ਇਸ ਤੋਂ ਵਸਤੂ ਦੀ ਪਛਾਣ ਦੀ ਸਮੱਸਿਆ ਪੈਦਾ ਹੁੰਦੀ ਹੈ। ਸਾਹਿਤ ਵਿਚਲੇ ਵਸਤੂ ਨੂੰ ਪਛਾਨਣ ਲਈ ਸਿਰਜੇ ਬਿੰਬਾਂ ਵਿਚੋਂ ਕਲਪਣਾ ਦਾ, ਜੀਵਨ-ਫ਼ਲਸਫ਼ੇ ਦਾ,

ਸੁਹਜ-ਦਰਸ਼ਨ ਦਾ ਅੰਸ਼ ਵੱਖ ਕਰ ਕੇ ਫਿਰ ਯਥਾਰਥ ਤਕ ਪਹੁੰਚਣਾ ਪੈਂਦਾ ਹੈ।

87