ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/96

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਸਾਰੇ ਅਮਲ ਵਿਚ ਲੇਖਕ ਅਤੇ ਪਾਠਕ ਵਿਚਕਾਰ ਭਾਸ਼ਾਈ ਸਾਂਝ ਤੋਂ ਛੁੱਟ ਸਭਿਆਚਾਰਕ ਪਿਛੋਕੜ, ਸਭਿਆਚਾਰਕ ਪੱਧਰ ਅਤੇ ਕਿਸੇ ਹੱਦ ਤਕ ਜੀਵਨ ਅਨੁਭਵ ਦੀ ਸਾਂਝ ਵੀ ਜ਼ਰੂਰੀ ਹੈ। ਜੇ ਸਭਿਆਚਾਰਕ ਓਪਰਾਪਣ ਹੋਵੇਗਾ ਜਾਂ ਸਭਿਆਚਾਰਕ ਵਿੱਥ ਹੋਵੇ, ਤਾਂ ਕਲਾਤਮਕ ਬਿੰਬਾਂ ਵਿਚ ਸੰਚਿਤ ਬੋਧ ਨੂੰ ਸਮਝਣਾ ਮੁਸ਼ਕਲ ਹੋ ਜਾਵੇਗਾ। ਜੀਵਨ ਅਨੁਭਵ ਦੀ ਸਾਂਝ ਦੀ ਅਣਹੋਂਦ ਵਿਚ ਪਾਠਕ ਲਈ ਲੇਖਕ ਦੀ ਪ੍ਰਮਾਣੀਕਤਾ ਨੂੰ ਮੰਨ ਕੇ ਚਲਣਾ ਪਵੇਗਾ। ਵੈਸੇ ਵੀ, ਲੇਖਕ ਲਈ ਇਹ ਝਾਵਲਾ ਕਾਇਮ ਰੱਖਣਾ ਜ਼ਰੂਰੀ ਹੈ ਕਿ ਜਿਸ ਯਥਾਰਥ ਨੂੰ ਉਹ ਪੇਸ਼ ਕਰ ਰਿਹਾ ਹੈ ਉਸ ਬਾਰ ਉਸ ਦਾ ਬੋਧ ਪ੍ਰਮਾਣਿਕ ਹੈ। ਜੇ ਇਹ ਝਾਵਲਾ ਕਾਇਮ ਨਹੀਂ ਰਹਿੰਦਾ ਤਾਂ ਰਚਨਾ ਦੀ ਪੇਸ਼ਕਾਰੀ ਅਤੇ ਸਮਝ ਵਿਚ ਇਕ ਮੁੱਢਲਾ ਖ਼ਲਾਅ ਰਹਿ ਜਾਂਦਾ ਹੈ, ਜਿਸ ਨੂੰ ਹੋਰ ਕਿਸੇ ਜੁਗਤ ਨਾਲ ਪੂਰਿਆਂ ਨਹੀਂ ਜਾ ਸਕਦਾ ਅਤੇ ਰਚਨਾ ਯਥਾਰਥ ਦੀ ਪੱਧਰ ਉਤੇ ਵੀ ਅਤੇ ਕਲਾ ਦੀ ਪੱਧਰ ਉਤੇ ਵੀ ਅਸਫਲ ਰਹਿ ਜਾਂਦੀ ਹੈ।

ਵਿਸ਼ਾ ਅਤੇ ਵਸਤੂ:

ਵਸਤੂ ਦੀ ਪਛਾਣ ਜ਼ਰੂਰੀ ਨਹੀਂ ਵਿਸ਼ੇ ਦੀ ਪਛਾਣ ਵੀ ਹੋਵੇ। ਅਤੇ ਇਹ ਗੱਲ ਦੋਹਾਂ ਪੱਧਰਾਂ ਉਤੇ ਵਾਪਰ ਸਕਦੀ ਹੈ———ਲੇਖਕ ਦੀ ਪੱਧਰ ਉਤੇ ਵੀ ਅਤੇ ਪਾਠਕ ਦੀ ਪੱਧਰ ਉਤੇ ਵੀ। ਰਚਨਾ ਦੀ ਪੱਧਰ ਉਤੇ ਵੀ ਅਤੇ ਰਚਨਾ ਸਮਝਣ ਅਤੇ ਮਾਨਣ ਦੀ ਪੱਧਰ ਉਤੇ ਵੀ। ਕੋਈ ਜ਼ਰੂਰੀ ਨਹੀਂ ਕਿ ਅਸੀਂ ਜ਼ਿੰਦਗੀ ਜਿਉਂਦੇ ਹੋਏ ਇਸ ਦੇ ਅੰਦਰਲੇ ਮੰਤਕ ਨੂੰ ਵੀ ਸਮਝ ਰਹੇ ਹੋਈਏ। ਕੋਈ ਜ਼ਰੂਰੀ ਨਹੀਂ ਕਿ ਲੇਖਕ ਯਥਾਰਥ ਨੂੰ ਪੇਸ਼ ਕਰਦਾ ਹੋਇਆ ਵੀ, ਇਸ ਯਥਾਰਥ ਨੂੰ ਜ਼ੋਰਦਾਰ ਅਤੇ ਮੰਤਕੀ ਢੰਗ ਨਾਲ ਪੇਸ਼ ਕਰਦਾ ਹੋਇਆ ਵੀ, ਇਸ ਦੇ ਮੰਤਕ ਨੂੰ ਠੀਕ ਤਰ੍ਹਾਂ ਸਮਝ ਰਿਹਾ ਹੋਵੇ।

ਵਿਚਾਰਧਾਰਾ ਅਤੇ ਦ੍ਰਿਸ਼ਟੀਕੋਨ, ਤੁਅੱਸਬ ਅਤੇ ਮਾਨਸਕ ਉਲਾਰ ਨਾਲ ਮਿਲ ਕੇ ਯਥਾਰਥ ਦੇ ਮੰਤਕ ਨੂੰ ਸਮਝਣ ਦੇ ਰਾਹ ਵਿਚ ਰੁਕਾਵਟ ਬਣ ਸਕਦੇ ਹਨ।

ਸਮੁੱਚੀ ਸਾਹਿਤ ਰਚਨਾ ਦਾ ਵਿਸ਼ਾ ਯਥਾਰਥ ਦੇ ਇਸ ਮੰਤਕ ਦਾ ਬੋਧ ਕਰਾਉਣਾ ਹੈ। ਇਹ ਵਿਸ਼ੇ ਦੀ ਇਕ ਪੱਧਰ ਹੈ। ਜੇ ਲੇਖਕ ਦਾ ਦ੍ਰਿਸ਼ਟੀਕੋਨ ਅਤੇ ਵਿਚਾਰਧਾਰਾ ਇਸ ਮੰਤਕ ਨੂੰ ਸਮਝਣ/ਮਹਿਸੂਸਣ ਅਤੇ ਪੇਸ਼ ਕਰਨ ਵਿਚ ਰੁਕਾਵਟ ਬਣੀ ਹੈ, ਤਾਂ ਉਹ ਲੇਖਕ ਐਸਾ ਸਾਹਿਤ ਨਹੀਂ ਰਚ ਸਕਦਾ ਜਿਹੜਾ ਕਲਾ ਦੇ ਖ਼ਾਨੇ ਵਿਚ ਆ ਸਕੇ।

ਇਸ ਮੰਤਕ ਦਾ ਬੋਧ ਕਿਉਂ ਕਰਾਉਣਾ ਹੈ ਅਤੇ ਕਿਹੜਾ ਪ੍ਰਤਿਕਰਮ ਪੈਦਾ ਕਰਨ ਲਈ ਕਰਾਉਣਾ ਹੈ———ਇਹ ਵਿਸ਼ੇ ਦੀ ਦੂਜੀ ਪੱਧਰ ਹੈ। ਇਸ ਪੱਧਰ ਉਤੇ ਪਾਠਕ ਅਤੇ ਲੇਖਕ ਦਾ ਇਕ ਸੁਰ ਹੋਣਾ ਕੋਈ ਜ਼ਰੂਰੀ ਨਹੀਂ। ਇਸ ਇਕਸੁਰਤਾ ਦੇ ਨਾ ਹੋਣ ਦੇ ਬਾਵਜੂਦ ਵੀ ਰਚਨਾ ਦੀ ਕਲੀ ਦੇ ਪੱਖੋਂ ਕਦਰ ਕਾਇਮ ਰਹਿ ਸਕਦੀ ਹੈ, ਕਲਾਂ ਨੂੰ ਮਾਣਿਆਂ ਅਤੇ ਇਸ ਦਾ ਮੁੱਲ ਪਾਇਆ ਜਾ ਸਕਦਾ ਹੈ।

ਹਰ ਚੰਗੇ ਸਾਹਿਤਕਾਰ ਦੀ ਸੂਰਤ ਵਿਚ, ਉਸ ਦੀ ਤੀਖਣ ਮਹਿਸੂਸਣ ਸ਼ਕਤੀ ਅਤੇ ਭਾਵਕ ਪ੍ਰਤਿਕਰਮ ਉਸ ਦੇ ਦ੍ਰਿਸ਼ਟੀਕੋਨ ਅਤੇ ਵਿਚਾਰਧਾਰਾ ਦੀਆਂ ਵਲਗਣਾਂ ਨੂੰ88