ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੩੨

ਪਾਠ ਦਾ ਸਪਸ਼ਟੀ ਕਰਣ:—ਉਦੇਸ਼ ਦਸਣ ਪਿਛੋਂ ਪਾਠ ਦੇ ਵਿਸ਼ੇ ਦਾ ਪੜ੍ਹਾਉਣਾ ਅਰੰਭ ਹੁੰਦਾ ਹੈ। ਨਵਾਂ ਪਾਠ ਪੜ੍ਹਾਉਣ ਵੇਲੇ ਉਸਤਾਦ ਕਈ ਤਰ੍ਹਾਂ ਦੇ ਸਾਧਨਾਂ ਨਾਲ ਪਾਠ ਨੂੰ ਸਮਝ ਵਿਚ ਆਉਣ ਵਾਲਾ ਅਤੇ ਸੁਆਦੀ ਬਨਾਉਣ ਦਾ ਯਤਨ ਕਰਦਾ ਹੈ। ਸੰਥਾ ਵਿਚ ਪੜ੍ਹਾਏ ਜਾਣ ਵਾਲੇ ਵਿਸ਼ੇ ਨੂੰ ਕਈ ਹਿੱਸਿਆਂ ਵਿਚ ਵੰਡ ਲਿਆ ਜਾਂਦਾ ਹੈ ਅਤੇ ਇਕ ਇਕ ਹਿੱਸੇ ਨੂੰ ਹੌਲੀ ਹੌਲੀ ਪੜ੍ਹਾਇਆ ਜਾਂਦਾ ਹੈ। ਸੰਥਾ ਨੂੰ ਪੜਾਉਣ ਵੇਲੇ “ਤਰਤੀਬਵਾਰ ਸਪਸ਼ਟੀਕਰਣ" ਦਾ ਨਿਯਮ ਵਰਤੋਂ ਵਿਚ ਲਿਆਇਆ ਜਾਂਦਾ ਹੈ, ਅਰਥਾਤ ਸੌਖੀ ਗਲ ਪਹਿਲਾਂ ਦਸੀ ਜਾਂਦੀ ਹੈ ਅਤੇ ਪਿਛੋਂ ਜਟੀਲ ਗਲ ਦਸੀ ਜਾਂਦੀ ਹੈ। ਪਹਿਲੀ ਦਸੀ ਗਲ ਦੀ ਵਰਤੋਂ ਅੱਗੇ ਦੱਸੀ ਜਾਣ ਵਾਲੀ ਗਲ ਵਿਚ ਵਰਤੋਂ ਕੀਤੀ ਜਾਂਦੀ ਹੈ।

ਪਾਠ ਦਾ ਸਪਸ਼ਟੀ ਕਰਣ ਕਰਦੇ ਸਮੇਂ ਤਰਤੀਬ ਵਾਰ ਬਚਿਆਂ ਦਾ ਧਿਆਨ ਪਾਠ ਦੀ ਕਿਸੇ ਵਿਸ਼ੇਸ਼ ਗਲ ਉਤੇ ਕੇਂਦ੍ਰਿਤ ਕੀਤਾ ਜਾਂਦਾ ਹੈ ਅਤੇ ਫਿਰ ਉਸਦਾ ਸਬੰਧ ਬਚਿਆਂ ਦੀਆਂ ਜਾਣੀਆਂ ਹੋਈਆਂ ਦੂਜੀਆਂ ਗੱਲਾਂ ਨਾਲ ਜੋੜਿਆ ਜਾਂਦਾ ਹੈ। ਮੰਨ ਲੌ, ਇਕ ਉਸਤਾਦ ਭਾਰਤ ਦੇ ਪੂਰਬੀ ਘਾਟ ਦੇ ਮੈਦਾਨਾਂ ਬਾਰੇ ਪੜ੍ਹਾ ਰਿਹਾ ਹੈ ਤਾਂ ਪਹਿਲਾਂ ਉਹ ਪੂਰਬੀ ਘਾਟ ਦੇ ਮੈਦਾਨਾਂ ਦੀਆਂ ਗਲਾਂ ਉਤੇ ਹੀ ਬਚਿਆਂ ਦਾ ਧਿਆਨ ਕੇਂਦ੍ਰਿਤ ਕਰੇਗਾ; ਪਿਛੋਂ ਉਹ ਪੂਰਬੀ ਘਾਟ ਦਾ ਸਬੰਧ ਦਖਣ ਦੀ ਪਠਾਰ ਅਤੇ ਭਾਰਤ ਦੀ ਧਰਤੀ ਦੇ ਦੂਜੇ ਹਿਸਿਆਂ ਨਾਲ ਜੋੜਨ ਦਾ ਯਤਨ ਕਰੇਗਾ। ਇਸੇ ਤਰ੍ਹਾਂ ਇਤਿਹਾਸ ਵਿਚ ਅਸ਼ੋਕ ਦੀ ਕਲਿੰਗਾ ਦੀ ਫਤੇ ਦਾ ਬਿਰਤਾਂਤ ਦਸਦਿਆਂ ਉਹ ਪਹਿਲਾਂ ਇਸ ਫਤੇ ਉੱਤੇ ਹੀ ਬਚਿਆਂ ਦਾ ਧਿਆਨ ਕੇਂਦ੍ਰਿਤ ਕਰੇਗਾ ਪਿਛੋਂ ਉਹ ਉਸ ਫਤਹ ਦੀ ਅਸ਼ੋਕ ਦੇ ਜੀਵਨ ਵਿਚ ਮੱਹਤਾ ਦਸਣ ਦਾ ਯਤਨ ਕਰੇਗਾ। ਕਿਸੇ ਵੀ ਘਟਨਾ ਨੂੰ ਪੜ੍ਹਾਉਣ ਵੇਲੇ ਪਹਿਲਾਂ ਉਸ ਘਟਨਾ ਉਤੇ ਹੀ ਬਚਿਆਂ ਦਾ ਧਿਆਨ ਇਕਾਗਰ ਕੀਤਾ ਜਾਂਦਾ ਹੈ ਪਿਛੋਂ ਉਸ ਦਾ ਸਬੰਧ ਦੂਜੀਆਂ ਘਟਨਾਵਾਂ ਨਾਲ ਜੋੜਿਆ ਜਾਂਦਾ ਹੈ। ਕਵਿਤਾ ਪੜ੍ਹਾਉਣ ਵਲ ਵੀ ਕਦੇ ਇਕ ਹੀ ਪਦ ਉਤੇ ਬੱਚਿਆਂ ਦਾ ਧਿਆਨ ਕੇਂਦ੍ਰਿਤ ਕੀਤਾ ਜਾਂਦਾ ਹੈ ਅਤੇ ਕਦੋਂ ਸਮੁੱਚੀ ਕਵਿਤਾ ਨਾਲ ਉਸਦੇ ਸਬੰਧ ਉਤੇ। ਇਸ ਤਰ੍ਹਾਂ ਕੰਮ ਦੇ ਅਧਿਅਨ ਅਤੇ ਵਿਚਾਰ ਕਰਨ ਦੇ ਨਿਯਮ ਦੀ ਬੱਚਿਆਂ ਦੀ ਸੰਥਾ ਦੀ ਪੜ੍ਹਾਈ ਵਿਚ ਵਰਤੋਂ ਕੀਤੀ ਜਾਂਦੀ ਹੈ। ਕਿਸੇ ਵੀ ਗਲ ਨੂੰ ਮਨ ਵਿਚ ਪਕੀ ਤਰ੍ਹਾਂ ਬਿਠਾਉਣ ਲਈ ਇਨ੍ਹਾਂ ਦੋਹਾਂ ਕੰਮਾਂ ਦਾ ਹੋਣਾ ਜ਼ਰੂਰੀ ਹੋ-ਨਵੀਂ ਗਲ ਨੂੰ ਗ੍ਰਹਿਣ ਕਰਨਾ ਅਤੇ ਪਿਛੋਂ ਉਸ ਉੱਤੇ ਵਿਚਾਰ ਕਰਨਾ। ਨਵੀਂ ਗਲ ਨੂੰ ਸਿਖਣੇ ਦੇ ਇਸ ਨਿਯਮ ਨੂੰ ਹੀ "ਤਰਤੀਬ ਵਾਰ ਅਧਿਅਨ ਅਤੇ ਵਿਚਾਰਨ ਦਾ ਨਿਯਮ" ਕਿਹਾ ਹੈ।

ਸਬੰਧ ਬੰਨ੍ਹਣਾ:-ਪੜ੍ਹੇ ਹੋਏ ਵਿਸ਼ੇ ਦਾ ਦੂਜੇ ਵਿਸ਼ਿਆ ਨਾਲ ਕਈ ਤਰ੍ਹਾਂ ਦਾ ਸੰਬੰਧ ਜੋੜਨਾ, ਇਹ ਸੰਥਾ ਪੜ੍ਹਾਉਣ ਦੀ ਤੀਜੀ ਪੌੜੀ ਹੈ। ਇਸ ਵਿਚ ਪੜ੍ਹਾਈ ਹੋਈ ਗਲ ਦੀ ਦੂਜੀਆਂ ਗਲਾਂ ਨਾਲ ਤੁਲਣਾ ਕੀਤੀ ਜਾਂਦੀ ਹੈ। ਇਤਿਹਾਸ, ਸਾਹਿੱਤ ਅਤੇ ਬਨਸਪਤੀ ਵਿਗਿਆਨ ਪੜ੍ਹਣ ਸਮੇਂ ਪੜ੍ਹਾਈਆਂ ਹੋਈਆਂ ਗਲਾਂ ਦੀ ਅਜੇਹੀਆਂ ਗਲਾਂ ਨਾਲ ਤੁਲਣਾ ਕੀਤੀ ਜਾਵੇਗੀ ਜਿਹੜੀਆਂ ਬੱਚਿਆਂ ਨੂੰ ਪਹਿਲਾਂ ਪਤਾ ਹੋਣ। ਇਸ ਤਰ੍ਹਾਂ ਦੀ ਤੁਲਣਾ ਕਰਨ ਵੇਲੇ ਇਸ ਗਲ ਨੂੰ ਧਿਆਨ ਵਿਚ ਰਖਣਾ ਜ਼ਰੂਰੀ ਹੈ ਕਿ ਜਿਨ੍ਹਾਂ ਗਲਾਂ ਨਾਲ ਤੁਲਣਾ ਕੀਤੀ ਜਾਂਦੀ ਹੈ ਉਹ ਬੱਚੇ ਨੂੰ ਪਹਿਲਾਂ ਤੋਂ ਪਤਾ ਹਨ। ਇਸ ਤਰ੍ਹਾਂ ਦੀ ਤੁਲਣਾ ਬਚਿਆਂ ਕੋਲੋਂ ਹੀ ਕੱਢੀ ਜਾਣੀ ਚਾਹੀਦੀ ਹੈ। ਪਰ ਜੇ ਤੁਲਣਾ ਦੀਆਂ ਗਲਾਂ ਬੱਚਿਆਂ ਆਪ ਪਤਾ ਨਹੀਂ ਤਾਂ ਉਹ ਇਹ ਤੁਲਣਾ ਕਿਵੇਂ ਕਰ ਸਕਣਗੇ। ਇਕ ਨਵੀਂ ਗਲ ਦੀ