੧੬੮
ਬਚਿਆਂ ਦੀਆਂ ਯੋਗਤਾਵਾਂ ਨੂੰ ਜਾਣਨ ਲਈ ਬੁਧੀ-ਮਾਪਿਕ ਪਰੀਖਿਆਵਾਂ ਦੀ ਕਾਂਢ ਕਢੀ ਗਈ ਹੈ। ਇਨਾਂ ਪਰੀਖਿਆਵਾਂ ਦਾ ਯੂਰਪ ਅਤੇ ਅਮਰੀਕਾ ਵਿਚ ਬੜਾ ਪਰਚਾਰ ਹੋ ਰਿਹਾ ਹੈ। ਬੱਚੇ ਦੀ ਸਮੁਚੀ ਬੁਧੀ ਦੀ ਜਾਂਚ ਕਰ ਲੈਣ ਉਤੇ ਹੀ ਇਹ ਜਾਣਿਆ ਜਾ ਸਕਦਾ ਹੈ ਕਿ ਕਿਹੜੇ ਬੱਚੇ ਵਿਚ ਕਿੰਨੀ ਕੰਮ ਕਰਨ ਦੀ ਸ਼ਕਤੀ ਹੈ ਅਤੇ ਉਹ ਕਿਸ ਕੰਮ ਨੂੰ ਆਪਣੇ ਆਪ ਸ਼ੌਂਕ ਨਾਲ ਕਰ ਸਕਦਾ ਹੈ। ਹਰ ਬੱਚੇ ਨੂੰ ਜਦ ਉਸ ਦੀ ਵਿਸ਼ੇਸ਼ ਮਾਨਸਿਕ ਯੋਗਤਾ ਅਨੁਸਾਰ, ਸ਼ਕਤੀ ਬਰਾਬਰ ਕੰਮ ਮਿਲਦਾ ਹੈ ਤਾਂ ਉਸ ਦੀਆਂ ਮਾਨਸਿਕ ਸ਼ਕਤੀਆਂ ਦਾ ਵਿਕਾਸ ਹੁੰਦਾ ਹੈ। ਜਦ ਕਿਸੇ ਬੱਚੇ ਨੂੰ ਉਸ ਦੀ ਮਾਨਸਿਕ ਸ਼ਕਤੀ ਦੇ ਉਲਟ ਕੰਮ ਮਿਲਦਾ ਹੈ ਤਾਂ ਉਹ ਉਸ ਕੰਮ ਨੂੰ ਚੰਗੀ ਤਰ੍ਹਾਂ ਨਹੀਂ ਕਰ ਸਕਦਾ। ਉਹ ਆਪਣੀ ਵਿਸ਼ੇਸ਼ ਯੋਗਤਾ ਨੂੰ ਵੀ ਗੁਆ ਲੈਂਦਾ ਹੈ। ਇਸੇ ਤਰ੍ਹਾਂ ਜਦ ਸ਼ਕਤੀ ਬਰਾਂਬਰ ਬੱਚੇ ਨੂੰ ਕੰਮ ਨਹੀਂ ਮਿਲਦਾ ਤਾਂ ਉਹ ਆਪਣੀ ਯੋਗਤਾ ਨੂੰ ਖਤਮ ਕਰ ਲੈਂਦਾ ਹੈ।
ਪੱਛਮੀ ਦੇਸਾਂ ਵਿਚ ਬਚੇ ਦੀ ਵਿਸ਼ੇਸ਼ ਯੋਗਤਾ ਦਾ ਪਤਾ ਕਢ ਕੇ ਉਸ ਨੂੰ ਉਸ ਦੇ ਐਨ ਢੁਕਵਾਂ ਕੰਮ ਕਰਨ ਲਈ ਦਿਤਾ ਜਾਂਦਾ ਹੈ। ਸਮੇਂ ਸਮੇਂ ਉਸ ਦੀਆਂ ਅਜੇਹੀਆਂ ਪਰੀਖਿਆਵਾਂ ਵੀ ਕੀਤੀਆਂ ਜਾਂਦੀਆਂ ਹਨ ਜਿਸ ਨਾਲ ਇਹ ਪਤਾ ਲੱਗੇ ਕਿ ਉਹ ਆਪਣੀ ਬੁਧੀ ਦੀ ਕਿਥੋਂ ਤਕ ਸੁਚੱਜੀ ਵਰਤੋਂ ਕਰ ਰਿਹਾ ਹੈ। ਕਿੰਨੇ ਹੀ ਵਧੇਰੋ ਯੋਗਤਾ ਰਖਣ ਵਾਲੇ ਬੱਚੇ ਇਸ ਤਰ੍ਹਾਂ ਦੀਆਂ ਪਰੀਖਿਆਵਾਂ ਦੀ ਅਣਹੋਂਦ ਕਰ ਕੇ ਉੱਨਾ ਕੰਮ ਹੀ ਕਰਦੇ ਰਹਿੰਦੇ ਹਨ ਜਿੰਨਾ ਆਮ ਸਧਾਰਨ ਬੁਧੀ ਵਾਲੇ ਬੱਚੇ ਕਰਦੇ ਹਨ। ਇਸ ਤਰ੍ਹਾਂ ਉਹ ਆਪਣੀ ਵਿਸ਼ੇਸ਼ ਯੋਗਤਾ ਨੂੰ ਕੰਮ ਵਿਚ ਨਹੀਂ ਲਿਆਉਂਦੇ। ਕੰਮ ਵਿਚ ਨਾ ਲਿਆਉਣ ਨਾਲ ਯੋਗਤਾ ਵਿਚ ਘਾਟ ਆ ਜਾਂਦੀ ਹੈ ਅਤੇ ਉਸ ਨੂੰ ਘੜੀ ਮੁੜੀ ਵਰਤੋਂ ਵਿਚ ਲਿਆਉਣ ਨਾਲ ਉਸ ਦਾ ਵਾਧਾ ਹੁੰਦਾ ਹੈ। ਇਸ ਦ੍ਰਿਸ਼ਟੀ ਤੋਂ ਹਰ ਬੱਚੇ ਦੀ ਯੋਗਤਾ ਨੂੰ ਜਾਣ ਕੇ ਉਸ ਅਨੁਸਾਰ ਹੀ ਉਸ ਨੂੰ ਸਿਖਿਆ ਦੇਣਾ ਬੜਾ ਜ਼ਰੂਰੀ ਹੈ।
ਅਮਰੀਕਾ ਅਤੇ ਯੂਰਪ ਦੇ ਕੁਝ ਅੱਗੇ ਵਧੂ ਦੇਸ਼ਾਂ ਵਿਚ ਵਿਸ਼ੇਸ਼ ਯੋਗਤਾ ਵਾਲੇ ਬਚਿਆਂ ਲਈ ਵਖਰੇ ਸਕੂਲ ਹੁੰਦੇ ਹਨ ਜਾਂ ਇਕ ਹੀ ਸਕੂਲ ਵਿਚ ਉਨ੍ਹਾਂ ਨੂੰ ਪੜਾਉਣ ਲਈ ਵਖਰੀਆਂ ਜਮਾਤਾਂ ਹੁੰਦੀਆਂ ਹਨ। ਜਿਹੜਾ ਕੋਰਸ ਸਧਾਰਨ ਬੱਚੇ ਇਕ ਸਾਲ ਵਿਚ ਪੂਰਾ ਕਰਦੇ ਹਨ ਓਹ ਕੋਰਸ ਇਨ੍ਹਾਂ ਬਚਿਆਂ ਨੂੰ ਛੇ ਮਹੀਨਿਆਂ ਵਿਚ ਕਰਾਇਆ ਜਾਂਦਾ ਹੈ।
ਸਧਾਰਨ ਬਚਿਆਂ ਦੇ ਟਾਕਰੇ ਵਿੱਚ ਉਨ੍ਹਾਂ ਨੂੰ ਵਧ ਕੰਮ ਕਰਨ ਲਈ ਦਿਤਾ ਜਾਂਦਾ ਹੈ। ਉਨ੍ਹਾਂ ਦੀਆਂ ਪਾਠ-ਪੁਸਤਕਾਂ ਵੀ ਵਧੇਰੇ ਹੁੰਦੀਆਂ ਹਨ ਅਤੇ ਪੁਸਤਕਾਲੇ ਦੀ ਵਰਤੋਂ ਲਈ ਵੀ ਉਨ੍ਹਾਂ ਨੂੰ ਵਧੇਰੇ ਪਰੇਰਿਆ ਜਾਂਦਾ ਹੈ। ਸਾਡੇ ਦੇਸ਼ ਵਿਚ ਇਸ ਤਰ੍ਹਾਂ ਦਾ ਕੋਈ ਪਰਬੰਧ ਨਹੀਂ ਹੈ। ਅੱਗੇ ਵਧੂ ਦੇਸਾਂ ਦੀ ਸਾਨੂੰ ਇਸ ਗਲ ਵਿਚ ਰੀਸ ਕਰਨੀ ਚਾਹੀਦੀ ਹੈ। ਜਦ ਤਕ ਇਹੋ ਜਹੀਆਂ ਸੰਸਥਾਵਾਂ ਸਾਡੇ ਦੇਸ ਵਿਚ ਨਹੀਂ ਬਣਾਈਆਂ ਜਾਂਦੀਆਂ, ਓਦੋਂ ਤਕ ਸਾਨੂੰ ਵਿਸ਼ੇਸ਼ ਯੋਗਤਾ ਵਾਲੇ ਬਚਿਆਂ ਨੂੰ ਕੁਝ ਵਧ ਸਮਾਂ ਦੇ ਕੇ ਆਪਣੀਆਂ ਯੋਗਤਾਵਾਂ ਦੀ ਸੁਚੱਜੀ ਵਰਤੋਂ ਕਰਨ ਲਈ ਉਤਸਾਹ ਦੇਣਾ ਚਾਹੀਦਾ ਹੈ। ਜੇ ਸਾਡੇ ਸਕੂਲ ਵਿਚ ਸਧਾਰਨ ਜਮਾਤ ਦੀ ਪੜ੍ਹਾਈ ਤੋਂ ਬਿਨਾਂ ਵਿਸ਼ੇਸ਼ ਯੋਗਤਾ ਵਾਲੇ ਬਚਿਆਂ ਨੂੰ ਟਟੋਰੀਅਲ ਕਲਾਸਾਂ ਰਾਹੀਂ: ਵਧੇਰੇ ਕੰਮ ਕਰਨ ਲਈ ਢੁਕਵੀਂ ਅਗਵਾਈ ਮਿਲੇ ਤਾਂ ਚੰਗਾ ਹੈ। ਇਨ੍ਹਾਂ ਜਮਾਤਾਂ ਵਿਚ ਬਚਿਆਂ ਦੀ ਗਿਣਤੀ ਘਟ ਹੋਣੀ ਜ਼ਰੂਰੀ ਹੈ। ਇਨ੍ਹਾਂ ਵਿਚ ਬਚਿਆਂ ਨੂੰ ਆਪਣੇ ਲੇਖ ਪੜ੍ਹਨ ਜਾਂ ਆਪਣੀਆਂ ਰਚਨਾਵਾਂ ਨੂੰ ਸੁਨਾਉਣ ਦਾ ਮੌਕਾ ਦੇਣ ਚਾਹੀਦਾਂ ਹੈ।