ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/202

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੮੯

ਕੰਮ ਕਰਨ ਦੀ ਅਤੇ ਉਨ੍ਹਾਂ ਦੇ ਭਾਵਾਂ ਦਾ ਆਦਰ ਕਰਨ ਦੀ ਆਦਤ ਹੀ ਨਹੀਂ ਪੈਂਦੀ ਸਗੋਂ ਹੋਰ ਵੀ ਕਈ ਲਾਭ ਬਚਿਆਂ ਨੂੰ ਹੁੰਦੇ ਹਨ। ਇਕ ਤਾਂ ਉਨ੍ਹਾਂ ਵਿਚ ਆਪਣੇ ਵਿਚਾਰਾਂ ਨੂੰ ਸਪਸ਼ਟਤਾ ਨਾਲ ਦੂਜਿਆਂ ਅੱਗੇ ਪਰਗਟ ਕਰਨ ਦੀ ਸ਼ਕਤੀ ਵਧਦੀ ਹੈ। ਇਸ ਨਾਲ ਉਨ੍ਹਾਂ ਦਾ ਬੋਲੀ ਤੇ ਕਾਬੂ ਵਧਦਾ ਹੈ ਅਤੇ ਬੌਧਿਕ ਵਿਕਾਸ ਹੁੰਦਾ ਹੈ, ਦੂਜੇ ਉਨ੍ਹਾਂ ਵਿਚ ਆਪਣੇ ਆਪ ਸ਼ੌਂਕ ਨਾਲ ਕੰਮ ਕਰਨ ਅਤੇ ਸਦਾ ਸਾਵਧਾਨ ਰਹਿਣ ਦੀ ਆਦਤ ਪੈਂਦੀ ਹੈ। ਸਮਾਜਿਕ ਖੇਡ ਵਿਚ ਬੱਚਾ ਆਪਣਾ ਸਵਾਰਥੀ ਪਣ ਗੁਆ ਕੇ ਦੂਜਿਆਂ ਦੇ ਜ਼ਬਤ ਵਿਚ ਰਹਿਣ ਅਤੇ ਆਗੂ ਦੀ ਆਗਿਆ ਮੰਨਣ ਦੀ ਜਾਚ ਵੀ ਸਿਖਦਾ ਹੈ। ਮਾਂਟਸੋਰੀ ਸਿਖਿਆ-ਢੰਗ ਦੇ ਬੱਚੇ ਇਨ੍ਹਾਂ ਗੁਣਾਂ ਨੂੰ ਆਪਣੇ ਵਿਚ ਵਿਕਸਿਤ ਕਰਨ ਤੋਂ ਕੋਰੇ ਰਹਿ ਜਾਂਦੇ ਹਨ।

ਪ੍ਰਾਜੈਕਟ ਸਿਖਿਆ-ਢੰਗ

ਪ੍ਰਾਜੈਕਟ ਸਿਖਿਆ-ਢੰਗ ਦਾ ਅਧਾਰ:- ਵਰਤਮਾਨ ਸਮੇਂ ਵਿਚ ਸਿਖਿਆ-ਵਿਦਿਵਾਨ ਵਿਗਿਆਨਿਕ ਸਿਖਿਆ ਨੂੰ ਵਿਹਾਰਿਕ ਬਣਾਉਣ ਦਾ ਯਤਨ ਕਰ ਰਹੇ ਹਨ। ਸਿਖਿਆ ਦਾ ਉਦੇਸ਼ ਜਿਹੜਾ ਪੁਰਾਣੇ ਸਮੇਂ ਵਿਚ ਸੀ ਉਹ ਅਜ ਨਹੀਂ ਰਿਹਾ। ਪੁਰਾਣੇ ਸਮੇਂ ਵਿਚ ਸਿਖਿਆ ਦਾ ਉਦੇਸ਼ ਧਾਰਮਕ ਅਤੇ ਸੰਸਕ੍ਰਿਤਿਕ ਸੀ। ਅਧੁਨਿਕ ਕਾਲ ਵਿਚ ਸੰਸਾਰ ਵਿਚ ਸਫਲ ਜੀਵਨ ਬਤੀਤ ਕਰਨਾ ਸਿਖਿਆ ਦਾ ਉਦੇਸ਼ ਹੈ। ਇਹ ਉਦੇਸ਼ ਤਾਂ ਹੀ ਪਰਾਪਤ ਹੋ ਸਕਦਾ ਹੈ ਜਦ ਬੱਚੇ ਨੂੰ ਅਜਿਹੀ ਸਿਖਿਆ ਦਿਤੀ ਜਾਵੇ ਜਿਸ ਨਾਲ ਉਸ ਨੂੰ ਨਿਰੇ ਸੰਸਾਰ ਦੇ ਵਖ ਵਖ ਪਦਾਰਥਾਂ ਦਾ ਗਿਆਨ ਹੀ ਨਾ ਹੋਵੇ ਸਗੋਂ ਉਸ ਨੂੰ ਵਖ ਵਖ ਤਰ੍ਹਾਂ ਦੇ ਕੰਮ ਕਰਨ ਦੀ ਜਾਚ ਆਏ। ਧਾਰਮਕ ਅਤੇ ਸੰਸਕ੍ਰਿਤਕ ਸਿਖਿਆ ਵਿਚ ਯਾਦ ਸ਼ਕਤੀ ਉਤੇ ਵਧੇਰੇ ਜ਼ੋਰ ਸੀ। ਵਿਹਰਿਕ ਸਿਖਿਆ ਵਿਚ ਹੱਥ ਦੇ ਕੰਮ ਅਤੇ ਕੰਮ ਬਾਰੇ ਵਿਚਾਰ ਕਰਨ ਉਤੇ ਜ਼ੋਰ ਹੈ। ਕੰਮ ਕਰਨ ਨਾਲ ਹੀ ਕੰਮ ਆਉਂਦਾ ਹੈ ਅਤੇ ਜਿਹੜਾ ਗਿਆਨ ਮਨੁਖ ਨੂੰ ਕੰਮ ਕਰਨ ਨਾਲ ਆਉਂਦਾ ਹੈ ਉਹ ਪੱਕਾ ਹੋ ਜਾਂਦਾ ਹੈ। ਸੱਚੇ ਗਿਆਨ ਦਾ ਅਧਾਰ ਨਾ ਪੁਸਤਕਾਂ ਦੀ ਪੜ੍ਹਾਈ ਹੋ ਸਕਦੀ ਹੈ ਅਤੇ ਨਾ ਉਸਤਾਦ ਦੇ ਵਖਿਆਨ ਅਤੇ ਉਪਦੇਸ਼। ਸੱਚੇ ਗਿਆਨ ਦਾ ਅਧਾਰ ਬੱਚੇ ਦਾ ਆਪਣਾ ਤਜਰਬਾ ਹੀ ਹੋ ਸਕਦਾ ਹੈ। ਜਿਹੜਾ ਗਿਆਨ ਬੱਚਾ ਆਪਣੇ ਤਜਰਬੇ ਰਾਹੀਂ ਪਰਾਪਤ ਕਰਦਾ ਹੈ, ਉਸ ਉਤੇ ਉਸ ਨੂੰ ਭਰੋਸਾ ਹੁੰਦਾ ਹੈ। ਪ੍ਰਾਜੈਕਟ ਢੰਗ ਦਾ ਅਧਾਰ ਤਜਰਬੇ ਰਾਹੀਂ ਸਿਖਿਆ ਹੈ। ਇਹ ਸਿਖਿਆ ਬੱਚੇ ਨੂੰ ਵਿਹਾਰ ਕਾਰ ਵਿਚ ਸੁਚੱਜਾ ਬਣਾਉਂਦੀ ਹੈ।

ਮਨੋ-ਵਿਗਿਆਨਿਕ ਅਧਾਰ:- ਪ੍ਰਾਜੈਕਟ-ਢੰਗ ਦਾ ਮਨੋ-ਵਿਗਿਆਨਿਕ ਅਧਾਰ ਬੱਚੇ ਦੀ ਰੁਚੀ ਦਾ ਅਧਿਐਨ ਹੈ। ਬੱਚਾ ਉਨ੍ਹਾਂ ਗੱਲਾਂ ਵਿਚ ਹੀ ਰੁਚੀ ਰਖਦਾ ਹੈ ਜਿਹੜੀਆਂ ਉਸ ਦੀਆਂ ਲੋੜਾਂ ਨਾਲ ਸਬੰਧ ਰਖਦੀਆਂ ਹਨ। ਉਹ ਉਨ੍ਹਾਂ ਗੱਲਾਂ ਵਿਚ ਕਦੇ ਵੀ ਰੁਚੀ ਨਹੀਂ ਰਖ ਸਕਦਾ ਜਿਹੜੀਆਂ ਉਸ ਦੀਆਂ ਲੋੜਾਂ ਨਾਲ ਸਬੰਧ ਨਹੀਂ ਰਖਦੀਆਂ। ਬੱਚੇ ਦੇ ਮਨ ਨੂੰ ਕਿਸੇ ਕੰਮ ਵਿਚ ਲਗਣ ਲਈ ਇਹ ਜ਼ਰੂਰੀ ਹੈ ਕਿ ਉਸ ਦੇ ਸਾਹਮਣੇ ਅਸੀਂ ਜ਼ਾਹਰ ਕਰ ਦਈਏ ਕਿ ਉਹ ਕੰਮ ਉਸ ਲਈ ਲੋੜੀਂਦਾ ਹੈ। ਜੇ ਬਚਿਆਂ ਨੂੰ ਨਵਾਂ ਵਿਸ਼ਾ ਇਸ ਤਰ੍ਹਾਂ ਪੜ੍ਹਾਇਆ ਜਾਵੇ ਜਿਸ ਨਾਲ ਉਹ ਆਪਣੀਆਂ ਔਕੜਾਂ ਸੌਖੀ ਕਰ ਸਕਣ ਤਾਂ ਉਹ ਉਸ ਸੰਥਾ ਨੂੰ ਬੜੇ ਚਾਅ ਨਾਲ ਪੜਨਗੇ। ਹਰਬਟਰ ਦਾ