੧੯੧
ਲਈ ਰਖਣ ਦਾ ਕਾਰਨ ਬਣ ਜਾਂਦਾ ਹੈ। ਸ੍ਵੈ-ਪ੍ਰੇਰਨਾ ਤੋਂ ਕੀਤਾ ਕੰਮ ਬੱਚੇ ਦੀ ਪ੍ਰਤਿਭਾ ਅਤੇ ਰਚਨਾਤਮਕ ਸ਼ਕਤੀ ਵਿਚ ਵਾਧਾ ਕਰਦਾ ਹੈ ਅਤੇ ਉਸ ਵਿਚ ਅਜਿਹਾ ਸ੍ਵੈ-ਭਰੋਸਾ ਲਿਆਉਂਦਾ ਹੈ ਜਿਸ ਨਾਲ ਉਹ ਨਵੀਆਂ ਹਾਲਤਾਂ ਵਿਚ ਪੈ ਜਾਣ ਤੇ ਵੀ ਆਪਣੀਆਂ ਸਮੱਸਿਆਵਾਂ ਹਲ ਕਰ ਲੈਂਦਾ ਹੈ।
ਪ੍ਰਾਜੈਕਟ ਲਿਖਿਆ ਢੰਗ ਦੀ ਵਿਸ਼ੇਸ਼ਤਾ:-ਪੁਰਾਣੇ ਸਿਖਿਆ ਢੰਗ ਵਿਚ ਸਿਧਾਂਤ ਪਹਿਲਾਂ ਦੱਸ ਦਿੱਤੇ ਜਾਂਦੇ ਹਨ ਅਤੇ ਉਨ੍ਹਾਂ ਦਾ ਕਾਰ ਵਿਹਾਰ ਵਿਚ ਲਾਭ ਪਿਛੋਂ ਦਸਿਆ ਜਾਂਦਾ ਹੈ। ਅਜਿਹੇ ਬਹੁਤ ਸਾਰੇ ਸਿਧਾਂਤ ਬਚੇ ਦੀ ਯਾਦ ਸ਼ਕਤੀ ਤੇ ਨਿਰਾ ਬੋਝ ਜਿਹਾ ਬਣ ਜਾਂਦੇ ਹਨ। ਪ੍ਰਾਜੈਕਟ-ਢੰਗ ਚਲਾਉਣ ਵਾਲਿਆਂ ਦਾ ਕਹਿਣਾ ਹੈ ਕਿ ਬਚਿਆਂ ਨੂੰ ਅਜਿਹਾ ਗਿਆਨ ਦਿੱਤਾ ਹੀ ਨਾ ਜਾਵੇ ਜਿਸ ਦੀ ਵਰਤੋਂ ਉਹ ਆਪਣੇ ਵਿਹਾਰਿਕ ਜੀਵਨ ਵਿਚ ਨਹੀਂ ਕਰਦਾ। ਮੰਨ ਲੋ, ਮੈਕਸੀਕੋ ਦਾ ਜਲ-ਵਾਯੂ ਜਾਣਨ ਨਾਲ ਬੱਚੇ ਦੀ ਕੋਈ ਲੋੜ ਪੂਰੀ ਨਹੀਂ ਹੁੰਦੀ ਤਾਂ ਉਸ ਨੂੰ ਅਜਿਹਾ ਪਾਠ ਪੜ੍ਹਾਇਆ ਹੀ ਨਹੀਂ ਜਾਣਾ ਚਾਹੀਦਾ। ਇਸੇ ਤਰ੍ਹਾਂ ਜਿਨ੍ਹਾਂ ਨਾਪਾਂ ਤੋਲਾਂ ਨੂੰ ਬੱਚਾ ਆਪਣੇ ਵਿਹਾਰਿਕ ਜੀਵਨ ਵਿਚ ਕੰਮ ਵਿਚ ਨਹੀਂ ਲਿਆ ਸਕਦਾ ਉਨ੍ਹਾਂ ਨੂੰ ਉਨ੍ਹਾਂ ਦੇ ਸਿਖਾਉਣ ਦਾ ਕੀ ਲਾਭ? ਸਾਡੀ ਸਧਾਰਨ ਸਿਖਿਆ ਪਰਨਾਲੀ ਵਿਚ ਪਰਯੋਗ ਲਈ ਬੜੀ ਘਟ ਥਾਂ ਹੈ, ਇਸ ਲਈ ਇਨ੍ਹਾਂ ਸਿਖਿਆ-ਪਰਨਾਲੀਆਂ ਨਾਲ ਜਿਹੜਾ ਗਿਆਨ ਬਚੇ ਨੂੰ ਮਿਲਦਾ ਹੈ ਉਹ ਪਰਯੋਗਾਤਮਕ ਨਾ ਹੋਣ ਕਰਕੇ ਉਸ ਨੂੰ ਆਪਣੀਆਂ ਸਮਸਿਆਵਾਂ ਹਲ ਕਰਨ ਵਿਚ ਸਯੋਗ ਨਹੀਂ ਬਣਾਉਂਦਾ। ਪ੍ਰਾਜੈਕਟ-ਢੰਗ ਰਾਹੀਂ ਪਰਾਪਤ ਕੀਤਾ ਗਿਆਨ ਬੱਚੇ ਨੂੰ ਆਪਣੀਆਂ ਸਮੱਸਿਆਵਾਂ ਹਲ ਕਰਨ ਦੀ ਯੋਗਤਾ ਦਿੰਦਾ ਹੈ। ਇਸ ਅਨੁਸਾਰ ਬਚੇ ਨੂੰ ਕੇਵਲ ਉਹ ਗਿਆਨ ਹੀ ਦਿੱਤਾ ਜਾਂਦਾ ਹੈ ਜਿਸ ਦੀ ਉਸ ਨੂੰ ਲੋੜ ਹੁੰਦੀ ਹੈ ਅਤੇ ਜਿਸਦੀ ਉਹ ਕੀਮਤ ਸਮਝਦਾ ਹੈ। ਬੱਚੇ ਦੇ ਦਮਾਗ ਨੂੰ ਭਾਨਮਤੀ ਦਾ ਪਟਾਰਾ ਬਣਾਉਣ ਦਾ ਯਤਨ ਨਹੀਂ ਕੀਤਾ ਜਾਂਦਾ।
ਪ੍ਰਾਜੈਕਟ-ਢੰਗ ਬਣਾਉਣ ਵਾਲਿਆਂ ਦਾ ਕਹਿਣਾ ਹੈ ਕਿ ਸਿਖਿਆ ਦਾ ਨਿਸ਼ਾਨਾ ਬਾਲਕ ਨੂੰ ਉਹ ਯੋਗਤਾ ਦੇਣਾ ਹੈ ਜਿਸ ਨਾਲ ਸੰਸਾਰ ਵਿਚ ਉਹ ਆਪਣੇ ਆਪ ਨੂੰ ਸਫਲ ਵਿਅਕਤੀ ਬਣਾ ਸਕੇ, ਜੀਵਨ-ਘੋਲ ਵਿਚ ਜਿਹੜੀਆਂ ਔਕੜਾਂ ਆਉਂਦੀਆਂ ਹਨ ਉਨ੍ਹਾਂ ਨੂੰ ਸੌਖੀ ਤਰ੍ਹਾਂ ਹੱਲ ਕਰ ਸਕੇ। ਪਰ ਇਸਦੇ ਲਈ ਬੱਚਾ ਤਾਂ ਹੀ ਯੋਗ ਹੋ ਸਕਦਾ ਹੈ ਜੋ ਉਸਨੂੰ ਪਹਿਲਾਂ ਤੋਂ ਹੀ ਆਪਣੀਆਂ ਕਠਣਾਈਆਂ ਹਲ ਕਰਣ ਦੀ ਸਿਖਿਆ ਦਿਤੀ ਜਾਵੇ ਅਤੇ ਔਕੜਾਂ ਨੂੰ ਹਲ ਕਰਨ ਦਾ ਉਸਨੂੰ ਸਕੂਲ ਵਿਚ ਹੀ ਅਭਿਆਸ ਹੋ ਜਾਵੇ। ਡਯੂਵੀ ਦਾ ਕਹਿਣਾ ਹੈ ਕਿ ਸਿਖਿਆ ਨਿਰਾ ਬਾਲਗ ਉਮਰ ਦੀਆਂ ਜ਼ਿੰਮੇਵਾਰੀਆਂ ਚੁਕਣ ਲਈ ਤਿਆਰ ਕਰਨਾ ਹੀ ਨਹੀਂ ਹੈ ਸਗੋਂ ਹਰ ਸਮੇਂ ਦੀਆਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਚੁੱਕ ਸਕਣ ਦੀ ਯੋਗਤਾ ਪ੍ਰਾਪਤ ਕਰਨਾ ਹੀ ਸਿਖਿਆ ਹੈ। ਸਿਖਿਆ ਜੀਵਨ ਹੈ ਨਾ ਕਿ ਜੀਵਨ ਲਈ ਤਿਆਰੀ। ਇਸ ਲਈ ਬਚੇ ਨੂੰ ਇਸ ਤਰ੍ਹਾਂ ਸਿਖਿਆ ਦੇਣੀ ਚਾਹੀਦੀ ਹੈ ਜਿਸ ਨਾਲ ਉਹ ਬਚਪਣ ਨੂੰ ਚੰਗੀ ਤਰ੍ਹਾਂ ਬਤੀਤ ਕਰੇ, ਆਪਣੀਆਂ ਸਮੱਸਿਆਵਾਂ ਆਪ ਹੱਲ ਕਰਨਾ ਸਿੱਖੇ ਅਤੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਦਾ ਯਤਨ ਕਰਨ ਜੀ ਥਾਂ ਉਨ੍ਹਾਂ ਨੂੰ ਖਿੜੇ ਮਥੇ ਆਪਣੇ ਮੋਢਿਆਂ ਤੇ ਲਵੇ।