ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੫

ਸਾਲ ਦੀ ਉਮਰ ਵਿਚ ਪਾਈ ਜਾ ਸਕਦੀ ਹੈ। ਕੋਈ ਵੀ ਬੱਚਾ ਜਨਮ ਤੋਂ ਨਾ ਬੀਰ ਹੁੰਦਾ ਹੈ ਨਾ ਕਾਇਰ। ਇਹ ਗੁਣ ਉਸ ਵਿਚ ਅਭਿਆਸ ਨਾਲ ਆਉਂਦੇ ਹਨ। ਜਿਹੋ ਜਿਹਾ ਬੱਚੇ ਦਾ ਅਭਿਆਸ ਹੁੰਦਾ ਹੈ ਉਹੋ ਜਿਹਾ ਉਹ ਵਿਅਕਤੀ ਬਣ ਜਾਂਦਾ ਹੈ। ਹਰ ਵਿਖਾਉਣ ਦੀ ਤੀਬਰ ਚਾਹ ਹੁੰਦੀ ਹੈ। ਜਦੋਂ ਬੱਚੇ ਨੂੰ ਆਪਣਾ ਆਪ ਵਿਖਾਉਣ ਦਾ ਸਮਾਂ ਮਿਲਦਾ ਹੈ ਅਤੇ ਉਸ ਨੂੰ ਆਪਾ ਵਿਖਾਉਣ ਦਾ ਉਤਸ਼ਾਹ ਮਿਲਦਾ ਹੈ ਤਾਂ ਉਹ ਬੀਰ ਮਰਦ ਬਣ ਜਾਂਦਾ ਹੈ। ਇਸ ਦੇ ਉਲਟ ਜਦ ਬੱਚੇ ਨੂੰ ਨਾ ਆਪਾ ਦਰਸਾਉਣ ਦਾ ਕੋਈ ਅਵਸਰ ਮਿਲਦਾ ਹੈ ਅਤੇ ਜੋ ਉਸ ਨੂੰ ਅਵਸਰ ਮਿਲਦਾ ਹੈ ਪਰ ਉਤਸ਼ਾਹ ਨਹੀਂ ਮਿਲਦਾ, ਤਾਂ ਉਹ ਕਾਇਰ ਹੋ ਜਾਂਦਾ ਹੈ। ਜਿਹੜੇ ਮਾਪੇ ਆਪਣੇ ਬੱਚੇ ਨੂੰ ਹਰ ਘੜੀ ਝਾੜ ਪਾਉਂਦੇ ਹਨ, ਝਟ ਰੌਲਾ ਪਾਉਣ ਉਤੇ ਝਿੜਕ ਝੰਬ ਦਿੰਦੇ ਹਨ, ਉਹ ਉਨ੍ਹਾਂ ਨੂੰ ਕਾਇਰ ਵਿਅਕਤੀ ਬਣਾਉਂਦੇ ਹਨ। ਬਚਪਣ ਦੇ ਸੰਸਕਾਰ ਬੱਚੇ ਦੇ ਅਚੇਤ ਮਨ ਵਿਚ ਥਾਂ ਬਣਾ ਲੈਂਦੇ ਹਨ। ਇਹ ਸੰਸਕਾਰ ਵਿਚਾਰਾਂ ਦੇ ਵਾਧੇ ਨਾਲ ਵੀ ਮਨ ਵਿਚੋਂ ਨਹੀਂ ਨਿਕਲਦੇ। ਜਿਨ੍ਹਾਂ ਗੱਲਾਂ ਨੂੰ ਵਿਅਕਤੀ ਸੋਚ ਵਿਚਾਰ ਕੇ ਗ੍ਰਹਿਣ ਕਰਦਾ ਹੈ, ਉਨ੍ਹਾਂ ਨੂੰ ਪਿਛੋਂ ਉਹ ਆਪਣੀ ਮਰਜ਼ੀ ਨਾਲ ਛਡ ਵੀ ਸਕਦਾ ਹੈ। ਪਰ ਜਿਨ੍ਹਾਂ ਗੱਲਾਂ ਨੂੰ ਉਹ ਸੋਚ ਸ਼ਕਤੀ ਦੇ ਪੈਦਾ ਹੋਣ ਤੋਂ ਪਹਿਲਾਂ ਤੋਂ ਪਹਿਲਾਂ ਗ੍ਰਹਿਣ ਕਰਦਾ ਹੈ, ਉਨ੍ਹਾਂ ਨੂੰ ਉਹ ਯਤਨ ਕਰਨ ਨਾਲ ਵੀ ਨਹੀਂ ਛੱਡ ਸਕਦਾ। ਇਹੋ ਕਾਰਨ ਹੈ ਕਿ ਕਈ ਸਿਆਣੇ ਲੋਕਾਂ ਵਿਚ ਹਿੰਮਤ ਦੀ ਘਾਟ ਪਾਈ ਜਾਂਦੀ ਹੈ। ਗਿਆਨ ਵਿਚ ਵਾਧਾ ਆਪਣੀ ਮਿਹਨਤ ਨਾਲ ਕੀਤਾ ਜਾ ਸਕਦਾ ਹੈ ਪਰ ਹਿੰਮਤ ਦੇ ਵਾਧੇ ਲਈ ਨਾ ਸਿਰਫ ਆਪਣੇ ਯਤਨਾਂ ਦੀ ਲੋੜ ਹੈ ਸਗੋਂ ਸਾਰੇ ਪਰਵਾਰ ਅਤੇ ਸਮਾਜ ਦੇ ਯਤਨਾਂ ਦੀ ਲੋੜ ਹੁੰਦੀ ਹੈ। ਹਿੰਮਤ ਚੇਤਨ ਮਨ ਦੀ ਚੀਜ਼ ਨਹੀਂ, ਇਹ ਮਨੁਖ ਦੇ ਅਚੇਤ ਮਨ ਦੀ ਚੀਜ਼ ਹੈ। ਅਚੇਤ ਮਨ ਦੇ ਸੰਸਕਾਰ ਹੌਲੀ ਹੌਲੀ ਬਣਦੇ ਹਨ ਅਤੇ ਉਨ੍ਹਾਂ ਵਿਚ ਹੋਲੀ ਹੌਲੀ ਹੀ ਤਬਦੀਲੀ ਆ ਸਕਦੀ ਹੈ। ਇਹ ਸੰਸਕਾਰ ਬੱਚੇ ਵਿੱਚ ਬਾਲਪਣ ਵਿਚ ਹੀ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਲਈ ਮਾਪਿਆਂ ਦਾ ਕਰਤਵ ਹੈ ਕਿ ਬੱਚਿਆਂ ਦੇ ਮਨ ਵਿਚ ਕਿਸੇ ਤਰ੍ਹਾਂ ਦੋ ਅਨੁਚਿਤ ਸੰਸਕਾਰਾਂ ਨੂੰ ਨਾ ਪੈਣ ਦੇਣ।

ਬੱਚਿਆਂ ਵਲ ਜਿਸ ਤਰ੍ਹਾਂ ਦਾ ਮਾਪਿਆਂ ਦਾ ਵਤੀਰਾ ਹੁੰਦਾ ਹੈ ਉਨ੍ਹਾਂ ਦਾ ਮਾਨਸਿਕ ਵਿਕਾਸ ਵੀ ਇਸੇ ਤਰ੍ਹਾਂ ਦਾ ਹੁੰਦਾ ਹੈ। ਮਾਪਿਆਂ ਦਾ ਵਤੀਰਾ ਬੱਚੇ ਦੇ ਆਲੇ ਦੁਆਲੇ ਇਕ ਖਾਸ ਤਰ੍ਹਾਂ ਦਾ ਮਾਨਸਿਕ ਵਾਤਾਵਰਨ ਪੈਦਾ ਕਰਦਾ ਹੈ। ਜੇ ਇਹ ਵਾਤਾਵਰਨ ਬੱਚੇ ਦੇ ਅਨੁਕੂਲ ਹੋਵੇ ਤਾਂ ਬੱਚੇ ਦਾ ਆਚਰਨ ਚੰਗਾ ਬਣਦਾ ਹੈ ਅਤੇ ਉਸ ਦੀ ਬੁਧੀ ਦਾ ਵਿਕਾਸ ਹੁੰਦਾ ਹੈ ਨਹੀਂ ਤਾਂ ਬੱਚਾ ਡਰੂ, ਹੈਂਕੜੀ ਅਤੇ ਮੋਟੀ ਬੁਧ ਦਾ ਵਿਅਕਤੀ ਬਣ ਜਾਂਦਾ ਹੈ।

ਬੱਚੇ ਲਈ ਉਚਿਤ ਵਾਤਾਵਰਨ ਪੈਦਾ ਕਰਨ ਲਈ ਮਾਤਾ ਪਿਤਾ ਨੂੰ ਸਿਖਿਅਤ ਹੋਣਾ ਜ਼ਰੂਰੀ ਹੈ। ਸਿਖਿਅਤ ਅਤੇ ਤੰਦਰੁਸਤ ਮਾਪਿਆਂ ਦੀ ਸੰਤਾਨ ਹੀ ਆਚਰਨ ਵਾਲੀ ਅਤੇ ਪਰ ਉਪਕਾਰੀ ਹੁੰਦੀ ਹੈ। ਮੂਰਖ ਅਤੇ ਜਟੀਲੇ ਮਾਪਿਆਂ ਦੀ ਔਲਾਦ ਆਮ ਕਰਕੇ ਮੂਰਖ ਅਤੇ ਜਟੀਲੀ ਹੁੰਦੀ ਹੈ। ਇਸ ਲਈ ਜੇ ਕੋਈ ਰਾਜ ਬਚਿਆਂ ਨੂੰ ਸਿਖਿਅਤ ਬਣਾਉਣਾ ਚਾਹੁੰਦਾ ਹੈ ਤਾਂ ਉਸ ਲਈ ਜ਼ਰੂਰੀ ਹੈ ਕਿ ਉਹ ਉਨ੍ਹਾਂ ਮਾਪਿਆਂ ਨੂੰ ਯੋਗ ਸਿਖਿਆ ਦੇਵੇ।

ਖੋਟਿਆਂ ਭਾਗਾਂ ਨੂੰ ਭਾਰਤ ਵਰਸ਼ ਵਿਚ ਮਾਪਿਆਂ ਨੂੰ ਸੰਤਾਨ ਪਾਲਣੇ ਦੀ ਕਿਸੇ ਕਿਸਮ ਦੀ ਸਿਖਿਆ ਨਹੀਂ ਦਿਤੀ ਜਾਂਦੀ। ਇਸਦਾ ਸਿੱਟਾ ਇਹ ਹੈ ਕਿ ਦੂਜਿਆਂ ਦੇਸ਼ਾਂ ਨਾਲੋਂ ਰਾਜਸੀ, ਧਾਰਮਿਕ ਅਤੇ ਦੂਸਰੇ ਖੇਤਰਾਂ ਵਿਚ ਪਛੜਿਆ ਹੋਇਆ ਹੈ। ਸ਼ਿਵਾਜੀ ਵਰਗੇ ਬੀਰ