ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੭

ਸਕਦੇ ਹਨ।

ਜਦ ਬੱਚਾ ਸੱਤ ਅੱਠ ਸਾਲ ਦਾ ਹੋ ਜਾਂਦਾ ਹੈ ਤਾਂ ਉਸ ਵਿਚ ਦੂਜੇ ਬਚਿਆਂ ਦੇ ਸਾਥ ਵਿਚ ਰਹਿਣ ਦੀ ਚਾਹ ਪੈਦਾ ਹੋ ਜਾਂਦੀ ਹੈ। ਉਹ ਇਕੱਠਿਆਂ ਰਹਿ ਕੇ ਸਾਂਝੇ ਨਿਯਮਾਂ ਦੀ ਪਾਲਣਾ ਕਰਨਾ ਸਿਖਦਾ ਹੈ। ਉਹ ਦੂਜਿਆਂ ਦਾ ਹੁਕਮ ਮੰਨਣਾ ਅਤੇ ਦੂਜਿਆਂ ਤੇ ਹੁਕਮ ਚਲਾਉਣਾ ਸਿਖਦਾ ਹੈ। ਇਸ ਕਾਲ ਦੇ ਬੱਚੇ ਦੇ ਸਾਂਝੇ ਜੀਵਨ ਦੇ ਸੰਸਕਾਰ ਉਸ ਵਿਚ ਸਮਾਜਿਕ ਭਾਵ ਨੂੰ ਪੱਕਿਆਂ ਕਰਦੇ ਹਨ। ਬਾਲਕ ਜਿੰਨਾ ਵਧੇਰੇ ਭਾਈਚਾਰੇ ਦੀ ਰੁਚੀ ਆਪਣੀ ਬਾਲ ਅਵਸਥਾ ਵਿਚ ਪਰਗਟ ਕਰਦਾ ਹੈ ਉੱਨਾ ਹੀ ਉਹ ਵੱਡਾ ਹੋਕੇ ਸਮਾਜ ਸੇਵਾ ਕਰਨ ਵਾਲਾ ਬਣਦਾ ਹੈ। ਵਿਅਕਤੀ ਵਿਚ ਬਚਪਨ ਵਿਚ ਸਮਾਜਿਕ ਭਾਵ ਪੈਦਾ ਕੀਤੇ ਜਾ ਸਕਦੇ ਹਨ। ਜਿਸ ਵਿਅਕਤੀ ਦੇ ਬਚਪਨ ਵਿਚ ਸਮਾਜਕਤਾ ਦੇ ਭਾਵ ਪੱਕੇ ਨਹੀਂ ਹੁੰਦੇ ਉਹ ਆਪਣੀ ਬਾਲਗ ਉਮਰ ਵਿਚ ਵੀ ਸਵਾਰਥੀ, ਸਮਾਜ ਦੀ ਪਰਵਾਹ ਨਾ ਕਰਨ ਵਾਲਾ ਵਿਅਕਤੀ ਬਣ ਜਾਂਦਾ ਹੈ। ਅਜਿਹੇ ਵਿਅਕਤੀ ਨੂੰ ਕਈ ਤਰ੍ਹਾਂ ਦੇ ਮਾਨਸਿਕ ਰੋਗ ਘੇਰ ਲੈਂਦੇ ਹਨ। ਪੁਰਾਣੀਆਂ ਸਮਾਜ ਵਿਰੋਧੀ ਆਦਤਾਂ ਕਰਕੇ ਉਹ ਇਨ੍ਹਾਂ ਰੋਗਾਂ ਤੋਂ ਛੇਤੀ ਛੁਟਕਾਰਾ ਵੀ ਨਹੀਂ ਪਾ ਸਕਦਾ। ਅਧੁਨਿਕ ਮਨੋ-ਵਿਗਿਆਨ ਨੇ ਇਹ ਸਿੱਧ ਕੀਤਾ ਹੈ ਕਿ ਮਨੁੱਖ ਦੇ ਕਈ ਮਾਨਸਿਕ ਰੋਗਾਂ ਦਾ ਕਾਰਨ ਉਸ ਦੀ ਸਮਾਜਕ ਜੀਵਨ ਤੋਂ ਲਾ ਪਰਵਾਹੀ ਹੈ। ਜਦੋਂ ਮਾਨਸਿਕ ਰੋਗਾਂ ਤੋਂ ਦੁਖੀ ਵਿਅਕਤੀ ਫਿਰ ਤੋਂ ਸਮਾਜ ਵਿਚ ਆ ਮਿਲਦਾ ਤਾਂ ਉਸ ਦੇ ਮਾਨਸਿਕ ਰੋਗ ਨਸ਼ਟ ਹੋ ਜਾਂਦੇ ਹਨ।

ਇਸ ਲਈ ਬਚਿਆਂ ਵਿਚ ਸਮਾਜ-ਭਾਵ ਦਾ ਵਾਧਾ ਉਨ੍ਹਾਂ ਦੇ ਕਲਿਆਣ ਲਈ ਬੜਾ ਜ਼ਰੂਰੀ ਹੈ। ਇਸ ਨਾਲ ਨਾ ਕੇਵਲ ਬੱਚੇ ਦਾ ਬੌਧਿਕ ਵਿਕਾਸ ਹੁੰਦਾ ਹੈ ਸਗੋਂ ਹੈ ਉਸ ਦੇ ਆਚਰਨ ਦੀ ਪਕਾਈ ਵੀ ਹੁੰਦੀ ਹੈ ਅਤੇ ਉਹ ਮਾਨਸਿਕ ਰੋਗਾਂ ਤੋਂ ਬਚਿਆਂ ਰਹਿੰਦਾ ਹੈ। ਮਾਪਿਆਂ ਅਤੇ ਸਿਖਿਆ ਦੇਣ ਵਾਲਿਆਂ ਨੂੰ ਬਚਿਆਂ ਦੇ ਯਾਰਾਂ ਦੋਸਤਾਂ ਦੀਆਂ ਆਦਤਾਂ ਦਾ ਅਧਿਅਨ ਕਰਨਾ ਚਾਹੀਦਾ ਹੈ। ਬੱਚਿਆਂ ਦੇ ਸਾਥੀ ਅਜਿਹੇ ਹੋਣੇ ਚਾਹੀਦੇ ਹਨ ਜਿਨ੍ਹਾਂ ਤੋਂ ਉਹ ਯੋਗ ਸਿਖਿਆ ਲੈਣ। ਜਿਨ੍ਹਾਂ ਬਚਿਆਂ ਨੂੰ ਭੈੜੀਆਂ ਆਦਤਾਂ ਪੇ ਗਈਆਂ ਹੋਣ, ਉਨ੍ਹਾਂ ਤੋਂ ਦੂਸਰੇ ਬੱਚਿਆਂ ਨੂੰ ਵੱਖ ਰਖਣਾ ਜ਼ਰੂਰੀ ਹੈ। ਬਚਿਆਂ ਨੂੰ ਦੂਜੇ ਬਚਿਆਂ ਦੇ ਬੁਰੇ ਅਸਰ ਤੋਂ ਬਚਾਉਣ ਲਈ ਉਨ੍ਹਾਂ ਦੇ ਰਾਖਿਆਂ ਨੂੰ ਸੁਚੇਤ ਰਹਿਣਾ ਜ਼ਰੂਰੀ ਹੈ। ਪਰ ਇਸ ਹੁਸ਼ਿਆਰੀ ਦਾ ਅਰਥ ਇਹ ਨਾ ਹੋਵੋ ਕਿ ਸਾਰੇ ਬਾਲਕਾਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾਵੇ ਅਤੇ ਉਨ੍ਹਾਂ ਨੂੰ ਇਕ ਦੂਜੇ ਨਾਲ ਮਿਲਣ ਹੀ ਨਾ ਦਿਤਾ ਜਾਵੇ। ਬਹੁਤੀ ਹੁਸ਼ਿਆਰੀ ਬਚਿਆਂ ਦੇ ਮਾਨਸਿਕ ਵਿਕਾਸ ਲਈ ਉੱਨੀ ਹੀ ਹਾਨੀਕਾਰਕ ਹੁੰਦੀ ਹੈ ਜਿੰਨੀ ਬੱਚਿਆਂ ਦੀ ਸਾਥੀਆਂ ਬਾਰੇ ਲਾਪਰਵਾਹੀ।

ਧਾਰਮਕ ਸੰਸਥਾਵਾਂ ਰਾਹੀਂ ਸਿਖਿਆ:—ਸਹਿਜ ਸਿਖਿਆ ਤੀਸਰਾ ਸਾਧਨ ਧਾਰਮਕ ਸੰਸਥਾਵਾਂ ਹਨ। ਧਾਰਮਕ ਸੰਸਥਾਵਾਂ ਵਿਚ ਜਿਹੜਾ ਹਰੀ ਕੀਰਤਨ, ਪੂਜਾ ਜਾਂ ਭਜਨ ਪਾਠ ਆਦਿ ਹੁੰਦਾ ਹੈ, ਉਸ ਤੋਂ ਵਿਅਕਤੀ ਦੀਆਂ ਭਾਵਨਾਵਾਂ, ਬੁਧੀ ਅਤੇ ਆਚਰਨ ਦਾ ਵਿਕਾਸ ਹੁੰਦਾ ਹੈ। ਧਾਰਮਕ ਸੰਸਥਾਵਾਂ ਵਿਅਕਤੀ ਦੀ ਅਖਲਾਕੀ ਸਿਖਿਆ ਦਾ ਬੜਾ ਸੁੰਦਰ ਸਾਧਨ ਹਨ। ਧਾਰਮਕ ਸੰਸਥਾਵਾਂ ਵਿਅਕਤੀ ਨੂੰ ਬਾਲਪਨ ਤੋਂ ਲੈ ਜੀਵਨ ਭਰ ਤਕ ਸਿਖਿਆ ਦਿੰਦੀਆਂ ਰਹਿੰਦੀਆਂ ਹਨ।