ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੧

ਜਾਤੀ ਭਾਵਨਾ ਦੀ ਥਾਂ ਵਿਚਾਰਾਂ ਦੀ ਸਾਂਝ ਸਮਾਜਕ ਸੰਗਠਣ ਦਾ ਅਧਾਰ ਬਣਦੀ ਹੈ। ਜਿਸ ਰਾਸ਼ਟਰ ਵਿਚ ਜਿੰਨੀਆਂ ਵਧੇਰੇ ਸੁਤੰਤਰ ਵਿਚਾਰਾਂ ਉਤੇ ਅਧਾਰਿਤ ਸੰਸਥਾਵਾਂ ਹੁੰਦੀਆਂ ਹਨ, ਉਹ ਉੱਨਾ ਹੀ ਉੱਨਤੀ ਕਰਨ ਵਾਲਾ ਹੁੰਦਾ ਹੈ। ਰਾਸ਼ਟਰ ਦੀ ਉੱਨਤੀ ਜਾਤਾਂ ਦੇ ਆਪਸ ਵਿਚ ਮੇਲ ਜੋਲ ਅਤੇ ਰਲਣ ਮਿਲਣ ਨਾਲ ਹੁੰਦੀ ਹੈ। ਜਾਤ ਦੀਆਂ ਬੇੜੀਆਂ ਜਿੱਨੀਆਂ ਪੱਕੀਆਂ ਹੁੰਦੀਆਂ ਹਨ ਉੱਨੀ ਹੀ ਰਾਸ਼ਟਰ ਦੇ ਪਦਾਰਥਕ ਅਤੇ ਅਧਿਆਤਮਕ ਜੀਵਨ ਵਿਚ ਉਨਤੀ ਘਟ ਹੁੰਦੀ ਹੈ। ਭਾਰਤਵਰਸ਼ ਦੇ ਵਰਤਮਾਨ ਹਿੰਦੂ ਸਮਾਜ ਵਿਚ ਹਜ਼ਾਰਾਂ ਜਾਤਾਂ ਹਨ, ਇਨ੍ਹਾਂ ਵਿਚ ਆਪਸ ਵਿਚ ਵਿਰੋਧ ਇੱਨਾ ਹੈ ਕਿ ਔਖੇ ਵੇਲੇ ਉਹ ਰਲਕੇ ਸ੍ਵੈ-ਰਖਿਆ ਦਾ ਕੰਮ ਵੀ ਨਹੀਂ ਕਰ ਸਕਦੀਆਂ। ਇਹੋ ਕਾਰਨ ਹੈ ਕਿ ਸਾਡਾ ਦੇਸ਼ ਸਦੀਆਂ ਤਕ ਗੁਲਾਮ ਰਿਹਾ। ਸਿਖਿਆ ਦੇ ਪਰਚਾਰ ਨਾਲ ਹੀ ਭਾਵਾਂ ਵਿਚ ਉਦਾਰਤਾ ਪੈਦਾ ਕੀਤੀ ਜਾ ਸਕਦੀ ਹੈ। ਇਸ ਨਾਲ ਜਾਤ ਪਾਤ ਦੀਆਂ ਬੇੜੀਆਂ ਟੁਟ ਕੇ ਸਾਡਾ ਰਾਸ਼ਟਰ ਉੱਨਤੀ ਦੀ ਰਾਹ ਤੇ ਚਲ ਸਕਦਾ ਹੈ।

ਪੱਛੜੇ ਹੋਏ ਰਾਸ਼ਟਰਾਂ ਵਿਚ ਜਾਤ ਤੋਂ ਬਿਨਾਂ ਧਾਰਮਿਕ ਵਿਸ਼ਵਾਸ਼ਾਂ ਦੀ ਸਾਂਝ ਵੀ ਸਮਾਜਿਕ ਸੰਸਥਾਵਾਂ ਦਾ ਅਧਾਰ ਹੁੰਦੀ ਹੈ। ਇਸ ਤਰ੍ਹਾਂ ਕਈ ਤਰ੍ਹਾਂ ਦੀਆਂ ਸੰਪਰਦਾਵਾਂ ਖੜੀਆਂ ਹੋ ਜਾਂਦੀਆਂ ਹਨ। ਜਿਸ ਤਰ੍ਹਾਂ ਇਕ ਜਾਤ ਦੇ ਲੋਕ ਆਪਣੇ ਆਪ ਨੂੰ ਉੱਚਾ ਅਤੇ ਦੂਜੀਆਂ ਜਾਤਾਂ ਦੇ ਲੋਕਾਂ ਨੂੰ ਨੀਵਾਂ ਸਮਝਦੇ ਹਨ ਇਸੇ ਤਰ੍ਹਾਂ ਹਰ ਫਿਰਕੇ ਦਾ ਵਿਅਕਤੀ ਆਪਣੇ ਆਪ ਨੂੰ ਉੱਚਾ ਅਤੇ ਦੂਸਰੇ ਫਿਰਕੇ ਦੇ ਵਿਅਕਤੀ ਨੂੰ ਨੀਵਾਂ ਸਮਝਦਾ ਹੈ। ਇੰਨਾ ਹੀ ਨਹੀਂ, ਦੋ ਫਿਰਕਿਆਂ ਵਿਚ ਇੰਨਾ ਵਿਰੋਧ ਤੇ ਘਿਰਨਾ ਰਹਿੰਦੀ ਹੈ ਕਿ ਉਹ ਦੂਜਿਆਂ ਦੀ ਉਨਤੀ ਨੂੰ ਰੋਕਣ ਲਈ ਆਪਣੀ ਗਿਰਾਵਿਟ ਵੀ ਕਰ ਲੈਂਦੇ ਹਨ। ਇਸ਼ ਤਰ੍ਹਾਂ ਦੀ ਹਾਲਤ ਦਾ ਕਾਰਨ ਜਨਤਾ ਵਿਚ ਸਿਖਿਆ ਦੀ ਅਨਹੋਂਦ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਜਿਨ੍ਹਾਂ ਲੋਕਾਂ ਵਿਚ ਸੁਤੰਤਰ ਵਿਚਾਰ ਕਰਨ ਦੀ ਸ਼ਕਤੀ ਨਹੀਂ ਹੁੰਦੀ ਉਹ ਲਕੀਰ ਦੇ ਫਕੀਰ ਰਹਿੰਦੇ ਹਨ।ਉਨ੍ਹਾਂ ਨੂੰ ਜੋ ਕੁਝ ਪੰਡਿਤ, ਪਾਦਰੀ, ਮੌਲਵੀ, ਮੁੱਲਾਂ ਸੁਝਾਓ ਦਿੰਦੇ ਹਨ ਉਹ ਉਸੇ ਨੂੰ ਆਪਣਾ ਕਰਤਵ ਮੰਨ ਲੈਂਦੇ ਹਨ। ਅੱਖਾਂ ਦੋ ਅੰਨ੍ਹਿਆਂ ਅਤੇ ਗੰਢ ਦੋ ਪੂਰੇ ਲੋਕਾਂ ਨੂੰ ਜਿਧਰ ਨੂੰ ਉਨ੍ਹਾਂ ਦੇ ਧਰਮ-ਪੁਜਾਰੀ ਲੈ ਜਾਂਦੇ ਹਨ ਉਹ ਉਧਰ ਹੀ ਤੁਰ ਪੈਂਦੇ ਹਨ। ਜੋ ਸਮਾਜ ਦੇ ਕਿਸੇ ਵਿਸ਼ੇਸ਼ ਵਿਅਕਤੀ ਵਿਚ ਇਨ੍ਹਾਂ ਦਾ ਵਿਰੋਧ ਕਰਨ ਦਾ ਹੌਂਸਲਾ ਹੋਇਆ ਤਾਂ ਉਹ ਸਮਾਜ ਦੇ ਹੋਰ ਅਸਿਖ਼ ਲੋਕਾਂ ਦੀ ਸਹਾਇਤਾ ਨਾਲ ਉਸ ਨੂੰ ਕੁਚਲ ਦਿੰਦੇ ਹਨ। ਸਮਾਜ ਉਤੇ ਆਪਣੀ ਪ੍ਰਭੂਤਾ ਰਖਣ ਲਈ ਧਰਮ ਪੁਜਾਰੀ ਆਮ ਕਰਕੇ ਵਖ ਵਖ ਫਿਰਕਿਆਂ ਨੂੰ ਆਪਸ ਵਿਚ ਲੜਾਉਂਦੇ ਰਹਿੰਦੇ ਹਨ। ਇਸ ਤਰ੍ਹਾਂ ਦੀਆਂ ਲੜਾਈਆਂ ਨਾਲ ਰਾਸ਼ਟਰ ਦੀ ਭੋਲੀ ਭਾਲੀ ਜਨਤਾ ਦਾ ਨੁਕਸਾਨ ਹੁੰਦਾ ਹੈ, ਪਰ ਚਲਾਕ ਲੋਕਾਂ ਦਾ ਕੰਮ ਬਣ ਜਾਂਦਾ ਹੈ। ਅਜਿਹੀ ਜਨਤਾ ਦੀ ਮਿਹਨਤ ਦਾ ਅਯੋਗ ਲਾਭ ਪੂੰਜੀਪਤੀ ਸਹਿਜੇ ਹੀ ਉਠਾ ਲੈਂਦੇ ਹਨ। ਬਿਦੇਸ਼ੀ ਲੋਕ ਵੀ ਅਜਿਹੀ "ਜਨਤਾ ਨੂੰ ਸੌਖਿਆਂ ਗੁਲਾਮ ਬਣਾ ਲੈਂਦੇ ਹਨ। ਜਿਸ ਦੇਸ਼ ਦੀ ਜਨਤਾ ਵਿਚ ਜਿੱਨਾ ਹੀ ਗੁੰਝਲਦਾਰ ਜਾਤ ਪਾਤ ਛੂਤ ਛਾਤ ਅਤੇ ਧਾਰਮਿਕ ਫਿਰਕਿਆਂ ਦਾ ਭੇਦ ਭਾਵ ਹੁੰਦਾ ਹੈ ਉੱਨੀ ਹੀ ਉਸ ਦੇਸ਼ ਦੀ ਜਨਤਾ ਦੁਖੀ ਅਤੇ ਪਰ ਅਧੀਨ ਰਹਿੰਦੀ ਹੈ। ਸਿਖਿਆ ਪਰਚਾਰ ਨਾਲ ਇਕ ਮਨੁਖ ਦੂਸਰੇ ਮਨੁਖ ਨੂੰ ਆਪਣੇ ਜਿਹਾ ਵਿਅਕਤੀ ਮੰਨਣ ਲਗ ਜਾਂਦਾ ਹੈ। ਉਹ ਦੂਸਰੇ ਵਿਅਕਤੀ ਦੀ ਸ਼ਖਸ਼ੀਅਤ ਦਾ ਉੱਨਾ ਹੀ ਆਦਰ ਕਰਨਾ ਸਿੱਖ ਲੈਂਦਾ ਹੈ ਜਿੰਨਾ ਕਿ ਦੂਸਰਿਆਂ ਕੋਲੋ ਉਹ ਆਪਣਾ ਆਦਰ ਚਾਹੁੰਦਾ ਹੈ। ਉਸਦਾ ਹਿਰਦਾ ਵਿਸ਼ਾਲ ਹੋ ਜਾਂਦਾ ਹੈ, ਉਸਨੂੰ ਸਾਰਾ ਰਾਸ਼ਟਰ ਆਪਣੇ ਪਰਵਾਰ ਜਿਹਾ ਹੀ ਪਰਤੀਤ ਹੁੰਦਾ ਹੈ। ਕਿਹਾ ਜਾਂਦਾ ਹੈ:-