ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੩

ਸਮਾਜ:- ਰੂਸ ਦੀ ਸਿਖਿਆ-ਪਰਨਾਲੀ ਦਾ ਤੀਸਰਾ ਅੰਗ ਸਮਾਜ ਹੈ। ਬਚਿਆਂ ਨੂੰ ਸਮਾਜ ਦੇ ਵਖ ਵਖ ਅੰਗਾਂ ਨਾਲ ਜਾਣੂ ਕਰਾਇਆ ਜਾਂਦਾ ਹੈ। ਸਮਾਜ ਤੇ ਰੀਤੀ ਰਿਵਾਜ ਅਤੇ ਉਸ ਦੀ ਪਰੰਪਰਾ ਦਾ ਅਧਿਅਨ ਬੱਚ ਕਰਦੇ ਹਨ ਉਸ ਵਿਚ ਚੰਗੇ ਬੁਰੇ ਨਾਲ ਵੀ ਉਹ ਜਾਣਕਾਰੀ ਕਰਦੇ ਹਨ। ਇਹ ਜਾਣਕਾਰੀ ਕਿਤਾਬੀ ਜਾਣਕਾਰੀ ਨਹੀਂ ਹੁੰਦੀ। ਰੂਸ ਆਪਣੇ ਕਿਸੇ ਵੀ ਬੱਚੇ ਨੂੰ ਪੋਥੀ-ਪੰਡਿਤ ਨਹੀਂ ਬਨਾਉਣਾ ਚਾਹੁੰਦਾ। ਰੂਸ ਉਹ ਗਿਆਨ ਹੀ ਬਕਿਆਂ ਨੂੰ ਦੇਣਾਂ ਚਾਹੁੰਦਾ ਹੈ ਜਿਹੜਾ ਅਮਲੀ ਹੋਵੇ। ਬੱਚੇ ਆਪ ਸਮਾਜ ਵਿਚ ਜਾਕੇ ਉਸ ਦੀਆਂ ਰਸਮਾਂ ਰਿਵਾਜਾਂ ਦੀ ਖੋਜ ਕਰਦੇ ਹਨ। ਉਹ ਕਿਨੀਆਂ ਪੁਰਾਣੀਆਂ ਹਨ ਅਤੇ ਉਨ੍ਹਾਂ ਦਾ ਕਾਰਨ ਕੀ ਹੈ ਅਤੇ ਉਨ੍ਹਾਂ ਦਾ ਮਨੋਵਿਗਿਆਨਿਕ ਕਾਰਨ ਕੀ ਹੈ, ਉਨ੍ਹਾਂ ਦਾ ਸਮਾਜ ਉਤੇ ਚੰਗਾ ਮੰਦਾ ਕੀ ਅਸਰ ਪੈਂਦਾ ਹੈ। ਇਨ੍ਹਾਂ ਸਾਰੀਆਂ ਗੱਲਾਂ ਦੀ ਖੋਜ ਕਰਦੇ ਤੇ ਉਨ੍ਹਾਂ ਨੂੰ ਜਾਨਣ ਦੀ ਇੱਛਾ ਕਰਦੇ ਹਨ। ਉਨ੍ਹਾਂ ਦੇ ਵਿਚਾਰ ਉਨ੍ਹਾਂ ਦੇ ਨਿੱਜੀ ਤਜਰਬੇ ਦੇ ਅਧਾਰ ਦੇ ਬਣੇ ਹੁੰਦੇ ਹਨ। ਨਾ ਉਹ ਦੂਜਿਆਂ ਦੀਆਂ ਕਹੀਆਂ ਗੱਲਾਂ ਨੂੰ ਅੰਧ-ਵਿਸ਼ਵਾਸ ਵਾਂਗ ਮੰਨ ਲੈਂਦੇ ਹਨ ਅਤੇ ਨਾ ਕਲਪਣਾ ਦੇ ਘੋੜੇ ਦੌੜਾਉਂਦੇ ਹਨ।

ਮਨੋ-ਵਿਗਿਆਨ ਦਾ ਅਟੱਲ ਸਿਧਾਂਤ ਹੈ ਕਿ ਅਸੀਂ ਜਿਸ ਵਿਸ਼ੇ ਵਿਚ ਜਾਣਕਾਰੀ ਰਖਦੇ ਹਾਂ, ਉਸ ਵਿਚ ਸਾਡੀ ਰੁਚੀ ਹੋ ਜਾਂਦੀ ਹੈ। ਸਮਾਜ ਦੀ ਜਾਣਕਾਰੀ ਕਰਨ ਨਾਲ, ਉਨ੍ਹਾਂ ਦਾ ਦੁਖ ਸੁਖ ਜਾਨਣ ਨਾਲ ਬਚਿਆਂ ਵਿਚ ਸਮਾਜ-ਸੇਵਾ ਦੀ ਰੁਚੀ ਪੈਦਾ ਹੋ ਜਾਂਦੀ ਹੈ। ਇਸ ਲਈ ਉਹ ਸਮਾਜ ਦੇ ਹਿਤ ਲਈ ਆਪਣੇ ਹਿਤ ਨੂੰ ਕੁਰਬਾਨ ਕਰਨ ਲਈ ਸਦਾ ਤਿਆਰ ਰਹਿੰਦੇ ਹਨ।

ਸਮਾਜਵਾਦ ਦੇ ਨਿਸ਼ਾਨੇ ਦੀ ਅਲੋਚਨਾ:-ਸਮਾਜ ਕਲਿਆਨ ਦਾ ਨਿਸ਼ਾਨਾ ਇਕ ਤਰ੍ਹਾਂ ਬੜਾ ਪਰਸੰਸਾ ਯੋਗ ਹੈ। ਇਸ ਨਿਸ਼ਾਨੇ ਦੇ ਕਾਰਨ ਮਨੁਖ ਆਪਣਾ ਸਵਾਰਥ ਛਡ ਦਿੰਦਾ ਹੈ। ਸਮਾਜ ਦੇ ਅਨੇਕ ਝਗੜਿਆਂ ਦਾ ਮੂਲ ਇਹ ਨਿੱਜੀ ਸਵਾਰਥ ਹੀ ਹੈ। ਹਰ ਮਨੁਖ ਸਦਾ ਆਪਣੀ ਚਿੰਤਾ ਵਿਚ ਹੀ ਰਹਿੰਦਾ ਹੈ। ਉਹ ਜੇ ਆਪਣੀ ਚਿੰਤਾ ਛਡ ਕੇ ਦੂਜਿਆਂ ਦੇ ਹਿਤ ਦੀ ਚਿੰਤਾ ਕਰੇ ਅਤੇ ਆਪਣੇ ਜੀਵਨ ਨੂੰ ਦੁਖੀਆਂ ਦੀ ਸੇਵਾ ਵਿਚ ਲਾਵੇ ਤਾਂ ਉਹ ਆਪਣਾ ਜੀਵਨ ਪਵਿੱਤਰ ਹੀ ਨਹੀਂ ਸਗੋਂ ਇਸ ਧਰਤੀ ਨੂੰ ਸੁਰਗ ਬਣਾ ਦੇਵੇ।

ਪਰ ਪ੍ਰਸ਼ਨ ਇਹ ਉਠਦਾ ਹੈ ਕਿ ਇਹ ਫੈਸਲਾ ਕੌਣ ਕਰੇਗਾ ਕਿ ਕਿਹੜੀ ਗਲ ਵਿਚ ਸਮਾਜ ਦਾ ਹਿਤ ਹੈ। ਸਮਾਜ ਅਨੇਕ ਰਾਸ਼ਟਰਾਂ ਵਿਚ ਵੰਡਿਆ ਰਹਿੰਦਾ ਹੈ। ਸੰਸਾਰ ਭਰ ਦਾ ਇਕ ਰਾਸ਼ਟਰ ਬਣ ਜਾਣਾ ਇਕ ਅਸੰਭਵ ਗਲ ਹੈ। ਜਿਹੜੇ ਲੋਕ ਅੱਡ ਅੱਡ ਰਾਸ਼ਟਰਾਂ ਦੇ ਅਧਿਕਾਰੀ ਹੁੰਦੇ ਹਨ, ਉਹ ਆਪਣੀ ਈਰਖਾ, ਦੈਖ ਦੇ ਕਾਰਨ ਰਾਸ਼ਟਰਾਂ ਦਾ ਆਪਸ ਵਿਚ ਝਗੜਾ ਕਰਾਈ ਰਖਦੇ ਹਨ। ਜਦ ਦੇ ਰਾਸ਼ਟਰ ਇਕ ਦੂਜੇ ਨਾਲ ਲੜਾਈ ਕਰਨ ਲਗਦੇ ਹਨ ਤਾਂ ਇਨ੍ਹਾਂ ਰਾਸ਼ਟਰਾਂ ਦੀ ਜਨਤਾ ਬੇਲੋੜਾ ਇਕ ਦੂਜੇ ਦਾ ਖੂਨ-ਖਰਾਬਾ ਕਰਨ ਲਗ ਪੈਂਦੀ ਹੈ। ਰਾਸ਼ਟਰ ਦੇ ਆਗੂ ਲੜਾਈ ਛੇੜਦੇ ਹਨ ਅਤੇ ਸਮਾਜ ਦੇ ਬਾਕੀ ਲੋਕ ਇਨ੍ਹਾਂ ਆਗੂਆਂ ਦਾ ਕਹਿਣਾ ਮੰਨਣਾ ਆਪਣਾ ਧਰਮ ਸਮਝਦੇ ਹਨ। ਵਿਅਕਤੀ ਨੂੰ ਆਪਣੀ ਰਾਏ ਪਰਗਟ ਕਰਨ ਦੀ ਸੁਤੰਤਰਤਾ ਹੀ ਨਹੀਂ ਰਹਿੰਦੀ ਸਗੋਂ ਆਪਣੀ ਇੱਛਾ ਵਿਰੁਧ ਉਸ ਨੂੰ ਉਨ੍ਹਾਂ ਲੜਾਈਆਂ ਵਿਚ ਹਿੱਸਾ ਲੈਣਾ ਪੈਂਦਾ ਹੈ ਜਿਨ੍ਹਾਂ ਦਾ ਨਿਸ਼ਾਨਾ ਮਨੁਖ ਦਾ ਕਲਿਆਣ ਕਰਨ ਦੀ ਥਾਂ ਉਸ ਦਾ ਨਾਸ ਕਰਨਾ ਹੈ। ਜਿੱਨੇ